Thu, Apr 25, 2024
Whatsapp

ਦਿੱਲੀ ਕਮੇਟੀ ਨੇ ਵੀਡੀਓ ਰਾਹੀਂ ਟਾਈਟਲਰ ਦਾ ਕਬੂਲਨਾਮਾ ਕੀਤਾ ਜਨਤਕ (ਵੀਡੀਓ)

Written by  Joshi -- February 05th 2018 06:01 PM
ਦਿੱਲੀ ਕਮੇਟੀ ਨੇ ਵੀਡੀਓ ਰਾਹੀਂ ਟਾਈਟਲਰ ਦਾ ਕਬੂਲਨਾਮਾ ਕੀਤਾ ਜਨਤਕ (ਵੀਡੀਓ)

ਦਿੱਲੀ ਕਮੇਟੀ ਨੇ ਵੀਡੀਓ ਰਾਹੀਂ ਟਾਈਟਲਰ ਦਾ ਕਬੂਲਨਾਮਾ ਕੀਤਾ ਜਨਤਕ (ਵੀਡੀਓ)

Delhi committee exposes Jagdish Tytler's role in Sikh Genocide through video: ਨਵੀਂ ਦਿੱਲੀ, (5 ਫਰਵਰੀ 2018): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦਾ ਸਟਿੰਗ ਆੱਪਰੇਸ਼ਨ ਜਾਰੀ ਕਰਦੇ ਹੋਏ ਟਾਈਟਲਰ ਵੱਲੋਂ 1984 ’ਚ ਕਥਿਤ ਤੌਰ ’ਤੇ 100 ਸਿੱਖਾਂ ਦਾ ਕਤਲ ਕਬੂਲ ਕਰਨ ਦਾ ਵੀਡੀਓ ਪੇਸ਼ ਕੀਤਾ। ਕਮੇਟੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜੀਤ ਸਿੰਘ ਜੀ.ਕੇ. ਨੇ ਅੱਜ ਕਾਸ਼ਟੀਟਿਊਸ਼ਨਲ ਕਲਬ ’ਚ ਮੀਡੀਆ ਸਾਹਮਣੇ 5 ਵੀਡੀਓ ਕਲਿੱਪ ਜਾਰੀ ਕੀਤੇ। ਜੋ ਕਿ ਇੱਕ ਲਿਫ਼ਾਫ਼ੇ ’ਚ ਜੀ.ਕੇ. ਨੂੰ ਪ੍ਰਾਪਤ ਹੋਏ ਸਨ। ਜੀ.ਕੇ. ਨੇ ਦੱਸਿਆ ਕਿ 3 ਫਰਵਰੀ 2018 ਨੂੰ ਦੋਪਹਿਰ ਦੇ ਵੇਲੇ ਉਨ੍ਹਾਂ ਦੇ ਘਰ ਗ੍ਰੇਟਰ ਕੈਲਾਸ਼ ’ਚ ਸੁਰੱਖਿਆ ਕਰਮੀ ਨੂੰ ਕੋਈ ਅਣਪੱਛਾਤਾ ਵਿਅਕਤੀ ਇੱਕ ਚਿੱਟਾ ਲਿਫਾਫਾ ਦੇ ਕੇ ਗਿਆ ਸੀ। ਲਿਫਾਫੇ ਦੇ ’ਤੇ ਮੇਰੇ ਨਾਂ ਦੇ ਨਾਲ ਲਿਫਾਫੇ ਨੂੰ ਗੁਪਤ ਦੱਸਦੇ ਹੋਏ ਮੈਂਨੂੰ ਖੁੱਦ ਲਿਫਾਫਾ ਖੋਲਣ ਦੀ ਹਿਦਾਇਤ ਦਿੱਤੀ ਗਈ ਸੀ। ਜਦੋਂ 3 ਵਜੇ ਦੇ ਕਰੀਬ ਮੈਂ ਘਰ ਪੁੱਜਿਆ ਤਾਂ ਮੇਰੇ ਗਾਰਡ ਨੇ ਮੈਂਨੂੰ ਇਹ ਲਿਫਾਫਾ ਦਿੱਤਾ। ਲਿਫਾਫਾ ਖੋਲਣ ’ਤੇ ਕੁਝ ਕਾਗਜਾਤ ਅਤੇ ਪੈਨ ਡਰਾਈਵ ਮੈਂਨੂੰ ਮਿਲੀ। ਕਾਗਜਾਤਾਂ ਨੂੰ ਪੜ੍ਹਨ ਨਾਲ ਸਮਝ ਆਇਆ ਕਿ ਇਸ ’ਚ 8 ਦਸੰਬਰ 2011 ਦੀ 5 ਵੀਡੀਓ ਦੀ ਸਕਰਿਪਟ ਲਿੱਖੀ ਹੋਈ ਹੈ। ਮੈਂ ਤੁਰੰਤ ਇਸ ਲਿਫਾਫੇ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਆਪਣੇ ਦਫ਼ਤਰ ’ਚ ਆਪਣੇ ਨਿਜ਼ੀ ਸਹਾਇਕ ਵਿਕਰਮ ਸਿੰਘ ਕੋਲ ਭੇਜਿਆ ਤਾਂਕਿ ਅਗਲੀ ਕਾਰਵਾਈ ਲਈ ਕਮੇਟੀ ਦਾ ਮੀਡੀਆ ਅਤੇ ਕਾਨੂੰਨੀ ਵਿਭਾਗ ਆਪਣੀ ਰਾਇ ਦੇ ਸਕੇ। ਉਸਤੋਂ ਬਾਅਦ ਮੀਡੀਆ ਵਿਭਾਗ ਮੁਖੀ ਪਰਮਿੰਦਰ ਪਾਲ ਸਿੰਘ ਨੇ ਜਦੋਂ ਪੈਨ ਡਰਾਈਵ ਨੂੰ ਚਲਾ ਕੇ ਵੇਖਿਆ ਤਾਂ ਉਸ ’ਚ ਟਾਈਟਲਰ ਦੇ ਕਿਸੇ ਸਟਿੰਗ ਆੱਪਰੇਸ਼ਨ ਦੀ 5 ਵੀਡੀਓ ਸਨ। ਫੋਨ ’ਤੇ ਇਸ ਦੇ ਬਾਅਦ ਦੋਨੋਂ ਵਿਭਾਗ ਮੁਖੀਆਂ ਨਾਲ ਹੋਈ ਗੱਲਬਾਤ ਤੋਂ ਬਾਅਦ ਮੈਂ ਤੁਰੰਤ ਇਸ ਮਸਲੇ ’ਤੇ ਪ੍ਰੈਸ ਕਾਨਫਰੰਸ ਸੋਮਵਾਰ ਨੂੰ ਕਰਨ ਦਾ ਆਦੇਸ਼ ਦਿੱਤਾ। ਤਾਂਕਿ ਟਾਈਟਲਰ ਦਾ ਸੱਚ ਦੇਸ਼ ਦੇ ਸਾਹਮਣੇ ਆ ਸਕੇ। ਪ੍ਰੈਸ ਕਾਨਫਰੰਸ ਦੇ ਬਾਅਦ ਅਸੀਂ ਅਗਲੀ ਕਾਰਵਾਈ ਲਈ ਇਸ ਲਿਫਾਫੇ ਨੂੰ ਸੀ.ਬੀ.ਆਈ. ਅਤੇ ਦਿੱਲੀ ਪੁਲਿਸ ਨੂੰ ਸੌਂਪਣ ਜਾ ਰਹੇ ਹਾਂ। ਜੀ.ਕੇ. ਨੇ ਕਿਹਾ ਕਿ ਵੀਡੀਓ ਨੰਬਰ 3 ’ਚ ਟਾਈਟਲਰ ਖੁਦ ਕਹਿ ਰਿਹਾ ਹੈ ਕਿ ਉਸਨੇ 100 ਸਰਦਾਰਾਂ ਦਾ ਕਤਲ ਕੀਤਾ ਹੈ ਪਰ ਕੁਝ ਨਹੀਂ ਹੋਇਆ, ਜਾਂਚ ਜਾਰੀ ਹੈ। ਇਹ ਟਾਈਟਲਰ ਦਾ ਇਕਬਾਲੀਆ ਜੁਰਮ ਹੈ। ਜੇਕਰ ਅੱਜੇ ਵੀ ਜਾਂਚ ਏਜੰਸੀਆਂ ਨੇ 24 ਘੰਟੇ ਦੇ ਅੰਦਰ ਟਾਈਟਲਰ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਪੁਲਿਸ ਹੈਡਕੁਆਟਰ ਦਾ ਘੇਰਾਵ ਕਰਨ ਨੂੰ ਮਜਬੂਰ ਹੋਵਾਂਗੇ। ਅਕਾਲੀ ਦਲ ਇਸ ਮਸਲੇ ’ਤੇ ਹੁਣ ਚੁੱਪ ਨਹੀਂ ਬੈਠੇਗਾ, ਲੋੜ ਪੈਣ ’ਤੇ ਅਕਾਲੀ ਸਾਂਸਦ ਇਸ ਮਸਲੇ ਨੂੰ ਸੰਸਦ ’ਚ ਵੀ ਚੁੱਕਣਗੇ। ਜੀ.ਕੇ. ਨੇ ਦੱਸਿਆ ਕਿ ਟਾਈਟਲਰ ਨੇ ਇੱਕ ਆਦਤਨ ਅਪਰਾਧੀ ਦੀ ਤਰ੍ਹਾਂ ਬੜੀ ਬੇਬਾਕੀ ਨਾਲ ਆਪਣੇ ਸਾਰੇ ਗੁਨਾਹਾਂ ਨੂੰ ਕਬੂਲ ਕੀਤਾ ਹੈ। ਵੀਡੀਓ ਨੰਬਰ 1 ’ਚ ਟਾਈਟਲਰ ਆਪਣੇ 4 ਦੋਸਤਾਂ ਤੋਂ 150 ਕਰੋੜ ਰੁਪਏ ਨਗਦ ਨਾ ਵਾਪਸ ਮਿਲਣ ’ਤੇ ਅਫ਼ਸੋਸ ਜਤਾ ਰਿਹਾ ਹੈ। ਜੋ ਸਿੱਧੇ ਤੌਰ ’ਤੇ ਬੇਨਾਮੀ ਅਤੇ ਅਘੋਸ਼ਿਤ ਕਾਲੇ ਧੰਨ ਦਾ ਮਾਮਲਾ ਲਗਦਾ ਹੈ। ਵੀਡੀਓ ਨੰਬਰ 2 ’ਚ ਟਾਈਟਲਰ ਸਿਵਸ ਅਕਾਉਂਟ ਵਾਲੀ ਇੱਕ ਕੰਪਨੀ ’ਚ ਆਪਣੇ ਬੇਟੇ ਦੇ ਸ਼ੇਅਰ ਹੋਲਡਰ ਹੋਣ ਦੀ ਗੱਲ ਕਰਦਾ ਹੋਇਆ ਕਾਂਗਰਸ ਹਾਈਕਮਾਨ ਦੇ ਨਾਲ ਹੋਈ ਗੱਲਬਾਤ ਦੇ ਆਧਾਰ ’ਤੇ 2 ਮਹੀਨੇ ’ਚ ਰਾਜਸਭਾ ਸੀਟ ਜਾਂ ਦਿੱਲੀ ਦੇ ਮੁੱਖਮੰਤਰੀ ਦੀ ਕੁਰਸੀ ਮਿਲਣ ਦੀ ਜਾਣਕਾਰੀ ਦੇ ਰਿਹਾ ਹੈ। ਜੀ.ਕੇ. ਨੇ ਕਿਹਾ ਕਿ ਇਸ ਵੀਡੀਓ ’ਚ ਬਿਨਾ ਕਿਸੇ ਦਾ ਨਾਂ ਲਏ ਟਾਈਟਲਰ ਇਹ ਵੀ ਦੱਸ ਰਿਹਾ ਹੈ ਕਿ ਉਸਨੇ ਕਾਂਗਰਸ ਹਾਈਕਮਾਨ ਨੂੰ ਵਿਸ਼ਵਾਸ ਦਿਲਾਇਆ ਹੈ ਕਿ ਤੁਹਾਡੀ ਰਾਜਨੀਤੀ ਮੈਂ ਖਤਮ ਨਹੀਂ ਹੋਣ ਦਿਆਂਗਾ। ਇਸ ਨਾਲ ਇਹ ਸਾਫ਼ ਹੁੰਦਾ ਹੈ ਕਿ 2011 ’ਚ ਟਾਈਟਲਰ ਨੂੰ ਯੂ.ਪੀ.ਏ. ਸਰਕਾਰ ਵੱਲੋਂ ਆਪਣਾ ਮੂੰਹ ਬੰਦ ਰੱਖਣ ਲਈ ਲਾਲਚ ਦਿੱਤੇ ਗਏ ਸੀ। ਵੀਡੀਓ ਨੰਬਰ 3 ’ਚ ਟਾਈਟਲਰ ਆਪਣੇ ਵੱਲੋਂ 100 ਸਰਦਾਰਾਂ ਦੇ ਕਤਲ ਕਰਨ ਦਾ ਹਵਾਲਾ ਦਿੰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਇਸੇ ਕਾਰਨ ਵਿਸ਼ਵਾਸ ਗੁਆਉਣ ਦਾ ਇਸ਼ਾਰਾ ਕਰ ਰਿਹਾ ਹੈ। ਜੀ.ਕੇ. ਨੇ ਦੱਸਿਆ ਕਿ ਵੀਡੀਓ ਨੰਬਰ 4 ’ਚ ਟਾਈਟਲਰ ਨਿਆਪਾਲਿਕਾ ’ਚ ਆਪਣੀ ਪਕੜ ਦੀ ਗੱਲ ਨੂੰ ਬਿਆਨ ਕਰ ਰਿਹਾ ਹੈ। ਟਾਈਟਲਰ ਜਿਥੇ ਚੀਫ਼ ਜਸਟਿਸ ਨੂੰ ਫੋਨ ਕਰਨ ਦੀ ਗੱਲ ਕਰਦਾ ਹੈ ਉਥੇ ਹੀ ਆਪਣੇ ਵੱਲੋਂ ਮਿਸਟਰ ਐਂਡ ਮਿਸੇਜ਼ ਪਾਠਕ ਨੂੰ ਦਿੱਲੀ ਹਾਈ ਕੋਰਟ ’ਚ ਲਗਾਉਣ ਦਾ ਵੀ ਦਾਅਵਾ ਕਰਦਾ ਹੈ। ਜੀ.ਕੇ. ਨੇ ਕਿਹਾ ਕਿ ਕਾਂਗਰਸ ਅਤੇ ਟਾਈਟਲਰ ਦਾ ਨਿਆਂਪਾਲਿਕਾ ’ਤੇ ਪਕੜ ਦਾ ਦਾਅਵਾ ਪਹਿਲੀ ਨਜ਼ਰ ’ਚ ਸਹੀ ਵੀ ਲਗਦਾ ਹੈ ਕਿਉਂਕਿ 26 ਫਰਵਰੀ 2010 ਨੂੰ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਅਤੇ ਉਸਦੇ ਸਾਥੀਆਂ ਨੂੰ ਇੱਕ ਮਾਮਲੇ ’ਚ ਅਗਾਹੂ ਜਮਾਨਤ ਦਿੱਤੀ ਸੀ। ਜਿਸ ਮਾਮਲੇ ’ਚ ਸੱਜਣ ਕੁਮਾਰ ਨਾ ਕੇਵਲ ਭਗੌੜਾ ਘੋਸ਼ਿਤ ਹੋ ਚੁੱਕਿਆ ਸੀ ਸਗੋਂ ਹੇਠਲੀ ਅਦਾਲਤ ਨੇ ਉਸਦੇ ਖਿਲਾਫ਼ ਗੈਰ ਜਮਾਨਤੀ ਵਰੰਟ ਵੀ ਜਾਰੀ ਕੀਤੇ ਹੋਏ ਸਨ। ਇਹ ਜਮਾਨਤ ਸ਼ੁਰੂ ਤੋਂ ਹੀ ਸਵਾਲਾ ਦੇ ਘੇਰੇ ’ਚ ਰਹੀ ਹੈ। ਪਰ ਹੁਣ ਟਾਈਟਲਰ ਦੇ ਦਾਅਵੇ ਦੇ ਬਾਅਦ ਹੁਣ ਸ਼ੱਕ ਹੋਰ ਵੀ ਗਹਿਰਾ ਹੋ ਗਿਆ ਹੈ। ਜੀ.ਕੇ. ਨੇ ਦੱਸਿਆ ਕਿ ਵੀਡੀਓ ਨੰਬਰ 5 ’ਚ ਟਾਈਟਲਰ ਭ੍ਰਿਸ਼ਟਾਚਾਰ ਦੇ ਖਿਲਾਫ਼ ਅੰਨਾ ਹਜ਼ਾਰੇ ਵੱਲੋਂ ਸ਼ੁਰੂ ਕੀਤੀ ਗਈ ਇੰਡੀਆ ਅੰਗੇਂਸਟ ਕਰੱਪਸ਼ੰਨ ਮੁਹਿੰਮ ਨਾਲ ਜੁੜੇ ਅੰਨਾ ਹਜ਼ਾਰੇ, ਕਿਰਨ ਬੇਦੀ ਅਤੇ ਅਰਵਿੰਦ ਕੇਜ਼ਰੀਵਾਲ ’ਤੇ ਫਾਸੀਵਾਦੀ ਤਰੀਕੇ ਨਾਲ ਨਕੇਲ ਕਸਣ ਦੀ ਵਕਾਲਤ ਕਰਦਾ ਹੋਇਆ ਦੇਸ਼ ’ਚ ਭ੍ਰਿਸ਼ਟਾਚਾਰ ਕਦੇ ਨਾ ਖਤਮ ਹੋਣ ਦੀ ਗੱਲ ਕਰ ਰਿਹਾ ਹੈ। ਨਾਲ ਹੀ ਟਾਈਟਲਰ ਇਸ ਵੀਡੀਓ ’ਚ ਅੰਨਾ ਹਜ਼ਾਰੇ ਨੂੰ ਕੂੜੇਦਾਨ ਦੱਸਦਾ ਹੋਇਆ ਨਿਆਪਾਲਿਕਾ ’ਚ 15 ਸਾਲ ਤਕ ਕੇਸ ਲਟਕਾਉਣ ਦੇ ਗੁਰ ਵੀ ਸਾਂਝੇ ਕਰ ਰਿਹਾ ਹੈ। ਟਾਈਟਲਰ ਕਾਂਗਰਸ ਸਰਕਾਰ ਨੂੰ ਬੇਈਮਾਨ ਦੱਸਦੇ ਹੋਏ ਕੇਜਰੀਵਾਲ ਨੂੰ ਗੋਲੀ ਲਗਣ ਦੀ ਭਵਿੱਖਵਾਣੀ ਵੀ ਕਰ ਰਿਹਾ ਹੈ। ਜੀ.ਕੇ. ਨੇ ਦੱਸਿਆ ਕਿ 5 ਵੀਡੀਓ ਟਾਈਟਲਰ ਦੇ ਕਥਿਤ ਤੌਰ ’ਤੇ ਆਦਤਨ ਅਪਰਾਧੀ ਹੋਣ ਦਾ ਇਸ਼ਾਰਾ ਕਰਦੇ ਹਨ। ਜੇਕਰ ਜਾਂਚ ਏਜੰਸੀਆਂ ਨੇ ਇਹਨਾਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਤਾਂ ਟਾਈਟਲਰ ਦੇ ਕਾਂਗਰਸ ਸਰਕਾਰ ਦੇ ਸਮੇਂ ਪੈਦਾ ਹੋਏ ਕਾਲੇ ਸਮਰਾਜ ਦੀ ਹਕੀਕਤ ਲੋਕਾਂ ਦੇ ਸਾਹਮਣੇ ਆ ਜਾਵੇਗੀ। ਇਸ ਲਈ ਇਸ ਮਾਮਲੇ ਨੂੰ ਲੈ ਕੇ ਦਿੱਲੀ ਕਮੇਟੀ ਵੱਲੋਂ ਆਮਦਨ ਕਰ ਵਿਭਾਗ, ਪ੍ਰਵਰਤਨ ਨਿਦੇਸਾਲਾ, ਸੀ.ਬੀ.ਆਈ., ਦਿੱਲੀ ਪੁਲਿਸ, ਆਰਥਿਕ ਅਪਰਾਧ ਸ਼ਾਖਾ, ਭਾਰਤੀ ਰਿਜਰਵ ਬੈਂਕ, ਸੁਪਰੀਮ ਕੋਰਟ ਅਤੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਅਤੇ 1984 ਦੀ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਵੱਲੋਂ ਬਣਾਈ ਐਸ.ਆਈ.ਟੀ. ਨੂੰ ਟਾਈਟਲਰ ਦੇ ਖਿਲਾਫ਼ ਤੁਰੰਤ ਕਾਰਵਾਈ ਕਰਨ ਲਈ ਪੱਤਰ ਭੇਜੇ ਜਾ ਰਹੇ ਹਨ। ਜੀ.ਕੇ. ਨੇ ਕਿਹਾ ਕਿ ਟਾਈਟਲਰ ਨੇ ਸਰਕਾਰੀ ਮਸ਼ੀਨਰੀ ਦੇ ਜਰੀਏ 100 ਸਿੱਖਾਂ ਦੇ ਕਤਲ ਅਤੇ ਫਿਰ ਨਿਆਪਾਲਿਕਾ ਦੇ ਮਾਮਲੇ ’ਚ ਦਖਲਅੰਦਾਜ਼ੀ ਕਰਕੇ ਇਨਸਾਫ਼ ਦਾ ਕਤਲ ਕਰਵਾਉਣ ਦੇ ਗੁਨਾਹ ਨੂੰ ਖੁਦ ਕਬੂਲ ਕਰ ਲਿਆ ਹੈ। ਇਸਲਈ ਹੁਣ ਸਰਕਾਰ ਨੂੰ ਟਾਈਟਲਰ ਨੂੰ ਤੁਰੰਤ ਗ੍ਰਿਫਤਾਰ ਕਰਦੇ ਹੋਏ ਉਸਦਾ ਨਾਰਕੋ ਟੈਸ਼ਟ ਕਰਵਾਉਣਾ ਚਾਹੀਦਾ ਹੈ ਕਿਉਂਕਿ ਟਾਈਟਲਰ ਲਾਈ ਡਿਟੈਕਟਰ ਟੈਸ਼ਟ ਕਰਵਾਉਣ ਤੋਂ ਆਨਾਕਾਨੀ ਕਰ ਰਿਹਾ ਹੈ।


  • Tags

Top News view more...

Latest News view more...