Thu, Apr 18, 2024
Whatsapp

ਖੇਤਾਂ ਵਿੱਚ ਸੌਰ ੳੂਰਜਾ ਉਤਪਾਦਨ ਦੇ ਪਾਇਲਟ ਪ੍ਰਾਜੈਕਟ ਨੂੰ ਹਰੀ ਝੰਡੀ

Written by  Joshi -- July 17th 2018 07:15 AM -- Updated: July 17th 2018 07:17 AM
ਖੇਤਾਂ ਵਿੱਚ ਸੌਰ ੳੂਰਜਾ ਉਤਪਾਦਨ ਦੇ ਪਾਇਲਟ ਪ੍ਰਾਜੈਕਟ ਨੂੰ ਹਰੀ ਝੰਡੀ

ਖੇਤਾਂ ਵਿੱਚ ਸੌਰ ੳੂਰਜਾ ਉਤਪਾਦਨ ਦੇ ਪਾਇਲਟ ਪ੍ਰਾਜੈਕਟ ਨੂੰ ਹਰੀ ਝੰਡੀ

ਮੁੱਖ ਮੰਤਰੀ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤਾਂ ਵਿੱਚ ਸੌਰ ੳੂਰਜਾ ਉਤਪਾਦਨ ਦੇ ਪਾਇਲਟ ਪ੍ਰਾਜੈਕਟ ਨੂੰ ਹਰੀ ਝੰਡੀ ਚੰਡੀਗੜ, 16 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮੱਦੇਨਜ਼ਰ ਕਿਰਾਏ ਦੇ ਆਧਾਰ ’ਤੇ ਖੇਤੀਬਾੜੀ ਵਾਲੀ ਜ਼ਮੀਨ ’ਤੇ ਸੌਰ ੳੂਰਜਾ ਪੈਦਾ ਕਰਨ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੰਦਿਆਂ ਕਿਸਾਨਾਂ ਨੂੰ ਵੱਧ ਕੀਮਤਾਂ ਵਾਲੇ ਫਲ ਤੇ ਸਬਜ਼ੀਆਂ ਦੇ ਉਤਪਾਦਨ ਦੀ ਵੀ ਇਜਾਜ਼ਤ ਦੇ ਦਿੱਤੀ। ਅੱਜ ਸ਼ਾਮ ਇੱਥੇ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ’ਤੇ ਸੀ.ਆਈ.ਆਈ. ਦੇ ਕੌਮੀ ਪ੍ਰਧਾਨ ਰਾਕੇਸ਼ ਭਾਰਤੀ ਮਿੱਤਲ ਦੀ ਅਗਵਾਈ ਵਿੱਚ ਵਫ਼ਦ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਸ਼ਟਰ ਵਿਖੇ ਸੀ.ਆਈ.ਆਈ. ਦੀ ਨਿਗਰਾਨੀ ਹੇਠ ਵਿਕਸਤ ਕੀਤੇ ਅਜਿਹੇ ਹੀ ਪ੍ਰਾਜੈਕਟ ਨੂੰ ਘੋਖਣ ਲਈ ਪੰਜਾਬ ੳੂਰਜਾ ਵਿਕਾਸ ਏਜੰਸੀ (ਪੇਡਾ) ਅਤੇ ਖੇਤੀਬਾੜੀ ਤੇ ਬਾਗਬਾਨੀ ਦੇ ਸੀਨੀਅਰ ਅਧਿਕਾਰੀਆਂ ਦਾ ਸਾਂਝਾ ਵਫ਼ਦ ਉਥੇ ਭੇਜਣ ਲਈ ਸਹਿਮਤੀ ਦਿੱਤੀ। ਸੀ.ਆਈ.ਆਈ. ਦੇ ਡਾਇਰੈਕਟਰ ਜਨਰਲ ਚੰਦਰਾਜੀਤ ਬੈਨਰਜੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪ੍ਰਾਈਵੇਟ ਕੰਪਨੀਆਂ ਘੱਟੋ-ਘੱਟ 25 ਸਾਲਾਂ ਦੀ ਲੀਜ਼ ’ਤੇ ਕਿਸਾਨਾਂ ਦੀ ਜ਼ਮੀਨ ਉਪਰ ਸੋਲਰ ਪਲਾਂਟਾਂ ਦੀ ਸਥਾਪਨਾ ਕਰਨ ਦੀਆਂ ਇਛੁੱਕ ਹਨ। ਕਿਸਾਨਾਂ ਨੂੰ ਫਸਲੀ ਵੰਨ-ਸੁਵੰਨਤਾ ਵੱਲ ਮੋੜਨ ਲਈ ਉਤਸ਼ਾਹਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਅਜਿਹੇ ਪ੍ਰਾਜੈਕਟ ਕੰਢੀ ਖੇਤਰਾਂ ਅਤੇ ਦੱਖਣ-ਪੂਰਬੀ ਪੰਜਾਬ ਖਾਸ ਕਰਕੇ ਕਿਨੂੰਆਂ ਦੇ ਬਾਗ ਵਾਲੇ ਇਲਾਕਿਆਂ ਅਤੇ ਲੁਧਿਆਣਾ ਤੇ ਮਲੇਰਕੋਟਲਾ ਵਿੱਚ ਸਬਜ਼ੀਆਂ ਪੈਦਾ ਕਰਨ ਵਾਲੇ ਖੇਤਰਾਂ ਵਿੱਚ ਲਾਏ ਜਾ ਸਕਦੇ ਹਨ। ਮੁੱਖ ਮੰਤਰੀ ਨੇ ਸੀ.ਆਈ.ਆਈ. ਦੇ ਸੁਝਾਅ ’ਤੇ ‘ਹਰਿਆਵਲੀ ਇਮਾਰਤ’ (ਗਰੀਨ ਬਿਲਡਿੰਗ) ਦੇ ਪਾਇਲਟ ਪ੍ਰਾਜੈਕਟ ਨੂੰ ਹਰੀ ਝੰਡੀ ਦਿੰਦਿਆਂ ਮੁਹਾਲੀ ਵਿੱਚ ਸਥਾਪਤ ਕੀਤੇ ਜਾਣ ਵਾਲੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਸ ਪ੍ਰਾਜੈਕਟ ਨੂੰ ਅਮਲ ਵਿੱਚ ਲਿਆਉਣ ਦੀ ਇੱਛਾ ਜ਼ਾਹਰ ਕੀਤੀ। ਉਨਾਂ ਨੇ ਆਪਣੇ ਪ੍ਰਮੁੱਖ ਸਕੱਤਰ ਨੂੰ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਨਾਲ ਸਲਾਹ-ਮਸ਼ਵਰਾ ਕਰਕੇ ਢੁਕਵੀਂ ਰੂਪ-ਰੇਖਾ ਉਲੀਕਣ ਲਈ ਆਖਿਆ। ਸੀ.ਆਈ.ਆਈ. ਵਫ਼ਦ ਦੀ ਅਪੀਲ ਨਾਲ ਸਹਿਮਤੀ ਹੁੰਦਿਆਂ ਮੁੱਖ ਮੰਤਰੀ ਨੇ ਆਪਣੇ ਪ੍ਰਮੁੱਖ ਸਕੱਤਰ ਨੂੰ ਦਿੱਲੀ ਅਤੇ ਲੁਧਿਆਣਾ ਦਰਮਿਆਨ ਹਵਾਈ ਉਡਾਨਾਂ ਦੀ ਗਿਣਤੀ ਵਧਾਉਣ ਲਈ ਪ੍ਰਵਾਨਗੀਆਂ ਸਬੰਧੀ ਤੁਰੰਤ ਕਦਮ ਚੁੱਕੇ ਜਾਣ ਲਈ ਆਖਿਆ ਤਾਂ ਕਿ ਵਪਾਰ ਨੂੰ ਹੋਰ ਹੁਲਾਰਾ ਮਿਲ ਸਕੇ। solar energy project to start in Punjabਮੁੱਖ ਮੰਤਰੀ ਨੇ ਭਾਰਤ ਵਿੱਚ ਸੀ.ਆਈ.ਆਈ. ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਲਈ ਹੁਨਰ ਸਿਖਾਉਣ, ਕਰੀਅਰ ਕੌਸਲਿੰਗ ਸਮੇਤ ਹੋਰ ਲੋੜੀਂਦੀ ਸਿਖਲਾਈ ਦੇਣ ਲਈ ਦੇਸ਼ ਭਰ ਵਿੱਚ ਮਾਡਲ ਕਰੀਅਰ ਸੈਂਟਰ ਸਥਾਪਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਾ ਸਿਰਫ ਦੇਸ਼ ਵਿੱਚ ਸਗੋਂ ਵਿਦੇਸ਼ ਵਿੱਚ ਵਧੀਆ ਰੁਜ਼ਗਾਰ ਹਾਸਲ ਕਰਨ ਦੇ ਕਾਬਲ ਬਣਾਉਣ ਲਈ ਸੀ.ਆਈ.ਆਈ. ਦੇ ਸਹਿਯੋਗ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਉਦਯੋਗਿਕ ਸਿਖਲਾਈ ਸੰਸਥਾਵਾਂ ਦਾ ਬਹੁਤ ਵੱਡਾ ਨੈਟਵਰਕ ਹੈ ਜਿੱਥੇ ਨੌਜਵਾਨਾਂ ਨੂੰ ਨਾ ਸਿਰਫ ਸਥਾਨਕ ਸਨਅਤਾਂ ਦੀ ਲੋੜਾਂ ਮੁਤਾਬਕ ਵੱਖ-ਵੱਖ ਕਿੱਤਿਆਂ ਵਿੱਚ ਸਿਖਲਾਈ ਦਿੱਤੀ ਜਾ ਸਕਦੀ ਹੈ ਸਗੋਂ ਉਨਾਂ ਨੂੰ ਦੇਸ਼ ਅਤੇ ਵਿਦੇਸ਼ੀ ਮੁਲਕਾਂ ਵਿੱਚ ਸਿੱਖਿਅਤ ਕਾਮਿਆਂ ਵਜੋਂ ਤਿਆਰ ਕੀਤਾ ਜਾ ਸਕਦਾ। ਸੂਬੇ ਵਿੱਚ ਲੌਜਿਸਟਿਕ ਸੈਕਟਰ ਨੂੰ ਵਿਕਸਤ ਕਰਨ ਲਈ ਗਹਿਰੀ ਦਿਲਚਸਪੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਉਚ ਦਰਜੇ ਦਾ ਲੌਜਿਸਟਿਕ ਸੈਂਟਰ ਸਥਾਪਤ ਕਰਨ ਲਈ ਸੀ.ਆਈ.ਆਈ. ਪਾਸੋਂ ਸਹਿਯੋਗ ਦੀ ਮੰਗ ਕੀਤੀ। ਉਨਾਂ ਕਿਹਾ ਕਿ ਇਸ ਉੱਦਮ ਨਾਲ ਫਲ, ਸਬਜ਼ੀਆਂ, ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਅਤੇ ਮੱਛੀ ਤੇ ਅੰਡਿਆਂ ਵਰਗੀਆਂ ਖਰਾਬ ਹੋਣ ਵਾਲੀਆਂ ਵਸਤਾਂ ਦੀ ਆਵਾਜਾਈ ਅਤੇ ਸਟੋਰ ਕਰਨ ਵਿੱਚ ਸੁਧਾਰ ਲਿਆ ਕੇ ਕਿਸਾਨਾਂ ਦੀ ਆਮਦਨ ਵਿੱਚ ਹੋਰ ਵਾਧਾ ਕੀਤਾ ਜਾਵੇਗਾ। solar energy project to start in Punjabਸੀ.ਆਈ.ਆਈ. ਦੇ ਮੁਖੀ ਨੇ ਮੁੱਖ ਮੰਤਰੀ ਨੂੰ ਰਾਜ ਵਿੱਚ ਉਦਯੋਗਿਕ ਸੁਰਜੀਤੀ ਲਈ ਉਨਾਂ ਦੀਆਂ ਪਹਿਲਕਦਮੀਆਂ ਲਈ ਵਧਾਈ ਦਿੱਤੀ। ਸ੍ਰੀ ਮਿੱਤਲ ਨੇ ਖਾਸ ਤੌਰ ‘ਤੇ ਰਿਕਾਰਡ ਸਮੇਂ ਵਿੱਚ ਨਵੀਂ ਸਨਅਤੀ ਨੀਤੀ ਨੂੰ ਲਾਗੂ ਕਰਨ, ਬਿਜਲੀ ਦਰਾਂ ਵਿੱਚ ਕਟੌਤੀ, ਪੰਜਾਬ ਸਟਾਰਟ ਅੱਪ ਅਤੇ ਉੱਦਮ ਨੀਤੀ-2017 ਅਤੇ ਮਹਿਲਾਵਾਂ ਨੂੰ ਆਪਣਾ ਕਾਰੋਬਾਰ ਚਲਾਉਣ ਵਿੱਚ ਸਹਾਇਤਾ ਕਰਨ ਵਰਗੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਸੀ.ਆਈ.ਆਈ. ਛੇਤੀ ਹੀ ਉਦਯੋਗਿਕ ਸ਼ਹਿਰਾਂ ਵਿੱਚ ਰੁਜ਼ਗਾਰ ਲਈ ਉਦਯੋਗਿਕ ਮਾਡਲ ਕਰੀਅਰ ਸੈਂਟਰ ਖੋਲੇਗੀ। ਹੁਣ ਤੱਕ 1600 ਤੋਂ ਵੱਧ ਕੰਪਨੀਆਂ ਵਿੱਚ ਕਰੀਬ 55 ਹਜ਼ਾਰ ਉਮੀਦਵਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਾਇਆ ਗਿਆ ਹੈ। ਇਸ ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਪ੍ਰਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ, ਪ੍ਰਮੁੱਖ ਸਕੱਤਰ ਉਦਯੋਗ ਰਾਕੇਸ਼ ਵਰਮਾ, ਸੀ.ਈ.ਓ. ਨਿਵੇਸ਼ ਪੰਜਾਬ ਰਜਤ ਅਗਰਵਾਲ ਸ਼ਾਮਲ ਸਨ। ਵਫ਼ਦ ਵਿੱਚ ਸੀ.ਆਈ.ਆਈ. ਉੱਤਰੀ ਖੇਤਰ ਦੇ ਚੇਅਰਮੈਨ ਸਚਿਤ ਜੈਨ, ਸੀ ਆਈ ਆਈ ਪੰਜਾਬ ਸਟੇਟ ਕੌਂਸਲ ਦੇ ਚੇਅਰਮੈਨ ਸਰਵਜੀਤ ਸਮਰਾ, ਰੀਜਨਲ ਡਾਇਰੈਕਟਰ ਸੀ.ਆਈ.ਆਈ. ਨਾਰਦਨ ਰੀਜਨ ਅੰਕੁਰ ਸਿੰਘ ਚੌਹਾਨ, ਸੀ.ਆਈ.ਆਈ. ਪੰਜਾਬ ਰਾਜ ਦੇ ਮੁਖੀ ਭੁਪਿੰਦਰ ਪਾਲ ਕੌਰ ਅਤੇ ਡਿਪਟੀ ਡਾਇਰੈਕਟਰ ਸੀ.ਆਈ.ਆਈ. ਪੰਜਾਬ ਰਾਜ ਜਗਮੀਤ ਸਿੰਘ ਬੇਦੀ ਸ਼ਾਮਲ ਸਨ। —PTC News


Top News view more...

Latest News view more...