ਜੋਧਪੁਰ ਜੇਲ੍ਹ ਕੱਟਣ ਵਾਲੇ ਸਿੱਖਾਂ ਨੂੰ ਇਨਸਾਫ਼ ਮਿਲਣਾ ਸੱਚਾਈ ਦੀ ਜਿੱਤ -ਪ੍ਰੋ. ਕਿਰਪਾਲ ਸਿੰਘ ਬਡੂੰਗਰ

ਅੰਮ੍ਰਿਤਸਰ: ਜੂਨ 1984 ਵਿਚ ਸਮੇਂ ਦੀ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਭਾਰਤੀ ਫ਼ੌਜ ਵੱਲੋਂ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤਾ ਗਿਆ ਹਮਲਾ ਅਣਮਨੁੱਖੀ ਵਰਤਾਰੇ ਦੀ ਸਿਖ਼ਰ ਸੀ ਅਤੇ ਇਸ ਸਮੇਂ ਬੇਦੋਸ਼ੇ ਸਿੱਖਾਂ ਨੂੰ ਫੜ ਕੇ ਜੋਧਪੁਰ ਜੇਲ੍ਹ ਵਿਚ ਨਜ਼ਰਬੰਦ ਕਰਨਾ ਇਕ ਹੋਰ ਘਿਨਾਉਣੀ ਹਰਕਤ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਜੋਧਪੁਰ ਜੇਲ੍ਹ ਵਿਚ ਨਜ਼ਰਬੰਦ ਰਹੇ ਸਿੱਖਾਂ ਦਾ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵੱਲੋਂ ਪਿਛਲੇ ਦਿਨੀਂ ਕੇਸ ਜਿੱਤਣ ‘ਤੇ ਕੀਤਾ ਹੈ। ਪ੍ਰੋ. ਬਡੂੰਗਰ ਨੇ ਆਖਿਆ ਕਿ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੇ ਗਏ ਅਨਿਆਂ ਵਿਰੁੱਧ ਸ: ਸਿਆਲਕਾ ਵੱਲੋਂ ਅਦਾਲਤ ਵਿਚ ਕੇਸ ਦੀ ਪੈਰਵਾਈ ਕਰਕੇ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਸੱਚਾਈ ਦੀ ਜਿੱਤ ਹੈ। ਉਨ੍ਹਾਂ ਦੁੱਖ ਨਾਲ ਕਿਹਾ ਕਿ ਆਪਣੇ ਹੀ ਦੇਸ਼ ਦੀਆਂ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਦਾ ਇਨਸਾਫ਼ ਲੈਣ ਲਈ ਸਿੱਖਾਂ ਨੂੰ ਅਦਾਲਤ ਵਿਚ ਲੰਮਾ ਸੰਘਰਸ਼ ਕਰਨਾ ਪਿਆ ਹੈ। ਉਨ੍ਹਾਂ ਸ: ਭਗਵੰਤ ਸਿੰਘ ਸਿਆਲਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦਾ ਇਸ ਕਾਰਜ ਲਈ ਜਲਦੀ ਹੀ ਸਨਮਾਨ ਵੀ ਕਰੇਗੀ।

ਦੱਸਣਯੋਗ ਹੈ ਕਿ 1984 ਨੂੰ ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫ਼ੌਜ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਇਥੋਂ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਗ੍ਰਿਫ਼ਤਾਰ ਕਰਕੇ ਬਿਨਾ ਕਿਸੇ ਦੋਸ਼ ਜੋਧਪੁਰ ਜੇਲ੍ਹ ਵਿਚ ਡੱਕ ਦਿੱਤਾ ਗਿਆ, ਜੋ 1984 ਤੱਕ ਉਥੇ ਨਜ਼ਰਬੰਦ ਰਹੇ। ਇਨ੍ਹਾਂ ਬੰਦੀ ਸਿੱਖਾਂ ਦੀ ਗਿਣਤੀ 365 ਸੀ। ਜੋਧਪੁਰ ਜੇਲ੍ਹ ਦੇ ਬੰਦੀ ਇਨ੍ਹਾਂ ਪੀੜਤਾਂ ਵੱਲੋਂ ਸਰਕਾਰ ਖ਼ਿਲਾਫ਼ ਮੁਆਵਜ਼ੇ ਦਾ ਕੇਸ ਪਾਇਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਸ ਲੜਨ ਲਈ ਇਨ੍ਹਾਂ ਨੂੰ ਮੱਦਦ ਦਿੱਤੀ ਜਾਂਦੀ ਰਹੀ ਅਤੇ ਐਡਵੋਕੇਟ ਸ. ਭਗਵੰਤ ਸਿੰਘ ਸਿਆਲਕਾ ਵੱਲੋਂ ਬਿਨਾ ਵਕਾਲਤ ਫ਼ੀਸ ਲਏ ਕੇਸਾਂ ਦੀ ਪੈਰਵਾਈ ਕੀਤੀ ਗਈ। ਐਡਵੋਕੇਟ ਸਿਆਲਕਾ ਅਨੁਸਾਰ ਭਾਵੇਂ ਉਹ ਇਸ ਕੇਸ ਨਾਲ 1994-94 ਤੋਂ ਜੁੜੇ ਰਹੇ ਹਨ ਪਰ ਬਕਾਇਦਾ ਤੌਰ ‘ਤੇ 2009 ਵਿਚ ਇਹ ਕੇਸ ਉਨ੍ਹਾਂ ਨੇ ਆਪਣੇ ਹੱਥ ਲਿਆ ਸੀ, ਜਿਸਦਾ ਫ਼ੈਸਲਾ ਹੁਣ ਜੋਧਪੁਰ ਜੇਲ੍ਹ ਕੱਟਣ ਵਾਲੇ ਸਿੱਖਾਂ ਦੇ ਹੱਕ ਵਿਚ ਆਇਆ ਹੈ।

— PTC News