ਧਰਮ ਅਤੇ ਵਿਰਾਸਤ

ਜਹਾਜ਼ 'ਚ ਸੁੱਤੇ ਸਿੱਖ ਵਿਅਕਤੀ ਨੂੰ ਅੱਤਵਾਦੀ ਕਹਿ ਕੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨਾ ਅਤਿ ਨਿੰਦਣਯੋਗ-ਪ੍ਰੋ. ਕਿਰਪਾਲ ਸਿੰਘ ਬਡੂੰਗਰ

By Joshi -- June 26, 2017 3:06 pm -- Updated:Feb 15, 2021

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਾ ਵਿਚ ਹਵਾਈ ਜਹਾਜ਼ 'ਤੇ ਸਫ਼ਰ ਕਰ ਰਹੇ ਇੱਕ ਸਿੱਖ ਵਿਅਕਤੀ ਦੀ ਸੁੱਤੇ ਹੋਏ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨਾ ਅਤੇ ਉਸ ਸਿੱਖ ਵਿਅਕਤੀ ਨੂੰ ਅੱਤਵਾਦੀ ਕਹਿਣਾ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਸਿੰਘ ਸਾਬਤ-ਸੂਰਤ ਸਰੂਪ ਵਿਚ ਦੁਨੀਆਂ ਭਰ ਵਿਚ ਵੱਖ-ਵੱਖ ਬੁਲੰਦੀਆਂ 'ਤੇ ਪੁੱਜੇ ਹਨ ਤੇ ਅੱਜ ਸਿੱਖ ਦਸਤਾਰ ਕਰਕੇ ਪੂਰੀ ਦੁਨੀਆਂ ਵਿਚ ਜਾਣੇ ਜਾਂਦੇ ਹਨ ਜਿਸ ਦੀ ਮਿਸਾਲ ਵਿਦੇਸ਼ਾਂ ਵਿਚ ਸਿੱਖਾਂ ਵੱਲੋਂ ਉੱਚੇ ਉੱਚੇ ਮੁਕਾਮ ਹਾਸਲ ਕਰਨਾ ਹੈ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਮਰੀਕਾ ਦੀ ਪ੍ਰਸਿੱਧ ਟ੍ਰਿਨਿਟੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਦਾ ਸਿੱਖ ਧਰਮ ਬਾਰੇ ਪੜ੍ਹਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਪਰ ਉਸੇ ਦੇਸ਼ ਵਿਚ ਸਿੱਖ ਪ੍ਰੋਫ਼ੈਸਰ ਦੀ ਜਹਾਜ਼ ਵਿਚ ਸਫ਼ਰ ਕਰਦਿਆਂ ਸੁੱਤੇ ਹੋਏ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਅੱਤਵਾਦੀ ਕਹਿਣ ਵਾਲੇ ਵਿਅਕਤੀ ਦੀ ਘਟੀਆ ਸੋਚ ਦਾ ਨਤੀਜਾ ਸਾਹਮਣੇ ਆਇਆ ਹੈ ਜੋ ਅਤਿ ਨਿੰਦਣਯੋਗ ਤੇ ਨਾ-ਸਹਿਣਯੋਗ ਹੈ। ਉਨ੍ਹਾਂ ਸਬੰਧਤ ਦੇਸ਼ ਦੀ ਸਰਕਾਰ ਪਾਸੋਂ ਮੰਗ ਕੀਤੀ ਕਿ ਸਿੱਖਾਂ ਨਾਲ ਕੀਤੇ ਜਾ ਰਹੇ ਵਿਤਕਰਿਆਂ ਸਬੰਧੀ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ, ਤਾਂ ਜੋ ਵਿਦੇਸ਼ਾਂ ਵਿਚ ਸਿੱਖਾਂ ਨਾਲ ਜਾਣ-ਬੁੱਝ ਕੇ ਕੀਤੀਆਂ ਜਾ ਰਹੀਆਂ ਨਾ ਸਹਿਣਯੋਗ ਘਟੀਆ ਹਰਕਤਾਂ ਦਾ ਸਾਹਮਣਾ ਨਾ ਕਰਨਾ ਪਵੇ।

—PTC News