ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਮਰਨਾਥ ਯਾਤਰਾ ’ਤੇ ਹੋਇਆ ਹਮਲਾ ਕਾਇਰਤਾ ਵਾਲਾ ਸ਼ਰਮਨਾਕ ਕਾਰਾ ਕਰਾਰ

0
1280
ਅਮਰਨਾਥ ਯਾਤਰਾ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਰਨਾਥ ਯਾਤਰਾ ਦੇ ਧਾਰਮਿਕ ਯਾਤਰੀਆਂ ’ਤੇ ਅੱਤਵਾਦੀਆਂ ਵੱਲੋਂ ਕੀਤੇ ਗਏ ਘਿਨਾਉਣੇ ਹਮਲੇ ਦੀ ਤਿੱਖੀ ਆਲੋਚਨਾ ਕਰਦੇ ਹੋਏ ਇਸ ਨੂੰ ਦੇਸ਼ ਵਿਚ ਫਿਰਕੂ ਤਨਾਅ ਪੈਦਾ ਕਰਕੇ ਹਿੰਸਾ ਨੂੰ ਵਧਾਉਣ ਲਈ ਲੱਗੀਆਂ ਸ਼ਕਤੀਆਂ ਦਾ ਕਾਇਰਤਾ ਵਾਲਾ ਸ਼ਰਮਨਾਕ ਕਾਰਾ ਕਰਾਰ ਦਿੱਤਾ ਹੈ।

ਮੁੱਖ ਮੰਤਰੀ ਨੇ ਸਪਸ਼ਟ ਕਿਹਾ ਕਿ ਦੇਸ਼ ਨੂੰ ਅਸਥਿਰ ਕਰਨ ਵਾਲੇ ਤੱਤਾਂ ਵਿਰੁੱਧ ਭਾਰਤ ਦੇ ਲੋਕ ਪੂਰੀ ਤਰਾਂ ਇਕਜੁਟ ਹਨ ਅਤੇ ‘‘ਅਸੀਂ ਪੰਜਾਬ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਕਿਸੇ ਨੂੰ ਵੀ ਮਾਹੌਲ ਨੂੰ ਵਿਗਾੜਨ ਅਤੇ ਫਿਰਕੂ ਬਣਾਉਣ ਦੀ ਆਗਿਆ ਨਹੀਂ ਦੇਵਾਂਗੇ’’।

ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਰਾਤ ਨੂੰ ਕੀਤੇ ਗਏ ਆਪਣੇ ਟਵੀਟ ਵਿਚ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦੇ ਹੋਏ ਅਨੰਤਨਾਗ ਵਿਖੇ ਅਮਰਨਾਥ ਦੇ ਧਾਰਮਿਕ ਯਾਤਰੀਆਂ ਦੀ ਹੋਈ ਘਿਨਾਉਣੀ ਹੱਤਿਆ ਦੀ ਤਿੱਖੀ ਆਲੋਚਨਾ ਕੀਤੀ।

ਉਨਾਂ ਨੇ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿਚ ਇਸ ਅੱਤਵਾਦੀ ਹਮਲੇ ਦੀ ਮੁੜ ਆਲੋਚਨਾ ਕਰਦੇ ਹੋਏ ਜਖ਼ਮੀਆਂ ਨੂੰ ਆਪਣੀ ਸਰਕਾਰ ਵੱਲੋਂ ਹਰ ਮਦਦ ਦੇਣ ਦੀ ਪੇਸ਼ਕਸ਼ ਕੀਤੀ।

ਦੇਸ਼ ਦੀਆਂ ਸਦਭਾਵਪੂਰਨ ਤੰਦਾਂ ਉੱਤੇ ਇਸ ਤਰਾਂ ਦੇ ਹਮਲਿਆਂ ਦਾ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਾਂਝੇ ਤੌਰ ’ਤੇ ਟਾਕਰਾ ਕਰਨ ਦਾ ਸੱਦਾ ਦਿੰਦੇ ਹੋਏ ਉਨਾਂ ਨੇ ਵਿਸ਼ਵਾਸ਼ ਪ੍ਰਗਟ ਕੀਤਾ ਕਿ ਇਕੱਠੇ ਹੋ ਕੇ ਕੰਮ ਕਰਨ ਨਾਲ ਦੇਸ਼ ਦੀ ਸਥਿਰਤਾ ਨੂੰ ਢਾਹ ਲਾਉਣ ਵਾਲੀਆਂ ਸ਼ਕਤੀਆਂ ਦੇ ਨਾਪਾਕ ਇਰਾਦਿਆਂ ਨਾਲ ਨਿਪਟਿਆ ਜਾ ਸਕਦਾ ਹੈ। ਉਨਾਂ ਨੇ ਸਰਹੱਦੀ ਸੂਬਿਆਂ ਵਿਚ ਖਾਸ ਤੌਰ ’ਤੇ ਕੇਂਦਰ ਅਤੇ ਸੂਬਿਆਂ ਵਿਚ ਇਕਜੁਟ ਕਾਰਵਾਈਆਂ ’ਤੇ ਜ਼ੋਰ ਦਿੱਤਾ।

—PTC News