Sat, Apr 20, 2024
Whatsapp

ਦਾਲ ਰੋਟੀ ਘਰ ਦੀ , ਦੀਵਾਲੀ ਅੰਮ੍ਰਿਤਸਰ ਦੀ 

Written by  Joshi -- October 19th 2017 12:56 PM
ਦਾਲ ਰੋਟੀ ਘਰ ਦੀ , ਦੀਵਾਲੀ ਅੰਮ੍ਰਿਤਸਰ ਦੀ 

ਦਾਲ ਰੋਟੀ ਘਰ ਦੀ , ਦੀਵਾਲੀ ਅੰਮ੍ਰਿਤਸਰ ਦੀ 

ਅਕਸਰ ਪੰਜਾਬੀਆਂ ਦੀ ਇਹ ਖ਼ਾਸੀਅਤ ਰਹੀ ਹੈ ਕਿ ਉਹ ਖੁਲਦਿਲੀ ਨਾਲ ਹਰ ਕੰਮ ਕਰਦੇ ਹਨ ਠੀਕ ਉਸ ਤਰ੍ਹਾਂ ਜਿਵੇ ਉਹ ਆਪਣੇ ਸਾਰੇ ਦਿਨ ਤਿਉਹਾਰ ਪੂਰੇ ਚਾਅ-ਦੁਲਾਰ ਅਤੇ ਸ਼ਾਨੋ-ਸ਼ੌਕਤ ਨਾਲ ਮਨਾਉਂਦੇ ਰਹੇ ਹਨ ਪਰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਗੱਲ ਕਰੀਏ ਤਾਂ ਇਸਦੀ ਅੰਮ੍ਰਿਤਸਰ ਦੇ ਇਤਿਹਾਸ ਨਾਲ ਕੁਝ ਵਿਸ਼ੇਸ਼ ਕਿਸਮ ਦੀ ਸਾਂਝੇਦਾਰੀ ਝਲਕਦੀ ਹੈ| ਦੀਵਾਲੀ ਤਿਉਹਾਰ ਪ੍ਰਤੀ ਉਤਸ਼ਾਹ ਅਤੇ ਚਾਅ-ਦੁਲਾਰ ਕਰਕੇ ਹੀ ਇਹ ਅਖੌਤ ਪ੍ਰਸਿੱਧ ਹੈ¸ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਜਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਸਿੱਖਾਂ ਵਲੋਂ ਪਹਿਲੀ ਵਾਰ ਦੀਵਾਲੀ ਛੇਵੀਂ ਪਾਤਸ਼ਾਹੀ ਸਮੇਂ ਪੂਰੇ ਉਤਸ਼ਾਹ ਨਾਲ ਮਨਾਈ ਗਈ ਸੀ। Daal roti ghar di, Diwali Amritsar di; ਦਾਲ ਰੋਟੀ ਘਰ ਦੀ , ਦੀਵਾਲੀ ਅੰਮ੍ਰਿਤਸਰ ਦੀ ਇਥੇ ਇਹ ਦਸਨਯੋਗ ਹੈ ਕਿ 'ਭੱਟ ਵਹੀ ਜਾਦੋ ਬੰਸੀਆਂ ਬੜਤੀਆਂ ਕੀ' ਅਨੁਸਾਰ  ਚੰਦੂ ਦੁਸ਼ਟ ਦੀ ਚੁੱਕ 'ਚ ਆ ਕੇ ਜਹਾਂਗੀਰ ਬਾਦਸ਼ਾਹ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ 'ਚੋਂ 1676 ਕੱਤਕ ਵਦੀ 14 ਨੂੰ 52 ਰਾਜਿਆਂ ਸਮੇਤ ਰਿਹਾਅ ਹੋ ਕੇ ਆਏ ਤਾਂ ਹਰੀ ਰਾਮ ਦਰੋਗਾ ਉਨ੍ਹਾਂ ਨੂੰ ਸਤਿਕਾਰ ਸਹਿਤ ਆਪਣੇ ਘਰ ਲੈ ਗਿਆ। ਗੁਰੂ ਮਹਾਰਾਜ ਦੇ ਬੰਧਨ ਮੁਕਤ ਹੋਣ ਦੀ ਖੁਸ਼ੀ ਵਿਚ ਉਸ ਰਾਤ ਹਰੀ ਰਾਮ ਨੇ ਰਾਤ ਨੂੰ ਆਪਣੇ ਘਰ ਦੀਪਮਾਲਾ ਕੀਤੀ ਗਈ ਸੀ ਅਤੇ ਬਾਬਾ ਬੁੱਢਾ ਜੀ ਦੇ ਹੁਕਮਾਂ ਅਨੁਸਾਰ ਉਸ ਦਿਨ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਪੂਰੇ ਅੰਮ੍ਰਿਤਸਰ ਸ਼ਹਿਰ ਵਿਚ ਦੀਪਮਾਲਾ ਕਰਕੇ ਲੋਕਾਂ ਦੁਆਰਾ ਖੁਸ਼ੀ ਮਨਾਈ ਗਈ ਸੀ | ਭੱਟ ਵਹੀ ਅਨੁਸਾਰ ਉਹ ਦੀਵਾਲੀ ਦਾ ਦਿਨ ਸੀ। ਜੇ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਾਂ ਉਨ੍ਹਾਂ ਦੇ ਸਮੇਂ ਅੰਮ੍ਰਿਤਸਰ ਦੇ ਦੀਵਾਲੀ ਜੋੜ ਮੇਲੇ ਦੀਆਂ ਰੌਣਕਾਂ ਸਿਖਰ ਤਕ ਪਹੁੰਚਣ ਲੱਗੀਆਂ ਸਨ | ਦੱਸਿਆ ਗਿਆ ਹੈ ਕਿ  ਮਹਾਰਾਜਾ ਦੀਵਾਲੀ ਮੇਲੇ 'ਤੇ ਅੰਮ੍ਰਿਤਸਰ ਪਹੁੰਚ ਕੇ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰਦੇ ਅਤੇ ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ  ਹੁੰਦੇ ਸਨ | ਇਸ ਮੌਕੇ ਪੂਰੇ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਜਾਂਦਾ ਸੀ ਅਤੇ ਵਿਸ਼ਾਲ ਪੱਧਰ 'ਤੇ ਦੀਪਮਾਲਾ ਕੀਤੀ ਜਾਂਦੀ ਸੀ ਕਿਹਾ ਗਿਆ ਹੈ ਕਿ ਸਿੱਖ ਰਾਜ ਤੋਂ ਬਾਅਦ ਬ੍ਰਿਟਿਸ਼ ਸ਼ਾਸਨ ਸਮੇਂ ਵੀ ਅੰਮ੍ਰਿਤਸਰ ਵਿਚ ਦੀਵਾਲੀ ਮੇਲੇ ਦੀ ਰੌਣਕ ਸੰਗਤਾਂ ਨੇ ਫਿੱਕੀ ਨਾ ਪੈਣ ਦਿੱਤੀ। ਮਹਾਰਾਜਾ ਦੇ ਸਮੇਂ ਵਾਂਗ ਹੀ ਦੀਵਾਲੀ 'ਤੇ ਦੀਪਮਾਲਾ ਕਰਨ ਅਤੇ ਘੋੜਿਆਂ ਦੀ ਮੰਡੀ ਲੱਗਣ ਵਰਗਾ ਸਿਲਸਿਲਾ ਜਾਰੀ ਰਿਹਾ। 'ਰਿਪੋਰਟ ਸ੍ਰੀ ਦਰਬਾਰ ਸਾਹਿਬ', ਸਫਾ 160 ਦੇ ਅਨੁਸਾਰ ਮੇਲਾ ਦੀਪਮਾਲਾ 'ਤੇ ਦਰਬਾਰ ਸਾਹਿਬ ਦੀ ਗੁਰਦੁਆਰਾ ਕਮੇਟੀ ਵਲੋਂ ਆਤਿਸ਼ਬਾਜ਼ੀ ਹੁੰਦੀ ਹੈ। ਸੰਗਤਾਂ ਬੜੀ ਭਾਰੀ ਗਿਣਤੀ ਵਿਚ ਦੂਰੋਂ-ਨੇੜਿਓਂ ਆਉਂਦੀਆਂ ਹਨ ਅਤੇ ਉਸ ਦਿਨ ਸਵੇਰੇ ਤੋਂ ਹੀ ਬੁੰਗਿਆਂ ਦੀਆਂ ਛੱਤਾਂ 'ਤੇ ਅਤੇ ਹੋਰ ਉੱਚੇ-ਉੱਚੇ ਮਕਾਨਾਂ 'ਤੇ ਥਾਂ ਮਲ ਕੇ ਬੈਠ ਜਾਂਦੀਆਂ ਹਨ। ਚਾਰ ਕੁ ਵਜੇ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਜਾਂਦੇ ਹਨ ਕਿਉਂਕਿ ਪਰਿਕਰਮਾ ਵਿਚ ਤਿਲ ਧਰਨ ਨੂੰ ਥਾਂ ਨਹੀਂ ਰਹਿੰਦੀ। ਉਸ ਵੇਲੇ ਇਕ ਅਦਭੁੱਤ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। ਕਹਿੰਦੇ ਨੇ ਕਿ ਉਸ ਮਾਲਕ ਦੀ ਬਖਸ਼ਿਸ਼ ਹੋਵੇ ਤੇ ਸਭ  ਥਾਂ ਮਿਹਰ ਹੁੰਦੀ ਹੈ ਤੇ ਗੁਰੂ ਮਹਾਰਾਜ ਦੀ ਮਿਹਰ ਸਦਕਾ ਅੱਜ ਅੰਮ੍ਰਿਤਸਰ ਦੀ ਦੀਵਾਲੀ ਪੂਰੇ ਸੰਸਾਰ ਵਿਚ ਪ੍ਰਸਿੱਧੀ ਪਾ ਚੁੱਕੀ ਹੈ। ਇਸ ਦਿਹਾੜੇ ਸ੍ਰੀ ਦਰਬਾਰ ਸਾਹਿਬ ਸਹਿਤ ਪੂਰੇ ਸ਼ਹਿਰ 'ਚ ਕਰੋੜਾਂ ਰੁਪਿਆਂ ਦੀ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਦੀਵਾਲੀ ਦੀ ਰਾਤ ਸ੍ਰੀ ਹਰਿਮੰਦਰ ਸਾਹਿਬ 'ਚ ਅਜਿਹੀ ਦੀਪਮਾਲਾ ਕੀਤੀ ਜਾਂਦੀ ਹੈ, ਇਸ ਦੀ ਰੌਸ਼ਨੀ ਅੱਖਾਂ  ਧੁੰਦਲਾ ਦਿੰਦੀ ਹੈ। ਇਸ ਨਜ਼ਾਰੇ ਦੀ ਇਕ ਝਲਕ ਵੇਖਣ ਲਈ ਸੰਗਤਾਂ ਤੇ ਯਾਤਰੂ ਦੇਸ਼-ਵਿਦੇਸ਼  ਦੇ ਹਰ ਸ਼ਹਿਰ 'ਚੋਂ ਲੱਖਾਂ ਦੀ ਗਿਣਤੀ 'ਚ ਅੰਮ੍ਰਿਤਸਰ ਪੁੱਜਦੇ ਹਨ ਅਤੇ ਗੁਰੂ ਘਰ 'ਚੋਂ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਉਸ ਪਰਮ ਪਿਤਾ ਅੱਗੇ ਅਰਦਾਸ ਹੈ ਕਿ ਅੰਮ੍ਰਿਤਸਰ ਦੀ ਦੀਵਾਲੀ ਦੀ ਤਰ੍ਹਾਂ ਸਮੁੱਚੇ ਸੰਸਾਰ ਵਿੱਚ ਖੁਸ਼ੀਆਂ ਦੇ ਚਾਨਣ ਰੋਸ਼ਨੀ ਕਰਦੇ ਰਹਿਣ —PTC News


Top News view more...

Latest News view more...