ਮੁੱਖ ਮੰਤਰੀ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਮਾਂਬੱਧ ਸੰਗਠਿਤ ਖੇਤੀ-ਬਾਗਬਾਨੀ-ਜੰਗਲਾਤ ਪੋ੍ਰਗਰਾਮ ਨੂੰ ਸਹਿਮਤੀ 

0
318
ਮੁੱਖ ਮੰਤਰੀ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਫਸਲੀ ਵਿਭਿੰਨਤਾ ਨੂੰ ਬੜਾਵਾ ਦੇਣ ਅਤੇ ਬਾਗਬਾਨੀ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਸੰਗਠਤ ਬਾਗਬਾਨੀ-ਜੰਗਲਾਤ ਮਾਡਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਹੇਠ ਸੰਗਤਰੇ ਦੇ ਨਾਲ-ਨਾਲ ਤੇਜ਼ੀ ਨਾਲ ਵੱਧਣ ਵਾਲੇ ਸਫੈਦੇ ਤੇ ਪੋਪਲਰ ਦੀ ਖੇਤੀ ਹੋਵੇਗੀ।

ਅੱਜ ਪੰਜਾਬ ਭਵਨ ਵਿਖੇ ਬਾਗਬਾਨੀ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਬਾਗਬਾਨੀ ਦੇ ਵਧੀਕ ਮੁੱਖ ਸਕੱਤਰ ਹਿੰਮਤ ਸਿੰਘ ਨੂੰ ਇਸ ਸਬੰਧ ਵਿਚ ਰਸਮੀ ਪ੍ਰਸਤਾਵ ਲਿਆਉਣ ਲਈ ਆਖਿਆ ਹੈ ਜਿਸ ਨੂੰ ਉਸ ਦੀ ਅਸਲ ਭਾਵਨਾ ਅਨੁਸਾਰ ਲਾਗੂ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਬਾਗਬਾਨੀ ਦੇ ਵਧੀਕ ਮੁੱਖ ਸਕੱਤਰ ਨੂੰ ਸਮਾਂਬੱਧ ਪ੍ਰੋਗਰਾਮ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਅੰਤਰ-ਫਸਲੀ ਅਧਾਰ ਉੱਤੇ ਪੌਦਿਆਂ ਦੀ ਲਵਾਈ ਦੀ ਸਮੁੱਚੀ ਰੂਪ ਰੇਖਾ ਬਣਾਈ ਜਾ ਸਕੇ ਅਤੇ ਬਾਗਬਾਨੀ ਨੂੰ ਸਹੀ ਮਾਇਨਿਆਂ ਵਿਚ ਵੱਡੀ ਪੱਧਰ ’ਤੇ ਬੜਾਵਾ ਦਿੱਤੇ ਜਾਣ ਦੇ ਨਾਲ ਇਸ ਨੂੰ ਲਾਗੂ ਕੀਤਾ ਜਾ ਸਕੇ।

ਬਾਗਬਾਨੀ ਦੇ ਵਧੀਕ ਮੁੱਖ ਸਕੱਤਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪ੍ਰਸਤਾਵਤ ਸੰਗਠਤ ਪ੍ਰੋਗਰਾਮ ਕੇਵਲ ਫਸਲੀ ਵਿਭਿੰਨਤਾ ਦੇ ਉਦੇਸ਼ ਦੀ ਤਰਜ਼ ਉੱਤੇ ਨਹੀਂ ਹੈ ਸਗੋਂ ਇਸ ਦਾ ਵਾਤਾਵਰਣ ਦੇ ਸਬੰਧ ਵਿਚ ਵੀ ਵੱਡਾ ਲਾਭ ਹੋਵੇਗਾ ਅਤੇ ਇਸ ਨਾਲ ਪ੍ਰਦੂਸ਼ਣ ਅਤੇ ਮੌਸਮ ਦੀ ਤਬਦੀਲੀ ਨਾਲ ਨਿਪਟਣ ਤੋਂ ਇਲਾਵਾ ਪਾਣੀ ਵਰਗੇ ਵੱਡਮੁੱਲੇ ਸਰੋਤ ਨੂੰ ਵੀ ਬਚਾਇਆ ਜਾ ਸਕੇਗਾ। ਸੰਗਤਰੇ ਦੀ ਘਰੇਲੂ ਖਪਤ ਅਤੇ ਬਰਾਮਦ ਦੇ ਨਾਲ ਕਿਸਾਨਾਂ ਦੀ ਆਮਦਨ ਵੀ ਵਧਾਈ ਜਾ ਸਕੇਗੀ।

ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਇਹ ਮਾਡਲ ਕੰਢੀ ਖੇਤਰ ਅਤੇ ਸੂਬੇ ਦੇ ਹੋਰਨਾਂ ਹਿੱਸਿਆਂ ਵਿਚ ਲਾਗੂ ਕਰਨ ਲਈ ਵਿਕਸਤ ਕੀਤਾ ਗਿਆ ਹੈ। ਵਿਭਾਗ ਨੇ ਇਹ ਵੀ ਦੱਸਿਆ ਕਿ ਪੈਕੇਜ ਵਿਧੀਆਂ ਨੂੰ ਵਿਕਸਤ ਕਰ ਲਿਆ ਗਿਆ ਹੈ ਅਤੇ ਖੇਤੀ-ਜੰਗਲਾਤ ਅਤੇ ਸੰਗਤਰੇ ਦੋਵਾਂ ਦੀਆਂ ਨਸਲਾਂ ਨੂੰ ਪ੍ਰਮਾਣਿਤ ਕਰ ਲਿਆ ਗਿਆ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪ੍ਰਸਤਾਵਿਤ ਸਕੀਮ ਹੇਠ ਸਾਲ 2017-18 ਦੌਰਾਨ 160 ਹੈਕਟੇਅਰ ਰਕਬੇ ਵਿਚ ਸੰਗਤਰੇ ਦੀ ਫਸਲ ਅਤੇ 6000 ਹੈਕਟੇਅਰ ਰਕਬੇ ਵਿਚ ਖੇਤੀ-ਜੰਗਲਾਤ ਲਾਇਆ ਜਾਵੇਗਾ। ਇਸ ਮਕਸਦ ਲਈ ਸਫੈਦੇ ਅਤੇ ਪੋਪਲਰ ਦੇ 50 ਲੱਖ ਪੌਦੇ ਕਿਸਾਨਾਂ ਨੂੰ ਜੰਗਲਾਤ ਵਿਭਾਗ ਦੁਆਰਾ ਇਕ ਪਾਇਲਟ ਪ੍ਰਾਜੈਕਟ ਦੇ ਹੇਠ ਸਪਲਾਈ ਕੀਤੇ ਜਾਣਗੇ ਅਤੇ ਜੇਕਰ ਇਹ ਸਕੀਮ ਸਫਲ ਰਹੀ ਤਾਂ ਇਹ ਵਧਾਈ ਜਾਵੇਗੀ। ਆਰ.ਕੇ.ਵੀ.ਵਾਈ ਦੇ ਹੇਠ ਸੰਗਤਰੇ ਦੇ ਪੌਦੇ ਦੀ ਸਪਲਾਈ ਮੁਫਤ ਕੀਤੀ ਜਾਵੇਗੀ ਅਤੇ ਇਸ ਸਕੀਮ ਹੇਠ ਸੰਗਤਰੇ ਦੀ ਕਾਸ਼ਤ ਲਈ ਤੁਪਕਾ ਸਿੰਚਾਈ ਮੁਹੱਈਆ ਕਰਵਾਈ ਜਾਵੇਗੀ।

ਬੁਲਾਰੇ ਅਨੁਸਾਰ ਸਫੈਦੇ ਦੇ ਮਾਡਲ ਹੇਠ ਚਾਰ ਸਾਲ ਤੱਕ ਕੋਈ ਵੀ ਆਮਦਨ ਨਾ ਹੋਣ ਅਤੇ ਪੋਪਲਰ ਮਾਡਲ ਦੇ ਹੇਠ ਛੇ ਸਾਲ ਤੱਕ ਅੰਤਰ-ਫਸਲ ਤੋਂ ਆਮਦਨ ਬਹੁਤ ਘੱਟ ਹੋਣ ਦੇ ਕਾਰਨ ਸਰਕਾਰ ਨਬਾਰਡ ਦੀ ਪ੍ਰਵਾਨਿਤ ਸਕੀਮ ਹੇਠ ਪੰਜਾਬ ਨੈਸ਼ਨਲ ਬੈਂਕ ਨਾਲ ਵਿਚਾਰ ਵਟਾਂਦਰਾ ਕਰਕੇ ਤੁਪਕਾ ਸਿੰਚਾਈ ਲਈ ਵਿਸ਼ੇਸ਼ ਰਿਆਇਤਾਂ ਮੁਹੱਈਆ ਕਰਵਾਏਗੀ। ਤੁਪਕਾ ਸਿੰਚਾਈ ਉੱਤੇ ਕੇਂਦਰ ਦੀ 45 ਫੀਸਦੀ ਸਬਸਿਡੀ ਸਣੇ ਇਸ ਨੂੰ 35 ਫੀਸਦੀ ਤੋਂ ਵਧਾ ਕੇ 55 ਫੀਸਦੀ ਕਰਨ ਦੇ ਲਈ ਸਰਕਾਰੀ ਹਿੱਸੇ ਵਿਚ ਵਾਧਾ ਕਰਨ ਦੇ ਪ੍ਰਸਤਾਵ ਬਾਰੇ ਵੀ ਵਿਚਾਰ ਕੀਤਾ ਗਿਆ।

ਅਗਲੇ ਪੰਜ ਸਾਲਾਂ ਤੱਕ ਸੂਬੇ ਭਰ ਵਿਚ 5000 ਹੈਕਟੇਅਰ ਰਕਬੇ ਉੱਤੇ ਸੰਗਤਰੇ ਦੀ ਖੇਤੀ ਕਰਨ ਬਾਰੇ ਸਾਲ ਦਰ ਸਾਲ ਦੀ ਜਾਣਕਾਰੀ ਦਿੰਦੇ ਹੋਏ ਬਾਗਬਾਨੀ ਦੇ ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਸਾਲ 2017-18 ਦੌਰਾਨ 15 ਹਜ਼ਾਰ ਪੌਦੇ, ਸਾਲ 2018-19 ਦੌਰਾਨ 80 ਹਜ਼ਾਰ ਪੌਦੇ, 2019-2020 ਦੌਰਾਨ ਦੋ ਲੱਖ ਪੌਦੇ, 2020-21 ਦੌਰਾਨ ਚਾਰ ਲੱਖ ਪੌਦੇ ਅਤੇ 2021-22 ਦੌਰਾਨ ਸੱਤ ਲੱਖ ਪੌਦੇ ਲਾਏ ਜਾਣਗੇ।

ਮੀਟਿੰਗ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਡਾਇਰੈਕਟਰ ਬਾਗਬਾਨੀ ਪੁਸ਼ਪਿੰਦਰ ਸਿੰਘ ਹਾਜ਼ਰ ਸਨ।

—PTC News