Advertisment

ਕੈਪਟਨ ਅਮਰਿੰਦਰ ਸਿੰਘ ਨੇ ਝਿਉਰਹੇੜੀ ਦੀ ਪੰਚਾਇਤ ਵੱਲੋਂ ਜ਼ਮੀਨ ਖਰੀਦਣ ਵਿੱਚ ਕਰੋੜਾਂ ਰੁਪਏ ਦੇ ਕਥਿਤ ਘਪਲੇ ਦੀ ਜਾਂਚ ਦੇ ਹੁਕਮ ਦਿੱਤੇ 

author-image
Ragini Joshi
New Update
ਕੈਪਟਨ ਅਮਰਿੰਦਰ ਸਿੰਘ ਨੇ ਝਿਉਰਹੇੜੀ ਦੀ ਪੰਚਾਇਤ ਵੱਲੋਂ ਜ਼ਮੀਨ ਖਰੀਦਣ ਵਿੱਚ ਕਰੋੜਾਂ ਰੁਪਏ ਦੇ ਕਥਿਤ ਘਪਲੇ ਦੀ ਜਾਂਚ ਦੇ ਹੁਕਮ ਦਿੱਤੇ 
Advertisment
ਚੰਡੀਗੜ, 22 ਜੂਨ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝਿਉਰਹੇੜੀ ਦੀ ਪੰਚਾਇਤ ਵੱਲੋਂ ਫਤਿਹਗੜ ਸਾਹਿਬ ਜ਼ਿਲੇ ਵਿੱਚ ਜ਼ਮੀਨ ਖਰੀਦਣ ਵਿੱਚ ਕਥਿਤ ਘਪਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਵਿੱਚ ਕਰੋੜਾਂ ਰੁਪਏ ਖੁਰਦ-ਬੁਰਦ ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਤਹਿ ਤੱਕ ਜਾਂਚ ਕਰਾਈ ਜਾਵੇਗੀ। ਮੋਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਧਿਆਨ ਦਿਵਾਊ ਮਤੇ ਰਾਹੀਂ ਵਿਧਾਨ ਸਭਾ ਹਲਕਾ ਐਸ.ਏ.ਐਸ ਨਗਰ ਵਿਚ ਪੈਂਦੇ ਪਿੰਡ ਝਿਉਰਹੇੜੀ ਦੀ ਪੰਚਾਇਤ ਵੱਲੋਂ ਉਕਤ ਜ਼ਮੀਨ ਮਾਰਕੀਟ ਨਾਲੋਂ ਦੁੱਗਣੇ ਰੇਟ ’ਤੇ ਖਰੀਦ ਕੇ ਕਰੋੜਾਂ ਰੁਪਏ ਦੀ ਹੇਰਾ-ਫੇਰੀ ਕਰਨ ਦਾ ਮਾਮਲਾ  ਸਦਨ ਵਿੱਚ ਉਠਾਇਆ ਗਿਆ। ਸ੍ਰੀ ਸਿੱਧੂ ਨੇ ਸਦਨ ਨੂੰ ਦੱਸਿਆ ਇਹ ਜ਼ਮੀਨ ਖਰੀਦਣ ਲਈ ਅਧਿਕਾਰੀਆਂ ਅਤੇ ਸਰਪੰਚ ਵੱਲੋਂ ਕਿਸੇ ਵੀ ਸਮਰਥ ਅਧਿਕਾਰੀ ਦੀ ਪ੍ਰਵਾਨਗੀ ਨਹੀਂ ਲਈ ਗਈ। ਸਰਪੰਚ ਵੱਲੋਂ ਪਿੰਡ ਦੇ ਵਿਕਾਸ ਲਈ ਜੋ ਕਰੋੜਾਂ ਰੁਪਏ ਖਾਤਿਆਂ ਵਿਚੋਂ ਕਢਵਾਏ ਗਏ ਸਨ ਉਹ ਵੀ ਪਿੰਡ ਦੇ ਵਿਕਾਸ ਤੇ ਲੱਗਣ ਦੀ ਥਾਂ ਸਿਰਫ ਕਾਗਜ਼ਾਂ ਵਿਚ ਲੱਗੇ। ਇਸ ਸਮੁੱਚੇ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਵਿਧਾਇਕ ਨੇ ਇਸ ਮਾਮਲੇ ਵੱਲ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦਾ ਧਿਆਨ ਦਵਾਇਆ ਜਿਸ ਦੇ ਸਬੰਧ ਵਿੱਚ ਮੰਤਰੀ ਨੇ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਸ਼ਾਸਨ ਦੌਰਾਨ ਪ੍ਰਾਪਤ ਕੀਤੀ ਜ਼ਮੀਨ ਦੀ ਵਿਸਤ੍ਰਤ ਜਾਣਕਾਰੀ ਦਿੱਤੀ। ਇੱਕ ਬਿਆਨ ਵਿੱਚ ਮੰਤਰੀ ਨੇ ਸਦਨ ਨੂੰ ਜਾਣਕਾਰੀ ਦਿੱਤੀ ਕਿ ਪਿਛਲੀ ਸਰਕਾਰ ਵੱਲੋਂ ਏਅਰਪੋਰਟ ਬਣਾਉਣ ਲਈ ਗਰਾਮ ਪੰਚਾਇਤ ਝਿਉਰਹੇੜੀ ਦੀ 54 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ। ਜਿਸ ਦਾ ਮੁਆਵਜ਼ਾ 1.50 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰਾਪਤ ਹੋਇਆ ਸੀ। ਇਹ 80.46 ਕਰੋੜ ਰੁਪਏ ਦੀ ਰਕਮ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ, ਪੰਜਾਬ ਦੀ ਡਿਸਪੋਜ਼ਲ ਤੇ ਰੱਖੀ ਗਈ ਸੀ ਅਤੇ ਉਨਾਂ ਵਲੋਂ ਹੀ ਇਹ ਗਰਾਮ ਪੰਚਾਇਤ ਨੂੰ ਸਮੇਂ ਸਮੇਂ ਸਿਰ ਜਾਰੀ ਕੀਤੀ ਗਈ। ਇਸ ਵਿਚੋਂ 54,16,87,500 ਰੁਪਏ ਗਰਾਮ ਪੰਚਾਇਤ ਦੇ ਅਤੇ 26,30,62,500 ਸ਼ਾਮਲਾਤ ਦੇ ਮੁਆਵਜ਼ੇ ਵਜੋਂ ਪ੍ਰਾਪਤ ਕੀਤੇ ਗਏ।  ਇਸ 54,16,87,500 ਰੁਪਏ ਦੀ ਰਕਮ ਵਿਚੋਂ 49,16,87,500 ਰੁਪਏ ਦੀ ਰਕਮ ਗਰਾਮ ਪੰਚਾਇਤ ਝਿਉਰਹੇੜੀ ਨੂੰ ਜਾਰੀ ਕੀਤੀ ਗਈ ਸੀ। ਗਰਾਮ ਪੰਚਾਇਤ ਨੂੰ ਜਾਰੀ ਕੀਤੀ ਗਈ 49.16 ਕਰੋੜ ਰੁਪਏ ਦੀ ਰਕਮ ਵਿਚੋਂ 23.73 ਕਰੋੜ ਰੁਪਏ ਦੀ ਰਕਮ ਗਰਾਮ ਪੰਚਾਇਤ ਵੱਲੋਂ ਫਤਿਹਗੜ ਜ਼ਿਲੇ ਵਿੱਚ ਪੈਂਦੇ ਪਿੰਡ ਕਰੀਮਪੁਰਾ ਅਤੇ ਕੰਦੀਪੁਰ ਤੋਂ ਇਲਾਵਾ ਐਸ.ਏ.ਐਸ ਨਗਰ ਜ਼ਿਲੇ ਦੇ ਪਿੰਡ ਸਨੌਲੀ ਵਿਖੇ ਜ਼ਮੀਨ ਖਰੀਦ ਕਰਨ ’ਤੇ ਖਰਚ ਕੀਤੀ ਗਈ। ਉਪਰੋਕਤ ਜ਼ਮੀਨ ਖਰੀਦ ਕਰਨ ਸਮੇਂ ਗਰਾਮ ਪੰਚਾਇਤ ਝਿਉਰਹੇੜੀ ਨੇ ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 85 (1) ਅਨੁਸਾਰ ਸਰਕਾਰ ਪਾਸੋਂ ਜ਼ਮੀਨ ਖਰੀਦ ਕਰਨ ਲਈ ਪੂਰਵ ਪ੍ਰਵਾਨਗੀ ਨਹੀਂ ਲਈ ਸੀ। ਇਸ ਤਰਾਂ ਗਰਾਮ ਪੰਚਾਇਤ ਝਿਉਰਹੇੜੀ ਵਲੋਂ 23.73 ਕਰੋੜ ਰੁਪਏ ਦੀ ਰਾਸ਼ੀ ਜ਼ਮੀਨ ਦੀ ਖਰੀਦ ਤੇ ਖਰਚ ਕੀਤੀ ਗਈ ਹੈ। 13.77 ਕਰੋੜ ਰੁਪਏ ਵਿਕਾਸ ਕਾਰਜਾਂ ਅਤੇ ਫੁਟਕਲ ਕੰਮਾਂ ’ਤੇ ਖਰਚ ਕੀਤੇ ਗਏ ਹਨ। 11.52 ਕਰੋੜ ਰੁਪਏ ਗਰਾਮ ਪੰਚਾਇਤ ਦੇ ਖਾਤਿਆਂ ਵਿਚ ਜਮਾਂ ਪਏ ਹਨ। ਮੰਤਰੀ ਨੇ ਸਦਨ ਨੂੰ ਦੱਸਿਆ ਕਿ ਜ਼ਮੀਨ ਦੀ ਖਰੀਦ ਲਈ ਖਰਚੀ ਰਾਸ਼ੀ, ਜ਼ਮੀਨ ਦਾ ਮਾਰਕੀਟ ਰੇਟ ਅਤੇ ਵਿਕਾਸ ਕਾਰਜਾਂ ’ਤੇ ਖਰਚੇ ਫੰਡਾਂ ਬਾਰੇ ਵਿਭਾਗ ਦੇ ਜਾਇੰਟ ਡਾਇਰੈਕਟਰ ਪਾਸੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਜਾਂਚ ਪੂਰੀ ਹੋਣ ਤੋਂ ਬਾਅਦ ਸਭ ਕੁਝ ਸਪੱਸ਼ਟ ਹੋ ਜਾਵੇਗਾ। —PTC News-
Advertisment

Stay updated with the latest news headlines.

Follow us:
Advertisment