ਕੈਪਟਨ ਅਮਰਿੰਦਰ ਸਿੰਘ ਅਗਲੇ ਹਫਤੇ ਪੰਜਾਬ ਵਿੱਚ ਉਬੇਰ ਬਾਈਕ ਟੈਕਸੀ ਸਕੀਮ ਦੀ ਸ਼ੁਰੂਆਤ ਕਰਨਗੇ

0
2196
ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ

· ਸਕੀਮ ਤਹਿਤ ਇਕ ਸਾਲ ’ਚ ਸੂਬੇ ਵਿਚ 10,000 ਨੌਕਰੀਆਂ ਅਤੇ ਪੰਜ ਸਾਲਾਂ ਵਿੱਚ 45,000 ਨੌਕਰੀਆਂ ਪੈਦਾ ਹੋਣਗੀਆਂ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਦੇ ਮਕਸਦ ਨਾਲ ਨਵੀਂ ਸਕੀਮ ਅਧੀਨ ਪਹਿਲੇ ਪੜਾਅ ਤਹਿਤ 100 ਉਬੇਰ ਬਾਈਕ ਟੈਕਸੀਆਂ ਨੂੰ ਝੰਡੀ ਦਿਖਾਉਣਗੇ।

ਉਬੇਰ ਕੰਪਨੀ ਦੀ ਦੱਖਣੀ ਏਸ਼ੀਆ ਦੀ ਜਨਤਕ ਨੀਤੀ ਦੀ ਡਾਇਰੈਕਟਰ ਸ਼ਵੇਤਾ ਰਾਜਪਾਲ ਕੋਹਲੀ ਨੇ ਅੱਜ ਇੱਥੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਇਸ ਸਕੀਮ ਨੂੰ ਸ਼ੁਰੂ ਕਰਨ ਬਾਰੇ ਅੰਤਿਮ ਛੋਹਾਂ ਦਿੱਤੀਆਂ। ਇਸ ਨਾਲ ਅਗਲੇ ਇਕ ਸਾਲ ਵਿੱਚ ਪੰਜਾਬ ’ਚ ਰੁਜ਼ਗਾਰ ਦੇ 10,000 ਹੋਰ ਮੌਕੇ ਪੈਦਾ ਹੋਣਗੇ। ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਤੋਂ ਬਾਅਦ ਕੋਹਲੀ ਨੇ ਦੱਸਿਆ ਕਿ ਅਗਲੇ ਪੰਜ ਸਾਲਾਂ ਵਿਚ ਇਸ ਸਕੀਮ ਅਧੀਨ 45,000 ਨੌਕਰੀਆਂ ਦੇ ਮੌਕੇ ਪੈਦਾ ਕੀਤੇ ਜਾਣਗੇ।

ਕੈਪਟਨ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ ਨੇ ਮਈ ਮਹੀਨੇ ਵਿੱਚ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਮੁਤਾਬਕ ਸਰਕਾਰ ਦੇ ‘ਆਪਣੀ ਗੱਡੀ ਆਪਣਾ ਰੋਜ਼ਗਾਰ’ ਤਹਿਤ ਸੂਬੇ ਵਿੱਚ ਬਾਈਕ ਟੈਕਸੀ ਸ਼ੁਰੂ ਦੀ ਪ੍ਰਵਾਨਗੀ ਦਿੱਤੀ ਸੀ।

ਉਬੇਰ ਕੰਪਨੀ ਦੇ ਨੁਮਾਇੰਦੇ ਨਾਲ ਅੱਜ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੰਪਨੀ ਵੱਲੋਂ ਪੰਜਾਬ ਵਿੱਚ 7-ਸੀਟਾਂ ਵਾਲੀਆਂ ਵੈਨਾਂ ਚਲਾਉਣ ’ਤੇ ਵੀ ਵਿਚਾਰ ਕੀਤੀ ਜਾ ਰਹੀ ਹੈ।

ਕੋਹਲੀ ਨੇ ਦੱਸਿਆ ਕਿ ਉਬੇਰ ਕੰਪਨੀ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਵਿੱਚ ਹੈ ਅਤੇ 10,000 ਨੌਕਰੀਆਂ ਪਹਿਲਾਂ ਹੀ ਸਿਰਜ ਚੁੱਕੀ ਹੈ। ਉਨਾਂ ਕਿਹਾ ਕਿ ਬਾਈਕ ਸਾਂਝਾ ਕਰਨ ਵਾਲੇ ਨਵੇਂ ਉਤਪਾਦ-ਉਬੇਰ ਮੋਟਰ ਦਾ ਮਕਸਦ ਲੋਕਾਂ ਨੂੰ ਵਾਜਬ ਦਰਾਂ ’ਤੇ ਆਉਣ-ਜਾਣ ਦੇ ਮੌਕੇ ਮੁਹੱਈਆ ਕਰਵਾਉਣਾ ਹੈ ਅਤੇ ਹੇਠਲੇ ਪੱਧਰ ’ਤੇ ਉੱਦਮੀਆਂ ਨੂੰ ਮੌਕੇ ਪ੍ਰਦਾਨ ਕਰਨਾ ਹੈ।

ਕੈਪਟਨ ਅਮਰਿੰਦਰ ਸਿੰਘ

ਕੋਹਲੀ ਨੇ 24 ਜੁਲਾਈ ਨੂੰ ਮੁਹਾਲੀ ਵਿਖੇ ਉਬੇਰ ਬਾਈਕ ਨੂੰ ਲਾਂਚ ਕਰਨ ਲਈ ਸਹਿਮਤੀ ਭਰਨ ’ਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

ਰੁਜ਼ਗਾਰ ਸਿਰਜਣ ਜੋ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਮੁੱਖ ਵਚਨਬੱਧਤਾ ਹੈ, ਤੋਂ ਇਲਾਵਾ ਇਹ ਉਪਰਾਲਾ ਨੌਜਵਾਨਾਂ ਨੂੰ ਉੱਦਮੀ ਬਣਨ ਲਈ ਉਤਸ਼ਾਹਤ ਕਰੇਗਾ ਅਤੇ ਨਿਰੰਤਰ ਤੌਰ ’ਤੇ ਚਾਰ ਪਹੀਆ ਵਾਹਨ ਨਾ ਪਹੁੰਚ ਸਕਣ ਵਾਲੇ ਇਲਾਕਿਆਂ ਵਿਚ ਮੁਸਾਫਰਾਂ ਨੂੰ ਆਪਣੀ ਮੰਜ਼ਲ ਨਾਲ ਜੋੜਣ ਲਈ ਵੀ ਸਹਾਈ ਹੋਵੇਗਾ।

ਇਸ ਨੀਤੀ ਤਹਿਤ ਜਿਸ ਨੂੰ ਟਰਾਂਸਪੋਰਟ ਵਿਭਾਗ ਵੱਲੋਂ ਮੌਜੂਦਾ ਸਮੇਂ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ, ਮੌਜੂਦਾ ਅਤੇ ਨਵੇਂ ਮੋਟਰ ਸਾਇਕਲਾਂ ਮਾਲਕਾਂ ਨੂੰ ਦੋ ਪਹੀਆ ਵਾਹਨ ਟੈਕਸੀ ਵਜੋਂ ਚਲਾਉਣ ਲਈ ਵਪਾਰਕ ਪਰਮਿਟ ਤੇ ਲਾਇਸੈਂਸ ਦਿੱਤੇ ਜਾਣਗੇ। ਬੁਲਾਰੇ ਨੇ ਦੱਸਿਆ ਕਿ ਇਸ ਸਕੀਮ ਤਹਿਤ ਨਿਵੇਸ਼ ਦੀ ਨਿਗੁਣੀ ਲੋੜ ਹੋਵੇਗੀ ਜਿਸ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਵੱਡੇ ਮੌਕੇ ਹਾਸਲ ਹੋਣਗੇ।

ਇਸ ਸਕੀਮ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੋਵੇਗੀ ਕਿ ਸੜਕਾਂ ਤੋਂ ਟਰੈਫਿਕ ਦਾ ਦਬਾਅ ਘਟਣ ਤੋਂ ਇਲਾਵਾ ਪ੍ਰਦੂਸ਼ਨ ਵੀ ਕਾਬੂ ਵਿਚ ਆਵੇਗਾ। ਇਹ ਸਕੀਮ ਰਾਜਸਥਾਨ, ਗੁਜਰਾਤ, ਕਰਨਾਟਕਾ, ਪੱਛਮੀ ਬੰਗਾਲ ਅਤੇ ਹਰਿਆਣਾ ਵਿਚ ਪਹਿਲਾਂ ਹੀ ਸਫਲਤਾਪੂਰਵਕ ਚੱਲ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਦੇ ਚੋਣ ਮਨੋਰਥ ਪੱਤਰ ਮੁਤਾਬਕ ‘ਆਪਣੀ ਗੱਡੀ ਆਪਣਾ ਰੋਜ਼ਗਾਰ’ ਸਕੀਮ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰ ਦੀ ਗਾਰੰਟੀ ਨਾਲ ਹਰੇਕ ਸਾਲ ਸਬਸਿਡੀ ਦੀ ਦਰ ’ਤੇ ਇਕ ਲੱਖ ਟੈਕਸੀ, ਵਪਾਰਕ ਵਾਹਨ ਅਤੇ ਹੋਰ ਵਾਹਨ ਦਿੱਤੇ ਜਾਣਗੇ। ਸਰਕਾਰ ਵੱਲੋਂ ਓਲਾ ਤੇ ਉਬੇਰ ਵਰਗੇ ਵੱਡੇ ਟੈਕਸੀ ਓਪਰੇਟਰਾਂ ਤੱਕ ਪਹੁੰਚ ਕਰਕੇ ਇਸ ਸਕੀਮ ਦੀ ਸਫਲਤਾ ਨੂੰ ਯਕੀਨੀ ਬਣਾਇਆ ਜਾਵੇਗਾ ਜਿਸ ਤਹਿਤ ਨੌਜਵਾਨ ਅਗਲੇ ਪੰਜ ਸਾਲ ਕਰਜ਼ੇ ਦੀ ਅਦਾਇਗੀ ਕਰ ਸਕਣਗੇ।

ਨੌਜਵਾਨਾ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਸਮੇਤ ਉੱਦਮੀ ਬਣਨ ਲਈ ਉਤਸ਼ਾਹਤ ਕਰਨ ਵਾਸਤੇ ਸਰਕਾਰ ਵੱਲੋਂ ਉਲੀਕੀਆਂ ਸਕੀਮਾਂ ਵਿੱਚੋਂ ਇਹ ਸਿਰਫ ਇਕ ਸਕੀਮ ਹੈ। ਸਰਕਾਰ ਵੱਲੋਂ ਕੁੱਝ ਹੋਰ ਸਕੀਮਾਂ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ ਜਿਨਾਂ ਵਿਚ ਯਾਰੀ ਐਂਟਰਪ੍ਰਾਈਜ਼ਿਜ਼ ਅਤੇ ਹਰਾ ਟਰੈਕਟਰ ਸ਼ਾਮਲ ਹੈ।

ਹਰਾ ਟਰੈਕਟਰ ਸਕੀਮ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਸਬਸਿਡੀ ਵਰਗੀਆਂ ਦਰਾਂ ’ਤੇ ਘੱਟੋ-ਘੱਟ 25,000 ਟਰੈਕਟਰ ਅਤੇ ਹੋਰ ਖੇਤੀ ਸੰਦ ਦਿੱਤੇ ਜਾਣਗੇ ਤਾਂ ਕਿ ਉਹ ਆਪਣੇ ਪੱਧਰ ’ਤੇ ਖੇਤੀ ਸੇਵਾਵਾਂ ਸ਼ੁਰੂ ਕਰ ਸਕਣ। ਆਪਣੀ ਗੱਡੀ ਸਕੀਮ ਵਾਂਗ ਇਸ ਵਿਚ ਵੀ ਸਰਕਾਰ ਵੱਲੋਂ ਗਾਰੰਟੀ ਦਿੱਤੀ ਜਾਵੇਗੀ ਅਤੇ ਜ਼ਮਾਨਤ ਦੀ ਕੋਈ ਲੋੜ ਨਹੀਂ ਹੋਵੇਗੀ। ਪੰਜ ਸਾਲਾਂ ਵਿਚ ਕਰਜ਼ੇ ਦੀ ਅਦਾਇਗੀ ਕਰਨੀ ਹੋਵੇਗੀ।

ਯਾਰੀ ਐਂਟਰਪ੍ਰਾਈਜ਼ਿਜ਼ ਦਾ ਮਕਸਦ ਛੋਟੇ ਉੱਦਮੀਆਂ ਨੂੰ ਵੱਧ ਤੋਂ ਵੱਧ ਪੰਜ ਲੱਖ ਰੁਪਏ ਦੇ ਨਿਵੇਸ਼ ’ਤੇ 30 ਫੀਸਦੀ ਸਬਸਿਡੀ ਰਾਹੀਂ ਦੋ ਜਾਂ ਵੱਧ ਉਦਯੋਗਿਕ ਕਾਰੋਬਾਰ ਸ਼ੁਰੂ ਕਰਨ ਪ੍ਰਤੀ ਉਤਸ਼ਾਹਤ ਕਰਨਾ ਹੈ। ਇਸ ਸਕੀਮ ਤਹਿਤ ਸਾਲ 2017 ਤੋਂ 2022 ਤੱਕ ਹਰੇਕ ਸਾਲ ਅਜਿਹੇ ਇਕ ਲੱਖ ਉਦਯੋਗ ਦੀ ਸਥਾਪਨਾ ਕਰਨੀ ਹੈ।

—PTC News