ਹੁੱਕਾ ਪੀਣ ਨਾਲ ਫੈਲਦਾ ਹੈ ਖਤਰਨਾਕ ਹਵਾ ਪ੍ਰਦੂਸ਼ਣ

0
769
ਹੁੱਕਾ ਪੀਣ ਨਾਲ ਫੈਲਦਾ ਹੈ ਖਤਰਨਾਕ ਹਵਾ ਪ੍ਰਦੂਸ਼ਣ ਮਨਜਿੰਦਰ ਸਿਰਸਾ
ਹੁੱਕਾ ਪੀਣ ਨਾਲ ਫੈਲਦਾ ਹੈ ਖਤਰਨਾਕ ਹਵਾ ਪ੍ਰਦੂਸ਼ਣ ਮਨਜਿੰਦਰ ਸਿਰਸਾ

ਮਨਜਿੰਦਰ ਸਿੰਘ ਸਿਰਸਾ ਨੇ ਐਨ ਜੀ ਟੀ ਨੂੰ ਦੱਸਿਆ
ਰਾਜਧਾਨੀ ‘ਚ ਹੁੱਕਾ ਬਾਰਜ਼ ‘ਤੇ ਤੁਰੰਤ ਤੇ ਮੁਕੰਮਲ ਪਾਬੰਦੀ ਦੀ ਕੀਤੀ ਮੰਗ

ਹੁੱਕਾ ਪੀਣ ਨਾਲ ਫੈਲਦਾ ਹੈ ਖਤਰਨਾਕ ਹਵਾ ਪ੍ਰਦੂਸ਼ਣ ਮਨਜਿੰਦਰ ਸਿਰਸਾ

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੇ ਵਿਧਾਇਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ ਜੀ ਟੀ) ਕੋਲ ਹੁੱਕਾ ਪੀਣ ਨਾਲ ਵਾਤਾਵਰਣ ‘ਤੇ ਪੈਂਦੇ ਖਤਰਨਾਕ ਪ੍ਰਭਾਵ ਬਾਰੇ ਮਜ਼ਬੂਤ ਤੇ ਭਰੋਸੇਯੋਗ ਸਬੂਤ ਪੇਸ਼ ਕੀਤੇ ਤੇ ਦੱਸਿਆ ਕਿ ਇਸ ਨਾਲ ਜ਼ਹਿਰੀਲਾ ਹਵਾ ਪ੍ਰਦੂਸ਼ਣ ਫੈਲਦਾ ਹੈ ਜੋ ਵਾਤਾਵਰਣ ਤੇ ਸਿਹਤ ਦੋਵਾਂ ਲਈ ਬੇਹੱਦ ਖਤਰਨਾਕ ਹੈ।

ਹੁੱਕਾ ਪੀਣ ਨਾਲ ਵਾਤਾਵਰਣ ‘ਤੇ ਹੁੰਦੇ ਅਸਰ ਦੇ ਸਬੂਤ ਪੇਸ਼ ਕਰਨ ਲਈ ਐਨ ਜੀ ਟੀ ਵੱਲੋਂ ਰੱਖੀ ਸੁਣਵਾਈ ਦੌਰਾਨ ਉਹਨਾਂ ਨੇ ਦੱਸਿਆ ਕਿ ਹੁੱਕਾ ਪੀਣ ਦੇ ਵਾਤਾਵਰਣ ‘ਤੇ ਹੁੰਦੇ ਅਸਰ ਦਾ ਪਤਾ ਲਾਉਣ ਲਈ ਦੁਨੀਆਂ ਵਿਚ ਕਈ ਖੋਜਾਂ ਹੋਈਆਂ ਹਨ। ਉਹਨਾਂ ਦੱਸਿਆ ਕਿ ਹੁੱਕਾ ਪੀਣ ਨਾਲ ਸਿੱਧੇ ਤੌਰ ‘ਤੇ ਵਾਤਾਵਰਣ ਪ੍ਰਦੂਸ਼ਤ ਹੋ ਰਿਹਾ ਹੈ। ਸੱਤ ਹੁੱਕਾ ਬਾਰਜ਼ ਵਿਚ ਹਵਾ ਦੀ ਕਵਾਲਟੀ ਦੀ ਕੀਤੀ ਪਰਖ ਦੌਰਾਨ ਇਸ ਵਿਚ ਕਈ ਖਤਰਨਾਕ ਤੱਤ, ਕਾਰਬਨ ਮਾਨੋਆਕਸਾਈਡ ਤੇ ਨਿਕੋਟੀਨ ਆਦਿ ਪਾਏ ਗਏ।

ਉਹਨਾਂ ਦੱਸਿਆ ਕਿ ਹੁੱਕਾ ਜਿਸਨੂੰ ਵਾਟਰ ਪਾਈਪ ਸਮੋਕਿੰਗ ਕਿਹਾ ਜਾਂਦਾ ਹੈ, ਦੇ ਕਾਰਨ ਇੰਡੋਰ ਹਵਾ ਪ੍ਰਦੂਸ਼ਣ ਸਿਗਰਟਨੋਸ਼ੀ ਨਾਲੋਂ ਜ਼ਿਆਦਾ ਹੁੰਦਾ ਹੈ ਜਿਸਦੀ ਬਦੌਲਤ ਉਸ ਥਾਂ ਦੇ ਮਾਲਕ ਤੇ ਮੁਲਾਜ਼ਮ ਦੋਹਾਂ ਲਈ ਧੂੰਏਂ ਕਾਰਨ ਸਿਹਤ ਜੋਖਮ ਵਿਚ ਆ ਜਾਂਦੀ ਹੈ। ਇਸ ਤੋਂ ਇਲਾਵਾ ਹੁੱਕਾ ਗਰਮ ਕਰਨ ਲਈ ਵਰਤਿਆ ਜਾਂਦਾ ਕੋਲਾ ਕਾਰਬਨ ਮਾਨੋਆਕਸਾਈਡ, ਧਾਂਤ ਤੇ ਹੋਰ ਰਸਾਇਣ ਹਵਾ ਵਿਚ ਫੈਲਾ ਕੇ ਪ੍ਰਦੂਸ਼ਣ ਫੈਲਾਉਂਦਾ ਹੈ। ਜੌਨਜ਼ ਹੋਪਕਿਨਜ਼ ਬਲੂਮਬਰਗ ਸਕੂਲ ਦੇ ਵਾਤਾਵਰਣ ਵਿਗਿਆਨ ਦੇ ਪ੍ਰੋਫੈਸਰ ਸ੍ਰੀ ਪੈਟਰਿਕ ਬਰੇਸੀ ਨੇ ਆਪਣੇ ਅਧਿਐਨ ਵਿਚ ਪਾਇਆ ਹੈ ਕਿ ਵਾਟਰ ਪਾਈਪ ਸਮੋਕਿੰਗ ਦੇ ਕਾਰਨ ਇੰਡੋਰ ਹਵਾ ਪ੍ਰਦੂਸ਼ਣ ਸਿਗਰਟ ਨੋਸ਼ੀ ਨਾਲੋਂ ਜ਼ਿਆਦਾ ਹੁੰਦਾ ਹੈ ਤੇ ਇਸਦੀ ਬਦੌਲਤ ਥਾਂ ਦੇ ਮਾਲਕ ਤੇ ਮੁਲਾਜ਼ਮਾਂ ਦੀ ਸਿਹਤ ਜ਼ੋਖਮ ਵਿਚ ਆ ਜਾਂਦੀ ਹੈ।

ਸ੍ਰੀ ਸਿਰਸਾ ਨੇ ਇਹ ਵੀ ਦੱਸਿਆ ਕਿ ਹੁੱਕਾ ਨਾ ਸਿਰਫ ਪੀਣ ਵਾਲੇ ਲਈ ਖਤਰਨਾਕ ਹੈ ਬਲਕਿ ਉਸਦੇ ਆਲੇ ਦੁਆਲੇ ਰਹਿਣ ਵਾਲੇ ਬੱਚਿਆਂ, ਗਰਭਵਤੀ ਮਹਿਲਾਵਾਂ ਤੇ ਹੁੱਕਾ ਨਾ ਪੀਣ ਵਾਲੇ ਹੋਰ ਲੋਕਾਂ ਲਈ ਵੀ ਖਤਰਨਾਕ ਹੁੰਦਾ ਹੈ। ਇੰਡੋਰ ਵਾਤਾਵਰਣ ‘ਤੇ ਹੁੱਕਾ ਪੀਣ ਦੇ ਪ੍ਰਭਾਵ ਪਤਾ ਲਾਉਣ ਲਈ ਕੁਝ ਪਰਖਾਂ ਕੀਤੀਆਂ ਗਈਆਂ ਹਨ ਜਿਸ ਵਿਚ ਸਾਹਮਣੇ ਆਇਆ ਹੈ ਕਿ ਕਾਰਬਨ ਮਾਨੋਆਕਸਾਈਡ ਦਾ ਪੱਧਰ 11 ਪਾਰਟ ਪ੍ਰਤੀ ਮਿਲੀਅਨ ਅਤੇ ਪੀ ਐਮ 2.5 ਲੈਵਲ 489 ਮਾਈਕਰੋਗ੍ਰਾਮਮ ਪਰ ਕਿਊਬਿਕ ਮੀਟਰ ਆਫ ਏਅਰ ਹੈ ਜਿਥੇ ਕਿ ਸਿਰਫ ਚਾਰ ਵਿਅਕਤੀ ਹੁੱਕਾ ਪੀਣ ਵਾਲੇ ਮੌਜੂਦ ਸਨ।

ਦੂਜੇ ਪਾਸੇ ਬਿਨਾਂ ਸਮੋਕਿੰਗ ਵਾਲੇ ਕਮਰੇ ਵਿਚ ਕਾਰਬਨ ਮਾਨੋਆਕਸਾਈਡ 1.5 ਪੀ ਪੀ ਐਮ ਜਦਕਿ ਪੀ ਐਮ 2.5 ਲੈਵਲ ਐਵਰੇਜ 93 ਮਾਈਕਰੋਗ੍ਰਾਮ ਸੀ। ਇਸਦਾ ਅਰਥ ਇਹ ਹੈ ਕਿ ਹੁੱਕਾ ਪੀਣ ਨਾਲ ਇੰਡੋਰ ਹਵਾ ਗੰਧਲੀ ਹੁੰਦੀ ਹੈ ਤੇ ਇਸ ਤਰਾਂ ਹਵਾ ਪ੍ਰਦੂਸ਼ਣ ਫੈਲਦਾ ਹੈ।
ਬਰਮਿੰਘਮ ਸਿਟੀ ਕੌਂਸਲ ਦੀ ਸ਼ੀਸ਼ਾ ਬਾਰਜ਼ ਵਿਚਲੇ ਖਤਰਨਾਕ ਪ੍ਰਦੂਸ਼ਣ ਪੱਧਰ ‘ਤੇ ਰਿਪੋਰਟ ਦਾ ਹਵਾਲਾ ਦਿੰਦਿਆਂ ਉਹਨਾਂ ਦੱਸਿਆ ਕਿ ਸ਼ੀਸ਼ਾ ਸਮੋਕਿੰਗ ਤੇ ਸ਼ੀਸ਼ਾ ਸਮੋਕ ਵਾਤਾਵਰਣ ਵਿਚ ਬੈਠਣ ਵਾਲਿਆਂ ਦੀ ਸਿਹਤ ‘ਤੇ ਲਘੂ ਕਾਲੀ ਤੇ ਚਿਰ ਕਾਲੀ ਖਤਰਨਾਕ ਅਸਰ ਪੈਂਦਾ ਹੈ ਜੋ ਕਿ ਤੰਬਾਕੂ ਨੋਸ਼ੀ ਤੇ ਟਰੈਫਿਕ ਹਵਾ ਪ੍ਰਦੂਸ਼ਣ ਦੇ ਵਰਗਾ ਹੁੰਦਾ ਹੈ।

ਪ੍ਰਸਿੱਧ ਲੇਖਕ ਡਾ. ਮਾਈਕਲ ਵੀਟਜ਼ਮੈਨ ਪ੍ਰੋਫੈਸਰ ਨਿਊਯਾਰਕ ਯੂਨੀਵਰਸਿਟੀ ਸਕੂਲ ਆਫ ਮੈਡੀਸਿਨ ਦਾ ਹਵਾਲਾ ਦਿੰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਇਸ ਲੇਖਕ ਨੇ ਜੋ ਅਧਿਐਨ ਕੀਤਾ, ਉਸਦੀ ਰਿਪੋਰਟ ਵਿਚ ਦੱਸਿਆ ਕਿ ਹੁੱਕਾ ਸਮੋਕਿੰਗ ਖਾਸ ਤੌਰ ‘ਤੇ ਘਰਾਂ ਵਿਚ ਨਾ ਸਿਰਫ ਪੀਣ ਵਾਲੇ ਬਲਕਿ ਬੱਚਿਆਂ, ਗਰਭਵਤੀ ਮਹਿਲਾਵਾਂ ਤੇ ਅਜਿਹੇ ਘਰਾਂ ਵਿਚ ਰਹਿਣ ਵਾਲੇ ਤੇ ਆਉਣ ਜਾਣ ਵਾਲੇ ਸਾਰੇ ਵਿਅਕਤੀਆਂ ਲਈ ਖਤਰਨਾਕ ਸਾਬਤ ਹੁੰਦੀ ਹੈ।

ਹੁੱਕਾ ਪੀਣ ਨਾਲ ਫੈਲਦਾ ਹੈ ਖਤਰਨਾਕ ਹਵਾ ਪ੍ਰਦੂਸ਼ਣ ਮਨਜਿੰਦਰ ਸਿਰਸਾ

ਸ੍ਰੀ ਸਿਰਸਾ ਨੇ ਚੇਅਰਮੈਨ ਨੂੰ ਦੱਸਿਆ ਕਿ ਅਮਰੀਕਾ ਵਿਚ ਹੁੱਕਾ ਤੰਬਾਕੂ ਖਾਣ ਵਰਗੀਆਂ ਆਦਤਾਂ ਦੇ ਬਦਲ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ ਅਤੇ ਖਾਸ ਤੌਰ ‘ਤੇ ਨੌਜਵਾਨ ਵਰਗ ਇਸ ਵੱਲ ਆਕਰਸ਼ਤ ਹੋ ਰਿਹਾ ਹੈ। ਇਹ ਗਲਤ ਧਾਰਨਾ ਬਣ ਰਹੀ ਹੈ ਕਿ ਇਹ ਸਿਗਰਟ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਹੈ। ਹੁੱਕਾ ਵਾਟਰ ਪਾਈਪ ਹੈ ਜਿਸ ਵਿਚ ਵਿਸ਼ੇਸ਼ ਤੰਬਾਕੂ ਵਿਚ ਸੁਆਦ ਮਿਲਾ ਕੇ ਸੇਵਨ ਕੀਤਾ ਜਾਂਦਾ ਹੈ। ਇਕ ਹੁੱਕਾ ਸੈਸ਼ਨ ਦੌਰਾਨ ਵਿਅਕਤੀ 150 ਸਿਗਰਟਾਂ ਦੇ ਬਰਾਬਰ ਕਸ਼ ਲਗਾ ਲੈਂਦਾ ਹੈ।

ਵਿਸ਼ਵ ਸਿਹਤ ਸੰਗਠਨ ਤੇ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਹੁੱਕਾ ਦਾ ਧੂੰਆਂ ਫੇਫੜਿਆਂ ਦਾ ਕੈਂਸਰ, ਸਾਹ ਦੀਆਂ ਬਿਮਾਰੀਆਂ, ਜਨਮ ਵੇਲੇ ਘੱਟ ਭਾਰਤ ਤੇ ਹੋਰ ਬਿਮਾਰੀਆਂ ਫੈਲਾਉਣ ਦੇ ਸਮਰਥ ਹੈ। ਹੁੱਕਾ ਪੀਣ ਵਾਲਾ ਇਕ ਸੈਸ਼ਨ ਵਿਚ ਜ਼ਿਆਦਾ ਲੰਬੇ ਸਮੇਂ ਤੱਕ ਤੰਬਾਕੂ ਦਾ ਸੇਵਨ ਕਰਦਾ ਹੈ। ਲੰਬੇ ਕਸ਼ ਲੈਣ ਕਰ ਕੇ ਉਹ ਜ਼ਿਆਦਾ ਰਸਾਇਣ ਅੰਦਰ ਖਿੱਚਦਾ ਹੈ ਤੇ ਇਹ ਆਲੇ ਦੁਆਲੇ ਦੇ ਵਾਤਾਵਰਣ ਨੂੰ ਵੀ ਗੰਧਲਾ ਕਰਦਾ ਹੈ। ਸਾਰੇ ਹੁੱਕਾ ਪੀਣ ਵਾਲੇ ਇਹ ਸਮਝਦੇ ਹਨ ਕਿ ਉਹ ਸਿਰਫ ਆਪਣੀ ਸਿਹਤ ‘ਤੇ ਦੁਸ਼ਪ੍ਰਭਾਵ ਪਾ ਰਹੇ ਹਨ ਜਦਕਿ ਹੁੱਕਾ ਪੀਣ ਦਾ ਸਿੱਧਾ ਅਸਰ ਹਵਾ ਪ੍ਰਦੂਸ਼ਣ ਕਰ ਕੇ ਨੇੜੇ ਬੈਠੇ ਵਿਅਕਤੀਆਂ ਦੀ ਸਿਹਤ ‘ਤੇ ਵੀ ਪੈਂਦਾ ਹੈ।

ਰਾਸ਼ਟਰੀ ਰਾਜਧਾਨੀ ਵਿਚ ਹੁੱਕਾ ਬਾਰਜ਼ ‘ਤੇ ਮੁਕੰਮਲ ਪਾਬੰਦੀ ਦੀ ਜ਼ੋਰਦਾਰ ਵਕਾਲਤ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਗੁਜਰਾਤ ਸਰਕਾਰ ਨੇ ਗੁਜਰਾਤ ਵਿਚ ਹੁੱਕਾ ਪੀਣ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਇਸਦਾ ਵਾਤਾਵਰਣ ਦੇ ਨਾਲ ਨਾਲ ਹੁੱਕਾ ਨਾ ਪੀਣ ਵਾਲਿਆਂ ‘ਤੇ ਵੀ ਅਸਰ ਹੋ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ, ਮੱਧ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਨੇ ਵੀ ਰੈਸਟੋਰੈਂਟਸ ਨੂੰ ਹੁੱਕਾ ਪਿਲਾਉਣ ਵਾਸਤੇ ਲਾਇਸੰਸ ਦੇਣੇ ਬੰਦ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਦੀ ਰੋਸ਼ਨੀ ਵਿਚ ਉਹ ਬੇਨਤੀ ਕਰਦੇ ਹਨ ਕਿ ਐਨ ਜੀ ਟੀ ਹਾਲਾਤ ਦਾ ਨੋਟਿਸ ਲੈਂਦਿਆਂ ਦਿੱਲੀ ਵਿਚ ਹੁੱਕਾ ਦੀ ਵਰਤੋਂ ‘ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕਰੇ ਤਾਂ ਕਿ ਹੁੱਕਾ ਸਮੋਕਿੰਗ ਨਾਲ ਹੁੰਦੇ ਪ੍ਰਦੂਸ਼ਣ ਨੂੰ ਨਕੇਲ ਪੈ ਸਕੇ।

—PTC News