ਮੁੱਖ ਖਬਰਾਂ

ਅਕਾਲੀ-ਭਾਜਪਾ ਨੇ ਮਨਪ੍ਰੀਤ ਬਾਦਲ ਦੀ ਝੂਠੀ ਕਰਜ਼ਾ ਮੁਆਫੀ ਸਕੀਮ ਘੜਣ ਲਈ ਕੀਤੀ ਨਿਖੇਧੀ

By Joshi -- June 24, 2017 6:06 pm -- Updated:Feb 15, 2021

ਸੁਖਬੀਰ ਬਾਦਲ ਨੇ ਕਿਹਾ ਕਿ ਮਨਪ੍ਰੀਤ ਨੇ ਕੀਤੇ ਵਾਅਦੇ ਪੁਗਾਉਣ ਲਈ ਬਜਟ ਵਿਚ ਕੋਈ ਪ੍ਰਬੰਧ ਨਾ ਰੱਖ ਕੇ ਪੰਜਾਬੀਆ ਨਾਲ ਕੋਝਾ ਮਜ਼ਾਕ ਕੀਤਾ

 ਚੰਡੀਗੜ: ਸ਼੍ਰੋਮਣੀ ਅਕਾਲੀ ਦਲ -ਭਾਰਤੀਆ ਜਨਤਾ ਪਾਰਟੀ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਜਿਹੀ ਝੂਠੀ ਕਰਜ਼ਾ ਮੁਆਫੀ ਸਕੀਮ ਘੜਣ ਲਈ ਸਖਤ ਨਿਖੇਧੀ ਕੀਤੀ ਹੈ, ਜਿਹੜੀ ਗਰੀਬ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੰਦੀ। ਇਸ ਦੇ ਨਾਲ ਹੀ ਗਠਜੋੜ ਨੇ ਇਹ ਵੀ ਕਿਹਾ  ਹੈ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਉਸ ਨੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਬਜਟ ਵਿਚ ਕੋਈ ਵੀ ਪ੍ਰਬੰਧ ਨਾ ਰੱਖ ਕੇ ਉਹਨਾਂ ਨਾਲ ਕੋਝਾ ਮਜ਼ਾਕ ਕਿਉਂ ਕੀਤਾ ਹੈ?

ਇੱਥੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛਿਆ ਕਿ ਉਹ ਦੱਸੇ ਕਿ ਉਸ ਵੱਲੋਂ ਐਲਾਨੀ ਕਰਜ਼ਾ ਮੁਆਫੀ ਸਕੀਮ ਸਾਰੇ ਕਿਸਾਨਾਂ ਉੱਤੇ ਲਾਗੂ ਹੁੰਦੀ ਹੈ ਜਾਂ ਇਹ ਸਿਰਫ ਫਸਲੀ ਕਰਜ਼ਿਆਂ ਤਕ ਹੀ ਸੀਮਤ ਹੈ? ਵਿੱਤ ਮੰਤਰੀ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕੀ ਇਸ ਸਕੀਮ ਤਹਿਤ ਸਿਰਫ ਸਹਿਕਾਰੀ ਕਰਜ਼ੇ ਹੀ ਮੁਆਫ ਕੀਤੇ ਜਾਣਗੇ ਜਾਂ ਇਹ ਸਕੀਮ ਰਾਸਟਰੀਕ੍ਰਿਤ ਅਤੇ ਸਹਿਕਾਰੀ ਬੈਂਕਾਂ ਦੇ ਕਰਜ਼ਿਆਂ ਅਤੇ ਆੜ•ਤੀਆਂ ਦੇ ਕਰਜ਼ਿਆਂ ਉੱਤੇ ਵੀ ਲਾਗੂ ਹੋਵੇਗੀ? ਉਹਨਾਂ ਕਿਹਾ ਕਿ ਇਹ ਮਹਿਸੂਸ  ਕੀਤਾ ਜਾ ਰਿਹਾ ਹੈ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ,ਕਿਉਂਕਿ ਫਸਲੀ ਕਰਜ਼ਾ ਲੈਣ ਵਾਲੇ ਮੱਧ ਵਰਗੀ ਅਤੇ ਅਮੀਰ ਕਿਸਾਨਾਂ ਨੂੰ ਵੀ ਫਾਇਦਾ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਇਹ ਵੀ ਦੱਸੇ ਕਿ ਕੀ ਖੇਤ ਮਜ਼ਦੂਰਾਂ ਨੂੰ ਇਸ ਝੂਠੀ ਕਰਜ਼ਾ ਮੁਆਫੀ ਸਕੀਮ ਦੇ ਅੰਦਰ ਰੱਖਿਆ ਗਿਆ ਹੈ ਅਤੇ 90 ਹਜ਼ਾਰ ਕਰੋੜ ਦੇ ਕਰਜ਼ਿਆਂ ਦੇ ਨਿਬੇੜੇ ਵਾਸਤੇ ਬਜਟ ਵਿਚ ਸਿਰਫ 1500 ਕਰੋੜ ਰੁਪਏ ਦੀ ਰਾਸ਼ੀ ਕਿਉਂ ਰੱਖੀ ਗਈ ਹੈ?

ਸਰਦਾਰ ਬਾਦਲ, ਜਿਹਨਾਂ ਨਾਲ ਸੀਨੀਅਰ ਭਾਜਪਾ ਆਗੂ ਸੋਮ ਪ੍ਰਕਾਸ਼ ਵੀ ਸਨ, ਨੇ ਕਿਹਾ ਕਿ ਵਿੱਤ ਮੰਤਰੀ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਵੱਲੋਂ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਸੰਬੰਧੀ ਕੀਤੇ ਐਲਾਨ ਦੀ ਪੂਰਤੀ ਵਾਸਤੇ ਬਜਟ ਵਿਚ ਕੋਈ ਪ੍ਰਬੰਧ ਕਿਉਂ ਨਹੀ ਕੀਤਾ ਗਿਆ। ਸਾਡੇ ਅੰਦਾਜ਼ੇ ਮੁਤਾਬਿਕ ਇਸ ਵਾਅਦੇ ਨੂੰ ਪੂਰਾ ਕਰਨ ਲਈ ਸੂਬੇ ਨੂੰ 2300 ਕਰੋੜ ਰੁਪਏ ਖਰਚਣ ਦੀ ਲੋੜ ਹੈ। ਵਿੱਤ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਗਲਤੀ ਸੁਧਾਰੀ ਜਾਵੇਗੀ ਜਾਂ ਨਹੀਂ?

ਉਹਨਾਂ ਕਿਹਾ ਕਿ ਵਿੱਤ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਸਰਕਾਰ ਦੀਆਂ ਮੁੱਖ ਸਕੀਮਾਂ ਅਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਬਜਟ ਵਿਚ ਕੋਈ ਪ੍ਰਬੰਧ ਕਿਉਂ ਨਹੀਂ ਰੱਖਿਆ ਅਤੇ ਇਹਨਾਂ ਸਕੀਮਾਂ ਨੂੰ ਕਿਵੇਂ ਪੂਰਾ ਕੀਤਾ ਜਾਵੇਗਾ? ਉਹ ਦੱਸੇ ਕਿ ਘਰ ਘਰ ਰੁਜ਼ਗਾਰ ਸਕੀਮ ਵਾਸਤੇ ਕੋਈ ਪ੍ਰਬੰਧ ਕਿਉਂ ਨਹੀਂ ਰੱਖਿਆ ਗਿਆ? ਨੌਜਵਾਨਾਂ ਨੂੰ 25 ਲੱਖ ਨੌਕਰੀਆਂ ਦੇਣ ਵਾਸਤੇ ਵੀ ਕੋਈ ਪ੍ਰਬੰਧ ਨਹੀਂ ਰੱਖਿਆ ਗਿਆ। ਉਹਨਾਂ ਕਿਹਾ ਕਿ ਮਨਪ੍ਰੀਤ ਇਹਨਾਂ ਸਾਰੇ ਨੌਜਵਾਨਾਂ ਨੂੰ ਓਲਾ ਅਤੇ ਊਬਰ ਟੈਕਸੀ ਕੰਪਨੀਆਂ ਦੇ ਟੈਕਸੀ ਡਰਾਇਵਰ ਬਣਾਉਣ ਦੀ ਤਿਆਰੀ ਕਰ ਰਿਹਾ ਲੱਗਦਾ ਹੈ। ਜੇਕਰ ਅਜਿਹਾ ਹੀ ਹੈ ਤਾਂ ਕੀ ਨੌਜਵਾਨਾਂ ਲਈ ਟੈਕਸੀਆਂ ਖਰੀਦਣ ਵਾਸਤੇ ਬਜਟ ਵਿਚ ਕੋਈ ਰਾਸ਼ੀ ਰੱਖੀ ਗਈ ਹੈ?

ਬੇਘਰੇ ਲੋਕਾਂ ਬਾਰੇ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮਨਪ੍ਰੀਤ ਨੇ ਉਹਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ।ਇੱਥੇ ਲੱਖਾਂ ਲੋਕਾਂ ਨੂੰ ਘਰ ਦੀ ਜਰੂਰਤ ਹੈ, ਪਰ ਉਸ ਨੇ ਸਿਰਫ 2000 ਘਰ ਬਣਾਉਣ ਦਾ ਹੀ ਪ੍ਰਬੰਧ ਕੀਤਾ ਹੈ। ਉਹਨਾਂ ਕਿਹਾ ਕਿ ਜਿੱਥੋਂ ਤਕ ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ ਸਕੀਮ ਦਾ ਸੰਬੰਧ ਹੈ, ਮਨਪ੍ਰੀਤ ਨੁੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਦੋਂ ਇਹ ਲਾਭ ਲੋਕਾਂ ਨੂੰ ਦੇਣਾ ਸ਼ੁਰੂ ਕਰੇਗਾ। ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਉਹ ਲਾਭਕਾਰੀਆਂ ਨੂੰ ਚੀਨੀ ਅਤੇ ਚਾਹ ਪੱਤੀ ਕਦੋਂ ਦੇਣਾ ਸ਼ੁਰੂ ਕਰੇਗਾ?

ਕੀ ਇਸ ਸਾਲ ਸੂਬੇ ਅੰਦਰ ਪੇਅ ਕਮਿਸ਼ਨ ਨੂੰ ਲਾਗੂ ਕੀਤਾ ਜਾਵੇਗਾ ਜਾਂ ਨਹੀਂ ਬਾਰੇ ਪੁੱਛਦਿਆਂ ਸਰਦਾਰ ਬਾਦਲ ਨੇ ਕਿਹਾ ਕਿ  ਜੇਕਰ ਹਾਂ, ਤਾਂ ਇਸ ਵਾਸਤੇ ਬਜਟ ਵਿਚ ਕੋਈ ਰਾਸ਼ੀ ਕਿਉਂ ਨਹੀਂ ਰੱਖੀ ਗਈ? ਜੇ ਨਹੀਂ, ਤਾਂ ਅਸੀ ਪੁੱਛਣਾ ਚਾਹੁੰਦੇ ਹਾਂ ਕਿ ਉਹ ਉਹਨਾਂ ਕਰਮਚਾਰੀਆਂ ਨਾਲ ਹੀ ਵਿਤਕਰਾ ਕਿਉਂ ਕਰ ਰਿਹਾ ਹੈ, ਜਿਹਨਾਂ ਨੇ ਸਰਕਾਰ ਦੇ ਬਜਟ ਨੂੰ ਲਾਗੂ ਕਰਨਾ ਹੈ ਅਤੇ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਅਮਲ ਸਿਰੇ ਚੜ•ਾਉਣਾ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਮੰਗ ਕੀਤੀ ਕਿ ਵਿੱਤ ਮੰਤਰੀ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਆਪਣੇ ਬਜਟ ਵਿਚਲੇ 10,273 ਕਰੋੜ ਰੁਪਏ ਦੇ ਖੱਪੇ ਦੀ ਕਿਸ ਤਰ•ਾਂ ਭਰਪਾਈ ਕਰੇਗਾ? ਇਹ ਖੱਪਾ ਜੀਐਸਟੀ ਸਮੇਤ ਸਾਰੇ ਸਰੋਤਾਂ ਤੋਂ ਆਉਣ ਵਾਲੀ ਆਮਦਨ ਨੂੰ ਜੋੜ ਕੇ ਵੀ ਪੂਰਾ ਨਹੀਂ ਹੁੰਦਾ। ਹੁਣ ਜੇਕਰ ਤੁਸੀਂ ਕਰਜ਼ਾ ਮੁਆਫੀ (ਮੁੱਖ ਮੰਤਰੀ ਵੱਲੋਂ ਕੀਤੇ 8500 ਕਰੋੜ ਰੁਪਏ ਦਾ ਐਲਾਨ), ਉਦਯੋਗਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਦਿੱਤੀ ਬਿਜਲੀ (2800 ਕਰੋੜ ਰੁਪਏ) ਅਤੇ ਦੂਜੀਆ ਸਕੀਮਾਂ ਉੱਤੇ ਹੋਣ ਵਾਲੇ ਖਰਚਿਆਂ ਨੂੰ ਜੋੜ ਲਵੋ ਤਾਂ ਇਹ ਖੱਪਾ ਵਧ ਕੇ 25000 ਕਰੋੜ ਰੁਪਏ ਦਾ ਹੋ ਜਾਵੇਗਾ। ਵਿੱਤ ਮੰਤਰੀ ਨੇ ਆਪਣੇ ਬਜਟ ਉੱਤੇ ਭਾਸ਼ਣ ਦੌਰਾਨ ਪੈਰਾ ਨੰਬਰ 163 ਵਿਚ ਜ਼ਿਕਰ ਕੀਤਾ ਸੀ ਕਿ  ਸੂਬੇ ਵੱਲੋਂ ਉਧਾਰ ਲੈਣ ਦੀ ਸੀਮਾ 12,819 ਕਰੋੜ ਰੁਪਏ ਨਿਸ਼ਚਿਤ ਕਰ ਦਿੱਤੀ ਗਈ ਹੈ।  ਤਾਂ ਉਹ ਇਹਨਾਂ ਸਕੀਮਾਂ ਵਾਸਤੇ ਪੈਸੇ ਦਾ ਪ੍ਰਬੰਧ ਕਿੱਥੋਂ ਕਰੇਗਾ?

ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਦੀ ਬਜਟ ਨੂੰ ਲਾਗੂ ਕਰਨ ਦੀ ਕੋਈ ਇੱਛਾ ਨਹੀਂ ਹੈ। ਕਾਂਗਰਸ ਨੇ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਲਈ ਇੱਕ ਸੁਫਨਾ ਵਿਖਾਇਆ ਸੀ। ਉਹਨਾਂ ਕਿਹਾ ਕਿ ਜਦੋਂ ਅਕਾਲੀ-ਭਾਜਪਾ ਨੇ ਕਾਂਗਰਸ ਸਰਕਾਰ ਦੀ ਜੁਆਬਦੇਹੀ ਕੀਤੀ ਤਾਂ ਉਹ ਅਜਿਹਾ ਝੂਠਾ ਬਜਟ ਲੈ ਕੇ ਆ ਗਈ ਹੈ, ਜਿਸ ਨੂੰ ਲਾਗੂ ਹੀ ਨਹੀਂ ਕੀਤਾ ਜਾ ਸਕਦਾ। ਮੈਂ ਮਨਪ੍ਰੀਤ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਾਡੇ ਵੱਲੋਂ ਉਠਾਏ ਸਵਾਲਾਂ ਦੇ ਜੁਆਬ ਦੇਵੇ ਅਤੇ ਪੰਜਾਬੀਆਂ ਨੂੰ ਦੱਸੇ ਕਿ ਉਸ ਨੇ ਉਹਨਾਂ ਦੀ ਪਿੱਠ ਵਿਚ ਛੁਰਾ ਕਿਉਂ ਮਾਰਿਆ ਅਤੇ ਕਿਉਂ ਉਹਨਾਂ ਨਾਲ ਝੂਠ ਦੀ ਰਾਜਨੀਤੀ ਖੇਡੀ?

—PTC News