ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖ-ਵੱਖ ਧਾਰਮਿਕ ਸੰਸਥਾਵਾਂ ਵਿਚ ਵਰਤਾਏ ਜਾਂਦੇ ਲੰਗਰ ਅਤੇ ਪ੍ਰਸ਼ਾਦ ’ਤੇ ਜੀ.ਐਸ.ਟੀ. ਤੋਂ ਛੋਟ ਦੇਣ ਦੀ ਜੇਤਲੀ ਤੋਂ ਮੰਗ

0
1012
ਲੰਗਰ ਅਤੇ ਪ੍ਰਸ਼ਾਦ ’ਤੇ ਜੀ.ਐਸ.ਟੀ.
ਲੰਗਰ ਅਤੇ ਪ੍ਰਸ਼ਾਦ ’ਤੇ ਜੀ.ਐਸ.ਟੀ.

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵਿਚ ਵਰਤਾਏ ਜਾਂਦੇ ਲੰਗਰ ਅਤੇ ਪ੍ਰਸ਼ਾਦ ’ਤੇ ਜੀ.ਐਸ.ਟੀ. ਤੋਂ ਛੋਟ ਦੇਣ ਦੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਮੰਗ ਕੀਤੀ ਹੈ।

ਮੁੱਖ ਮੰਤਰੀ ਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਸ਼ਖਸ਼ੀਅਤਾਂ ਤੇ ਸੰਸਥਾਵਾਂ ਵੱਲੋਂ ਲੰਗਰ ਅਤੇ ਪ੍ਰਸ਼ਾਦ ’ਤੇ ਜੀ.ਐਸ.ਟੀ. ਖਤਮ ਕਰਨ ਦੀ ਕੀਤੀ ਗਈ ਅਪੀਲ ਤੋਂ ਬਾਅਦ ਜੇਤਲੀ ਨੂੰ ਪੱਤਰ ਲਿਖਿਆ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨੂੰ ਯਾਦ ਦਵਾਇਆ ਕਿ ਮੁਫਤ ਲੰਗਰ ਦੀ ਸੇਵਾ ਕਰਨ ਵਾਸਤੇ ਗੁਰਦਵਾਰਿਆਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਵਸਤਾਂ ’ਤੇ ਵੈਟ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਸੀ ਪਰ ਜੀ.ਐਸ.ਟੀ. ਦੇ ਹੇਠ ਇਨਾਂ ਵਸਤਾਂ ਦੀ ਖਰੀਦ ’ਤੇ ਟੈਕਸ ਲਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਦ ਦੀ ਵਿਕਰੀ ’ਤੇ ਵੀ ਜੀ.ਐਸ.ਟੀ. ਭੁਗਤਾਨਯੋਗ ਹੈ ਜਿਸ ਕਰਕੇ ਇਹ ਮੰਦਰਾਂ, ਗੁਰਦੁਵਾਰਿਆਂ, ਮਸਜਿਦਾਂ ਅਤੇ ਚਰਚਾਂ ਸਣੇ ਸਾਰੀਆਂ ਧਾਰਮਕ ਸੰਸਥਾਵਾਂ ਵਿਚ ਲਾਗੂ ਹੁੰਦਾ ਹੈ।

ਲੰਗਰ ਅਤੇ ਪ੍ਰਸ਼ਾਦ ’ਤੇ ਜੀ.ਐਸ.ਟੀ.

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਵੱਲੋਂ ਖਰੀਦੀਆਂ ਜਾਂਦੀਆਂ ਵਸਤਾਂ ’ਤੇ ਜੀ.ਐਸ.ਟੀ. ਜਾਇਜ਼ ਨਹੀਂ ਹੈ ਕਿਉਂਕਿ ਇਨਾਂ ਸੰਸਥਾਵਾਂ ਦਾ ਆਮਦਨ ਦਾ ਕੋਈ ਵੀ ਸ੍ਰੋਤ ਨਹੀਂ ਹੈ ਅਤੇ ਇਹ ਦਾਨ ਰਾਹੀਂ ਦਿੱਤੀ ਜਾਂਦੀ ਰਾਸ਼ੀ ਨਾਲ ਚਲਾਈਆਂ ਜਾਂਦੀਆਂ ਹਨ। 

ਉਨਾਂ ਨੇ ਇਸ ਮਾਮਲੇ ਨੂੰ ਮੁੜ ਵਿਚਾਰਨ ਅਤੇ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਜੀ.ਐਸ.ਟੀ. ਤੋਂ ਛੋਟ ਦੇਣ ਲਈ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਹੈ। ਉਨਾਂ ਨੇ ਨਾ ਕੇਵਲ ਪ੍ਰਸ਼ਾਦ ਦੀ ਖਰੀਦ ਅਤੇ ਵਿਕਰੀ ’ਤੇ ਸਗੋਂ ਉਨਾਂ ਵੱਲੋਂ ਲਾਏ ਜਾਂਦੇ ਮੁਫਤ ਲੰਗਰ ਦੀ ਸੇਵਾ ਲਈ ਖਰੀਦਿਆਂ ਜਾਂਦੀਆਂ ਸਾਰੀਆਂ ਵਸਤਾਂ ’ਤੇ ਜੀ.ਐਸ.ਟੀ. ਤੋਂ ਛੋਟ ਦੇਣ  ਲਈ ਆਖਿਆ।

ਮੁੱਖ ਮੰਤਰੀ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਜੀ.ਐਸ.ਟੀ. ਤੋਂ ਛੋਟ ਦੇਣ ਦੀ ਕੀਤੀ ਜਾ ਰਹੀ ਮੰਗ ਬਿਲਕੁਲ ਜਾਇਜ਼ ਹੈ ਅਤੇ ਇਹ ਭਾਰਤ ਸਰਕਾਰ ਦਆਰਾ ਪ੍ਰਵਾਨ ਕੀਤੀ ਜਾਣੀ ਚਾਹੀਦੀ ਹੈ। 

—PTC News