Thu, Apr 25, 2024
Whatsapp

ਦਵਾਈਆਂ ਦੀ ਕਮੀ ਨਾਲ ਜੂਝਦੇ ਸਰਕਾਰੀ ਹਸਪਤਾਲ 'ਚ ਗਰੀਬ ਮਰੀਜ਼ਾਂ ਦੀ ਹੋ ਰਹੀ ਹੈ ਦੁਰਦਸ਼ਾ

Written by  Joshi -- April 10th 2018 06:05 PM -- Updated: April 27th 2018 04:15 PM
ਦਵਾਈਆਂ ਦੀ ਕਮੀ ਨਾਲ ਜੂਝਦੇ ਸਰਕਾਰੀ ਹਸਪਤਾਲ 'ਚ ਗਰੀਬ ਮਰੀਜ਼ਾਂ ਦੀ ਹੋ ਰਹੀ ਹੈ ਦੁਰਦਸ਼ਾ

ਦਵਾਈਆਂ ਦੀ ਕਮੀ ਨਾਲ ਜੂਝਦੇ ਸਰਕਾਰੀ ਹਸਪਤਾਲ 'ਚ ਗਰੀਬ ਮਰੀਜ਼ਾਂ ਦੀ ਹੋ ਰਹੀ ਹੈ ਦੁਰਦਸ਼ਾ

ਦਵਾਈਆਂ ਦੀ ਕਮੀ ਨਾਲ ਜੂਝਦੇ ਸਰਕਾਰੀ ਹਸਪਤਾਲ 'ਚ ਗਰੀਬ ਮਰੀਜ਼ਾਂ ਦੀ ਹੋ ਰਹੀ ਹੈ ਦੁਰਦਸ਼ਾ ਹਸਪਤਾਲਾਂ 'ਚ ਦਵਾਈਆਂ ਦੀ ਕਮੀ ਕਾਰਨ ਮਰੀਜ਼ ਪ੍ਰਾਈਵੇਟ ਸਟੋਰਾਂ ਤੋਂ ਮਹਿੰਗੀਆਂ ਦਵਾਈਆਂ ਲੈਣ ਲਈ ਮਜ਼ਬੂਰ ਫੰਡਾਂ ਦੀ ਘਾਟ ਦੱਸ ਕੇ ਸਰਕਾਰ ਦਵਾਈਆਂ ਭੇਜਣ ਤੋਂ ਝਾੜ ਰਹੀ ਹੈ 'ਪੱਲਾ' ਮੋਗਾ : ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਨੇ ਹਸਪਤਾਲਾਂ 'ਚ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ 'ਹੱਥ ਖੜ੍ਹੇ' ਕਰ ਦਿੱਤੇ ਹਨ। ਸਿਹਤ ਮਹਿਕਮਾ ਮਰੀਜ਼ਾਂ ਨੂੰ ਆਧੁਨਿਕ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਦਾਅਵੇ ਕਰਦਾ ਨਹੀਂ ਥੱਕਦਾ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਕੈਲਸ਼ੀਅਮ ਦੀਆਂ ਗੋਲੀਆਂ ਤੱਕ ਨਹੀਂ ਹਨ। ਗਰੀਬ ਮਰੀਜ਼ ਡਾਕਟਰਾਂ ਵੱਲੋਂ ਲਿਖੀ ਜਾਂਦੀ ਪਰਚੀ 'ਤੇ ਬਾਜ਼ਾਰ 'ਚੋਂ ਮਹਿੰਗੇ ਭਾਅ ਦੀਆਂ ਦਵਾਈਆਂ ਲੈਣ ਲਈ ਮਜ਼ਬੂਰ ਹਨ। ਆਲਮ ਇਹ ਹੈ ਕਿ ਸਰਕਾਰੀ ਹਸਪਤਾਲਾਂ 'ਚੋਂ ਦਵਾਈਆਂ ਨਾ ਮਿਲਣ ਅਤੇ ਪੈਸੇ ਦੀ ਕਮੀ ਕਾਰਨ ਗਰੀਬ ਮਰੀਜ਼ ਬਿਨਾਂ ਦਵਾਈ ਲਏ ਹੀ ਘਰਾਂ ਨੂੰ ਪਰਤਣ ਲਈ ਮਜ਼ਬੂਰ ਹਨ। ਡਾ. ਮਥੁੱਰਾ ਦਾਸ ਸਿਵਲ ਹਸਪਤਾਲ ਮੋਗਾ 'ਚ ਹਰ ਰੋਜ਼ ੧੨੦੦ ਤੋਂ ਵੱਧ ਮਰੀਜ਼ ਓ.ਪੀ.ਡੀ 'ਚ ਆਪਣੇ ਇਲਾਜ ਲਈ ਆਉਂਦੇ ਹਨ। ਇਸ ਦੇ ਨਾਲ ਹੀ ਮੋਗਾ ਦਾ ਸਿਵਲ ਹਸਪਤਾਲ ਔਰਤਾਂ ਦੇ ਜਣੇਪੇ ਕਰਨ 'ਚ ਵੀ ਸੂਬੇ ਦੇ ਮੋਹਰੀ ਜ਼ਿਲ੍ਹਿਆਂ 'ਚ ਸ਼ੁਮਾਰ ਹੈ। ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਸਨਮਾਨਯੋਗ ਰੁਤਬਾ ਰੱਖਣ ਵਾਲੇ ਇਸ ਹਸਪਤਾਲ 'ਚ ਹੀ ਮਰੀਜ਼ਾਂ ਲਈ ਦਵਾਈਆਂ ਨਹੀਂ ਤਾਂ ਫਿਰ ਪੇਂਡੂ ਪ੍ਰਾਇਮਰੀ ਹੈਲਥ ਸੈਂਟਰਾਂ ਤੇ ਡਿਸਪੈਂਸਰੀਆਂ ਦਾ ਤਾਂ 'ਰੱਬ ਹੀ ਰਾਖਾ' ਹੋ ਸਕਦਾ ਹੈ। ਹਸਪਤਾਲ 'ਚ ਆਪਣੇ ਇਲਾਜ ਲਈ ਧਰਮਕੋਟ ਤਹਿਸੀਲ ਅਧੀਨ ਪੈਂਦੇ ਪਿੰਡ ਝਾਂਬ ਤੋਂ ਆਈ ੬੦ ਵਰ੍ਹਿਆਂ ਦੀ ਔਰਤ ਛਿੰਦਰ ਕੌਰ ਹਸਪਤਾਲ 'ਚ ਦਵਾਈ ਨਾ ਹੋਣ ਕਾਰਨ ਬਗੈਰ ਇਲਾਜ ਦੇ ਹੀ ਆਪਣੇ ਪਿੰਡ ਪਰਤਣ ਲਈ ਮਜ਼ਬੂਰ ਹੋ ਗਈ। ਛਿੰਦਰ ਕੌਰ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰ ਨੇ ਉਸ ਦੀ ਸਰੀਰਕ ਜਾਂਚ ਕਰਕੇ ਸਰਕਾਰੀ ਹਸਪਤਾਲ ਦੀ ਪਰਚੀ 'ਤੇ ਦਵਾਈ ਲਿਖ ਦਿੱਤੀ ਪਰ ਜਦੋਂ ਉਹ ਹਸਪਤਾਲ 'ਚ ਬਣੇ ਮੁਫ਼ਤ ਦਵਾਈਆਂ ਵਾਲੇ ਕਾਊਂਟਰ 'ਤੇ ਪੁੱਜੀ ਤਾਂ ਉਹ ਕੋਰਾ ਜਵਾਬ ਮਿਲ ਗਿਆ ਕਿ 'ਦਵਾਈ ਖ਼ਤਮ ਹੈ ਜੀ'। ਇਸ ਮਗਰੋਂ ਛਿੰਦਰ ਕੌਰ ਨੇ ਜਦੋਂ ਬਾਜ਼ਾਰ ਵਿੱਚ ਦਵਾਈ ਬਾਰੇ ਪਤਾ ਕੀਤਾ ਤਾਂ ਪ੍ਰਾਈਵੇਟ ਕੈਮਿਸਟ ਨੇ ਦੱਸਿਆ ਕਿ ਸਰਕਾਰੀ ਡਾਕਟਰ ਵੱਲੋਂ ਲਿਖੀ ਗਈ ਦਵਾਈ ਦੀ ਕੀਮਤ ੭੦੦ ਰੁਪਏ ਤੋਂ ਵੱਧ ਹੈ। ਇਸ ਔਰਤ ਨੇ ਆਪਣੀ ਗਰੀਬੀ ਬਾਰੇਬਿਆਨ ਕਰਦਿਆਂ ਕਿਹਾ ਕਿ ਉਸ ਕੋਲ ਤਾਂ ਪਿੰਡ ਵਾਪਸ ਜਾਣ ਲਈ ਟੈਂਪੂ ਦਾ ਕਿਰਾਇਆ ਵੀ ਨਹੀਂ ਹੈ ਤੇ ਉਹ ਬਿਨਾਂ ਦਵਾਈ ਤੋਂ ਹੀ ਨਿਰਾਸ਼ ਵਾਪਸ ਮੁੜ ਰਹੀ ਹੈ। ਇਸੇ ਤਰ੍ਹਾਂ ਪਿੰਡ ਨੂਰਪੁਰ ਹਕੀਮਾਂ ਤੋਂ ਸਰਕਾਰੀ ਹਸਪਤਾਲ 'ਚ ਦਵਾਈ ਲੈਣ ਆਏ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਨੂੰ ਹਸਪਤਾਲ ਦੇ ਦਵਾਈਆਂ ਵਾਲੇ ਸਟੋਰ ਤੋਂ ਆਇਰਨ ਵਾਲੀਆਂ ਗੋਲੀਆਂ ਦੇ ਕੇ ਸਟੋਰ ਦੇ ਅਮਲੇ-ਫੈਲੇ ਨੇ ਬਾਕੀ ਦੀ ਦਵਾਈ ਬਾਜ਼ਾਰ ਵਿੱਚੋਂ ਲੈਣ ਲਈ ਕਹਿ ਦਿੱਤਾ ਗਿਆ। ਹਲਾਤ ਇਹ ਹਨ ਕਿ ਸਿਵਲ ਹਸਪਤਾਲ 'ਚ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਕੈਲਸ਼ੀਅਮ ਦੀਆਂ ਗੋਲੀਆਂ ਤੱਕ ਨਹੀਂ ਹਨ। ਤਰਸੇਮ ਸਿੰਘ ਨੇ ਦੱਸਿਆ ਕਿ ਉਸ ਨੂੰ ਕੈਲਸ਼ੀਅਮ ਤੇ ਡਾਕਟਰ ਵੱਲੋਂ ਲਿਖੀਆਂ ਗਈਆਂ ਦਵਾਈਆਂ ਮਹਿੰਗੇ ਮੁੱਲ 'ਤੇ ਲੈਣੀਆਂ ਪੈ ਰਹੀਆਂ ਹਨ। ਉਸ ਨੇ ਡਾਕਟਰਾਂ 'ਤੇ ਕਮਿਸ਼ਨ ਲੈਣ ਦੇ ਦੋਸ਼ ਵੀ ਲਾਏ। ਹਸਪਤਾਲ 'ਚ ਇਲਾਜ ਲਈ ਪੁੱਜੀ ਕੁਲਵਿੰਦਰ ਕੌਰ ਦੇ ਹੱਥ ਡਾਕਟਰਾਂ ਨੇ ਦਵਾਈ ਦੀ ਪਰਚੀ ਲਿਖ ਕੇ ਫੜਾ ਦਿੱਤੀ ਪਰ ਜਦੋਂ ਹਸਪਤਾਲ 'ਚ ਦਵਾਈ ਨਾ ਮਿਲੀ ਤਾਂ ਉਹ ਪ੍ਰਾਈਵੇਟ ਕੈਮਿਸਟ ਕੋਲ ਜਾ ਪੁੱਜੀ। ਉਸ ਨੇ ਦੱਸਿਆ ਕਿ ਡਾਕਟਰ ਵੱਲੋਂ ਲਿਖੀ ਗਈ ਦਵਾਈ ਦਾ ਇੱਕ ਪੱਤਾ ੧੮੦ ਰੁਪਏ ਦੇ ਹਿਸਾਬ ਨਾਲ ਮਿਲਿਆ ਤੇ ਉਸ ਨੂੰ ਮਜ਼ਬੁਰੀ ਵੱਸ ੭੦੦ ਰੁਪਏ ਦੀ ਦਵਾਈ ਖਰੀਦਣੀ ਪਈ। ਹੈਰਾਨੀਜਨਕ ਤੱਥ ਤਾਂ ਇਹ ਹੈ ਕਿ ਸਰਕਾਰੀ ਹਸਪਤਾਲਾਂ 'ਚ ੨ ਤੋਂ ੫ ਰੁਪਏ ਦੀ ਲਾਗਤ ਵਾਲੀਆਂ ਜੈਨਰਿਕ ਦਵਾਈਆਂ ਨਹੀਂ ਹਨ। ਹਸਪਤਾਲ ਦੇ ਅਧਿਕਾਰੀ ਕਹਿੰਦੇ ਹਨ ਕਿ ਜਦੋਂ ਵੀ ਉੱਚ ਅਧਿਕਾਰੀਆਂ ਨੂੰ ਦਵਾਈਆਂ ਦੀ ਕਮੀ ਬਾਰੇ ਲਿਖਿਆ ਜਾਂਦਾ ਹੈ ਤਾਂ ਜਵਾਬ ਮਿਲਦਾ ਹੈ ਕਿ 'ਫੰਡਾਂ ਦੀ ਘਾਟ' ਹੈ। ਸਿਵਲ ਹਸਪਤਾਲ ਮੋਗਾ ਦੇ ਦਵਾਈ ਸਟੋਰ 'ਤੇ ਤਾਇਨਾਤ ਫਾਰਮਾਸਿਸਟ ਅਨਿਲ ਕੁਮਾਰ ਸਿੰਗਲਾ ਨੇ ਤਾਂ ਉਨਾਂ ਸਸਤੀਆਂ ਦਵਾਈਆਂ ਦੇ ਨਾਂ ਵੀ ਗਿਣਾਏ ਜਿਹੜੀਆਂ ਦਵਾਈਆਂ ਪੰਜਾਬ ਸਰਕਾਰ ਲੈਣ ਤੋਂ ਅਸਮਰੱਥਤਾ ਪ੍ਰਗਟ ਕਰ ਰਹੀ ਹੈ। ਅਨਿਲ ਕੁਮਾਰ ਸਿੰਗਲਾ ਨੇ ਕਿਹਾ ਕਿ ਜਦੋਂ ਵੀ ਉਹ ਦਵਾਈਆਂ ਦੀ ਕਮੀ ਬਾਰੇ ਸਰਕਾਰ ਤੱਕ ਆਵਾਜ਼ ਪਹੁੰਚਾਉਂਦੇ ਹਨ ਤਾਂ ਫੰਡਾਂ ਦੀ ਘਾਟ ਹੀ ਸਾਹਮਣੇ ਆ ਜਾਂਦੀ ਹੈ। ਦਵਾਈਆਂ ਦੀ ਕਮੀ ਨਾਲ ਜੂਝਦੇ ਸਰਕਾਰੀ ਹਸਪਤਾਲ 'ਚ ਗਰੀਬ ਮਰੀਜ਼ਾਂ ਦੀ ਹੋ ਰਹੀ ਹੈ ਦੁਰਦਸ਼ਾਅਕਾਲੀ-ਭਾਜਪਾ ਸਰਕਾਰ ਸਮੇਂ ਸਿਹਤ ਸੇਵਾਵਾਂ ਲੈਣ ਸਬੰਧੀ ਜਾਰੀ ਕੀਤੇ ਗਏ ਭਗਤ ਪੂਰਨ ਸਿੰਘ ਕਾਰਡ ਲੈ ਕੇ ਮੁਫ਼ਤ ਦਵਾਈ ਲੈਣ ਦੀ ਦੁਹਾਈ ਪਾ ਰਹੇ ਮੋਗਾ ਦੇ ਰਹਿਣ ਵਾਲੇ ਮਰੀਜ਼ ਤਿਰਲੋਚਨ ਸਿੰਘ ਨੇ ਦੱਸਿਆ ਕਿ ਹਸਪਤਾਲ 'ਚ ਦਵਾਈਆਂ ਨਹੀਂ ਹਨ ਤੇ ਉਸ ਨੂੰ ਹੁਣ ਮਜ਼ਬੂਰੀ ਵੱਸ ੬੦ ਰੁਪਏ ਖਰਚ ਕੇ ਦਵਾਈ ਲੈਣੀ ਪਈ ਹੈ। ਦਵਾਈਆਂ ਦੀ ਕਮੀ ਨਾਲ ਜੂਝਦੇ ਸਰਕਾਰੀ ਹਸਪਤਾਲ 'ਚ ਗਰੀਬ ਮਰੀਜ਼ਾਂ ਦੀ ਹੋ ਰਹੀ ਹੈ ਦੁਰਦਸ਼ਾਜ਼ਿਲਾ ਮੋਗਾ ਦੇ ਸਿਵਲ ਸਰਜਨ ਡਾ. ਐਸ.ਕੇ.ਜੈਨ ਨੇ ਮੰਨਿਆਂ ਕਿ ਹਸਪਤਾਲ 'ਚ ਪਿਛਲੇ ਕੁੱਝ ਸਮੇਂ ਤੋਂ ਦਵਾਈਆਂ ਦੀ ਕਮੀ ਜ਼ਰੂਰ ਹੈ ਤੇ ਇਸ ਸਬੰਧੀ ਸਿਹਤ ਮਹਿਕਮੇ ਦੇ ਆਲ੍ਹਾ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਜਿਵੇਂ ਹੀ ਸਰਕਾਰ ਵੱਲੋਂ ਦਵਾਈਆਂ ਭੇਜੀਆਂ ਜਾਂਦੀਆਂ ਹਨ ਉਸ ਮਗਰੋਂ ਜ਼ਿਲੇ ਦੇ ਸਮੁੱਚੇ ਸਿਵਲ ਹਸਪਤਾਲਾਂ ਨੂੰ ਲੋੜੀਂਦੀਆਂ ਦਵਾਈਆਂ ਜਾਰੀ ਕਰ ਦਿੱਤੀਆਂ ਜਾਣਗੀਆਂ। —PTC News


  • Tags

Top News view more...

Latest News view more...