News in Punjabi

ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਲਈ ਮੁਕੰਮਲ ਕਰਜ਼ਾ ਮੁਆਫੀ ਦੀ ਮੰਗ ਕਰਨ ਵਾਲਾ ਪ੍ਰਸਤਾਵ ਪਾਸ

By Joshi -- June 13, 2017 8:06 pm -- Updated:Feb 15, 2021

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਤੁਰੰਤ ਮੁਕੰਮਲ ਕਰਜ਼ਾ ਮੁਆਫੀ ਦੀ ਮੰਗ ਕਰਨ ਵਾਲਾ ਪ੍ਰਸਤਾਵ ਪਾਸ ਕੀਤਾ ਹੈ।

ਪਾਰਟੀ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਕਿਹਾ ਕਿ ਇਸ ਤਰ•ਾਂ ਲੱਗਦਾ ਹੈ ਕਿ ਕਾਂਗਰਸ ਰਾਸ਼ਟਰੀ ਬੈਂਕਾਂ, ਸਹਿਕਾਰੀ ਬੈਂਕਾਂ ਅਤੇ ਅਤੇ ਆੜਤੀਆਂ ਦੁਆਰਾ ਦਿੱਤੇ ਗੈਰ ਸੰਸਥਾਤਮਕ ਕਰਜ਼ਿਆਂ ਨੂੰ ਮੁਕੰਮਲ ਤੌਰ ਤੇ ਮੁਆਫ ਕਰਨ ਦੇ ਵਾਅਦੇ ਤੋਂ ਪਲਟਣ ਦੀ ਕੋਸ਼ਿਸ਼ ਕਰ ਰਹੀ ਹੈ। ਕੋਰ ਕਮੇਟੀ ਨੇ ਫੈਸਲਾ ਕੀਤਾ ਕਿ ਅਸੀਂ ਇਸ ਸਰਕਾਰ ਨੂੰ ਲੋਕਾਂ ਨੂੰ ਮੂਰਖ ਬਣਾਉਣ ਅਤੇ ਆਪਣੇ ਫਰਜ਼ ਤੋਂ ਭੱਜਣ ਦੀ ਆਗਿਆ ਨਹੀਂ ਦੇਵਾਂਗੇ।  ਅਸੀਂ ਸਰਕਾਰ ਉੱਤੇ ਉਹਨਾਂ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਵਾਉਣ ਲਈ ਵੀ ਦਬਾਅ ਪਾਵਾਂਗੇ, ਜਿਹੜੇ ਖੇਤੀ ਅਰਥ ਵਿਵਸਥਾ ਦਾ ਹਿੱਸਾ ਹਨ। ਉਹਨਾਂ ਨੂੰ ਕਿਸੇ ਵੀ ਕੀਮਤ ਉੱਤੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਜੇਕਰ ਸਰਕਾਰ ਇਸ ਮੰਗ ਨੂੰ ਪੂਰਾ ਨਹੀਂ ਕਰਦੀ ਤਾਂ ਅਸੀਂ ਇਹ ਮੰਗ ਮਨਵਾਉਣ ਲਈ ਇੱਕ ਵੱਡਾ ਜਨ ਅੰਦੋਲਨ ਸ਼ੁਰੂ ਕਰਾਂਗੇ।
ਕੋਰ ਕਮੇਟੀ ਨੇ ਇਸ ਗੱਲ ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਅਤੇ ਮੁੱਖ ਮੰਤਰੀ ਤਕ ਪਹੁੰਚ ਕਰਨ ਦਾ ਫੈਸਲਾ ਕੀਤਾ ਕਿ ਕੱਲ• ਨੂੰ ਸਦਨ ਵਿਚ ਸਾਬਕਾ ਡੀਜੀਪੀ ਕੈਪੀਐਲ ਗਿੱਲ ਕੋਈ ਸ਼ਰਧਾਂਜਲੀ ਨਾ ਦਿੱਤੀ ਜਾਵੇ। ਇਹ ਫੈਸਲਾ ਕੀਤਾ ਗਿਆ ਕਿ ਅਕਾਲੀ ਦਲ ਵਿਧਾਇਕ ਪਾਰਟੀ ਦਾ ਆਗੂ ਇਸ ਸੰਬੰਧ ਵਿਚ ਸਪੀਕਰ ਅਤੇ ਮੁੱਖ ਮੰਤਰੀ ਨੂੰ ਲਿਖੇਗਾ ਅਤੇ ਸਪੀਕਰ ਨੂੰ ਗਿੱਲ ਦਾ ਨਾਂ ਸ਼ਰਧਾਂਜਲੀਆਂ ਵਾਲੀ ਸੂਚੀ ਤੋਂ ਹਟਾਉਣ ਲਈ ਕਿਹਾ ਜਾਵੇਗਾ। ਇਹ ਵੀ ਕਿਹਾ ਗਿਆ ਕਿ

ਮੁੱਖ ਮੰਤਰੀ ਨੂੰ ਬੇਨਤੀ ਕੀਤੀ ਜਾਵੇਗੀ ਕਿ ਸਾਬਕਾ ਡੀਜੀਪੀ ਦਾ ਨਾਂ ਹਟਾਉਣ ਮਗਰੋਂ ਹੀ ਸ਼ਰਧਾਂਜਲੀਆਂ ਵਾਲੀ ਸੂਚੀ ਤਿਆਰ ਕੀਤੀ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਨੇ ਜ਼ਿਕਰ ਕੀਤਾ ਕਿ ਗਿੱਲ ਨੇ ਆਪਣੇ ਡੀਜੀਪੀ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀਆਂ ਬਹੁਤ ਸਾਰੀਆਂ ਉਲੰਘਣਾਵਾਂ ਕੀਤੀਆਂ ਸਨ।  ਉਹਨਾਂ ਕਿਹਾ ਕਿ ਗਿੱਲ ਦੀ ਅਗਵਾਈ ਵਿਚ ਸੈਂਕੜੇ ਹੀ ਸਿੱਖ ਨੌਜਵਾਨਾਂ ਨੂੰ ਲਾਪਤਾ ਕਰ ਦਿੱਤਾ ਗਿਆ ਸੀ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਾਲ ਹੀ ਵਿਚ ਇੱਕ ਕੇਸ ਬਾਰੇ ਦੱਸਿਆ ਸੀ ਕਿ ਉਸ ਨੇ 1991 ਵਿਚ ਜਿਹਨਾਂ 21 ਸਿੱਖ ਨੌਜਵਾਨਾਂ ਕੋਲੋਂ ਆਤਮ ਸਮਰਪਣ ਕਰਵਾਇਆ ਸੀ, ਉਹਨਾਂ ਨੂੰ ਪੁਲਿਸ ਨੇ ਮਾਰ ਮੁਕਾਇਆ ਸੀ। ਉਹਨਾਂ ਕਿਹਾ ਕਿ ਇਸ ਮਾਮਲੇ ਅਤੇ ਗਿੱਲ ਦੀ ਭੂਮਿਕਾ ਸੰਬੰਧੀ  ਹੋਰ ਸਬੂਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੱਲ• ਦੀ ਸ਼ਰਧਾਂਜਲੀਆਂ ਵਾਲੀ ਸੂਚੀ ਵਿਚ ਉਸ ਦਾ ਨਾਂ ਸ਼ਾਮਿਲ ਕਰਨਾ ਠੀਕ ਨਹੀਂ ਹੋਵੇਗਾ।
ਇਸੇ ਦੌਰਾਨ ਕੋਰ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਪਾਰਟੀ ਸਾਂਸਦਾਂ ਦਾ ਇੱਕ ਵਫਦ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਮਿਲੇਗਾ ਅਤੇ ਕਿਸਾਨਾਂ ਨਾਲ ਜੁੜੀਆਂ ਵਸਤਾਂ ਉੱਤੇ ਜੀਐਸਟੀ ਵਿਚ ਸੋਧ ਕੀਤੇ ਜਾਣ ਦੀ ਮੰਗ ਕਰੇਗਾ। ਉਹਨਾਂ ਕਿਹਾ ਕਿ ਇਹ ਵਫਦ ਖਾਦਾਂ, ਕੀਟਨਾਸ਼ਕ ਦਵਾਈਆਂ, ਟੈਕਸਟਾਈਲਜ਼, ਪ੍ਰੋਸੈਸਡ ਫੂਡ ਅਤੇ ਵੈਜੀਟੇਬਲ ਜੂਸਾਂ ਉੱਤੇ ਜੀਐਸਟੀ ਘਟਾਏ ਜਾਣ ਦੀ ਮੰਗ ਕਰੇਗਾ।

ਅੱਜ ਹੋਈ ਇਸ ਕੋਰ ਕਮੇਟੀ ਦੀ ਮੀਟਿੰਗ ਵਿਚ ਸਰਦਾਰ ਸੁਖਦੇਵ ਸਿੰਘ ਢੀਂਡਸਾ, ਸਰਦਾਰ ਬਲਵਿੰਦਰ ਸਿੰਘ ਭੂੰਦੜ, ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਰਦਾਰ ਕਿਰਪਾਲ ਸਿੰਘ ਬਡੂੰਗਰ, ਬੀਬੀ ਜਾਗੀਰ ਕੌਰ, ਸਰਦਾਰ ਚਰਨਜੀਤ ਸਿੰਘ ਅਟਵਾਲ, ਬੀਬੀ ਉਪਿੰਦਰਜੀਤ ਕੌਰ, ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਸੁੱਚਾ ਸਿੰਘ ਲੰਗਾਹ, ਸਰਦਾਰ ਅਜੀਤ ਸਿੰਘ ਕੋਹਾੜ, ਸਰਦਾਰ ਜਨਮੇਜਾ ਸਿੰਘ ਸੇਂਖੋ, ਸਰਦਾਰ ਸਿਕੰਦਰ ਸਿੰਘ ਮਲੂਕਾ, ਡਾਕਟਰ ਦਲਜੀਤ ਸਿੰਘ ਚੀਮਾ, ਸਰਦਾਰ ਗੁਲਜ਼ਾਰ ਸਿੰਘ ਰਣੀਕੇ, ਸਰਦਾਰ ਹਰੀ ਸਿੰਘ ਜ਼ੀਰਾ, ਸਰਦਾਰ ਸੇਵਾ ਸਿੰਘ ਸੇਖਵਾਂ, ਅਵਤਾਰ ਸਿੰਘ ਹਿੱਤ, ਸਰਦਾਰ ਬਿਕਰਮ ਸਿੰਘ ਮਜੀਠੀਆ, ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸਰਦਾਰ ਸੁਰਜੀਤ ਸਿੰਘ ਰੱਖੜਾ ਅਤੇ ਸਰਦਾਰ ਬਲਦੇਵ ਸਿੰਘ ਮਾਨ ਸ਼ਾਮਿਲ ਸਨ।   

—PTC News