Religion

 ਗੁਰਦੁਆਰਾ ਸਾਹਿਬ ਨੂੰ ਮੁੜ ਸਥਾਪਤ ਕਰਾਉਣ ਲਈ ਸਿੱਖ ਸੰਗਤ ਵਿਚ ਜ਼ਜ਼ਬਾ ਪ੍ਰਚੰਡ ਹੋਇਆ: ਸੁਖਬੀਰ ਬਾਦਲ

By Joshi -- May 14, 2017 6:38 pm

 

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਚ ਜਪੁਜੀ ਸਾਹਿਬ ਦੇ ਪਾਠ ਤੇ ਅਰਦਾਸ ਕਰਨ ਲਈ ਜੁੜਣ ਵਾਸਤੇ ਸਿੱਖ ਸੰਗਤ ਤੇ ਹਜ਼ਾਰਾਂ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਹੈ ਕਿ ਇਹਨਾਂ ਅਰਦਾਸ ਸਮਾਗਮਾਂ ਨਾਲ ਜਿੱਥੇ ਸਿੱਖ ਭਾਈਚਾਰੇ ਵਿਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਮੁੜ ਪਹਿਲਾਂ ਵਾਲੀ ਥਾਂ ਸਥਾਪਤ ਕਰਾਉਣ ਲਈ ਜ਼ਜ਼ਬਾ ਪ੍ਰਚੰਡ ਹੋਇਆਂ ਹੈ ਉਥੇ ਯੂ.ਪੀ. ਸਰਕਾਰ ਅਤੇ ਹੋਰ ਸਬੰਧਤ ਧਿਰਾਂ ਨੂੰ ਵੀ ਮਸਲੇ ਦੀ ਗੰਭੀਰਤਾ ਦਾ ਅਹਿਸਾਸ ਹੋਇਆ ਹੈ। ਉਹਨਾਂ ਕਿਹਾ ਕਿ ਅਕਾਲ ਪੁਰਖ਼ ਦੀ ਬਖਸ਼ਿਸ਼ ਸਦਕਾ ਇਹ ਕਾਰਜ ਛੇਤੀ ਹੀ ਸਰ ਕਰ ਲਿਆ ਜਾਵੇਗਾ। ਇਸੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਅਕਾਲੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਸਖ਼ਤ ਗਰਮੀ ਦੇ ਬਾਵਜੂਦ ਹਜ਼ਾਰਾਂ ਅਕਾਲੀ ਵਰਕਰਾਂ ਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਦਾ ਅਰਦਾਸ ਸਮਾਗਮਾਂ ਵਿਚ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਉਹਨਾਂ ਦੇ ਦਿਲਾਂ ਵਿਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਮੁੜ ਸਥਾਪਤ ਕਰਾਉਣ ਦੀ ਕਿੰਨ•ੀ ਤਾਂਘ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਪੰਥ ਨੇ ਇਹ ਤਹੱਈਆ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੨੦੧੯ ਵਿਚ ਆ ਰਹੇ ੫੫੦ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਹਿਲਾਂ ਉਹਨਾਂ ਦੀ ਯਾਦ ਵਿਚ ਬਣੇ ਉਸਰੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਮੁੜ ਸਥਾਪਤ ਕਰਾਉਣਾ ਹੈ। ਉਹਨਾਂ ਕਿਹਾ ਕਿ ਇਸ ਲਈ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਿਨਾਂ ਉੱਤਰ ਪ੍ਰਦੇਸ਼ ਅਤੇ ਉਤਰਾਂਖੰਡ ਦੇ ਮੁੱਖ ਮੰਤਰੀਆਂ ਨੂੰ ਵੀ ਮਿਲਿਆ ਜਾਵੇਗਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਗੁਰਦੁਆਰਾ ਸਾਹਿਬਾਨ ਨੂੰ ਅੰਗਰੇਜ਼ਾਂ ਦੇ ਪਿੱਠੂਆਂ ਤੋਂ ਆਜ਼ਾਦ ਕਰਵਾ ਕੇ ਸੰਗਤੀ ਪ੍ਰਬੰਧ ਅਧੀਨ ਲਿਆਉਣ ਲਈ ਬੜਾ ਵੱਡਾ ਸੰਘਰਸ਼ ਲੜਿਆ ਸੀ। ਅਕਾਲੀ ਦਲ ਨੂੰ ਆਪਣੇ ਇਸ ਇਤਿਹਾਸਕ ਵਿਰਸੇ ਉੱਤੇ ਮਾਣ ਹੈ ਅਤੇ ਇਹ ਅੱਜ ਵੀ ਕਿਸੇ ਪੰਥਕ ਕਾਰਜ ਲਈ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗਾ।

ਸ੍ਰੀ ਅਕਾਲ ਤਖ਼ਤ ਸਾਹਿਬ ਸਾਹਿਬ ਵਲੋਂ ਉੱਤਰ ਪ੍ਰਦੇਸ਼ ਦੇ ਧਾਰਮਿਕ ਸ਼ਹਿਰ ਹਰਿਦੁਆਰ ਦੀ ਹਰਿ ਕੀ ਪਉੜੀ ਵਿਖੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਮੁੜ ਸਥਾਪਤ ਕਰਨ ਲਈ ਸਿੱਖ ਸੰਗਤ ਨੂੰ ਦਿੱਤੇ ਗਏ ਸੱਦੇ ਉੱਤੇ ਫੁੱਲ ਚੜਾਉਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਜ਼ਾਰਾਂ ਵਰਕਰਾਂ ਨੇ ਅੱਜ ਸਥਾਨਕ ਆਗੂਆਂ ਦੀ ਅਗਵਾਈ ਵਿਚ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਚ ਜਪੁਜੀ ਸਾਹਿਬ ਦੇ ਸਮੂਹਕ ਪਾਠ ਕਰਨ ਉਪਰੰਤ ਅਰਦਾਸ ਕੀਤੀ। ਇਹਨਾਂ ਅਰਦਾਸ ਸਮਾਗਮਾਂ ਵਿਚ ਅਕਾਲੀ ਵਰਕਰਾਂ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਵੱਡੀ ਗਿਣਤੀ ਵਿਚ ਸਿੱਖ ਸੰਗਤ ਨੇ ਵੀ ਸ਼ਮੂਲੀਅਤ ਕੀਤੀ।

ਮੋਹਾਲੀ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿਚ ਸੈਂਕੜੇ ਅਕਾਲੀ ਵਰਕਰਾਂ ਨੇ ਅੱਜ ਇਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਚ ਜਪੁਜੀ ਸਾਹਿਬ ਦੇ ਪਾਠ ਕਰਨ ਉਪਰੰਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਹਰਿਦੁਆਰ ਵਿਚ ਪਹਿਲਾਂ ਵਾਲੀ ਥਾਂ ਮੁੜ ਸਥਾਪਤ ਕਰਾਉਣ ਲਈ ਅਰਦਾਸ ਕੀਤੀ। ਅਰਦਾਸ ਉਪਰੰਤ ਸਿੱਖ ਸੰਗਤ ਤੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ, ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਿੱਖ ਪੰਥ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੨੦੧੯ ਵਿਚ ਆ ਰਹੇ ੫੫੦ਵੇਂ ਪ੍ਰਕਾਸ਼ ਪੁਰਬ ਤੱਕ ਗੁਰਦੁਆਰਾ ਸਾਹਿਬ ਮੁੜ ਸਥਾਪਤ ਕਰਾਉਣ ਦੇ ਮਿੱਥੇ ਗਏ ਟੀਚੇ ਨੂੰ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ।

— PTC News

  • Share