ਦੋ ਮਹੀਨਿਆਂ ਵਿਚ ਪੰਜਾਬ ਇੱਕ ਰੁਲਿਆ ਸੂਬਾ ਨਜ਼ਰ ਆਉਣ ਲੱਗਿਆ ਹੈ: ਬਾਦਲ

0
2881
Parkash Singh Badal
ਚੰਡੀਗੜ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਸੁਪਰੀਮੋ ਸ਼ਪਰਕਾਸ਼ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਦੇ ਪੰਜਾਬ ਵਿਚ ਪਹਿਲੇ ਦੋ ਮਹੀਨਿਆਂ ਨੂੰ ਟੁੱਟੇ ਵਾਅਦਿਆਂ, ਨਿਕੰਮੇਪਣ, ਜੰਗਲ ਰਾਜ, ਬੇਅਦਬੀਆਂ, ਕਤਲਾਂ ਅਤੇ ਸਿਆਸੀ ਵਿਰੋਧੀਆਂ ਖਿਲਾਫ ਬਦਲੇਖੋਰੀਆਂ ਵਾਲੇ ਗਰਮੀ ਦੇ ਮਹੀਨੇ ਕਰਾਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਇਹਨਾਂ ਦੋ ਮਹੀਨਿਆਂ ਦੌਰਾਨ ਤਿੰਨ ਦਰਜਨ ਖੁਦਕੁਸ਼ੀਆਂ ਅਤੇ ਰੋਜ਼ਾਨਾ ਇੱਕ ਬੇਅਦਬੀ ਦੀ ਘਟਨਾ ਵਾਪਰਨਾ ਇਹ ਦਰਸਾਉਂਦਾ ਹੈ ਕਿ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਕੂੜੇਦਾਨ ਵਿਚ ਸੁੱਟ ਚੁੱਕੀ ਹੈ।
ਸ਼ ਬਾਦਲ ਨੇ ਕਿਹਾ ਕਿ ਲੋਕਾਂ ਨੂੰ ਉਹਨਾਂ ਤੋਂ ਕਿਸੇ ਵੱਡੀ ਕਰਾਮਾਤ ਦੀ ਉਮੀਦ ਨਹੀਂ ਸੀ, ਭਾਵੇਂ ਕਿ ਉਹਨਾਂ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਸਬਜ਼ਬਾਗ ਵਿਖਾਏ ਸਨ। ਪਰ ਇਸ ਦੇ ਨਾਲ ਹੀ ਲੋਕਾਂ ਨੂੰ ਇਹ ਤਵੱਕੋ ਵੀ ਨਹੀਂ ਸੀ ਕਿ ਕਾਂਗਰਸੀ ਇੰਨੀ ਜਲਦੀ ਹੱਥ ਖੜ•ੇ ਕਰ ਜਾਣਗੇ।
ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਦੋ ਮਹੀਨੇ ਪੂਰੇ ਹੋਣ ‘ਤੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਉਹਨਾਂ ਚਾਰ ਮੁੱਖ ਵਾਅਦੇ ਕਰਕੇ ਇਹ ਸਰਕਾਰ ਬਣਾਈ ਸੀ। ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣਾ, ਨਸ਼ਿਆਂ ਦਾ ਖਾਤਮਾ, ਕਿਸਾਨਾਂ ਦੀ ਕਰਜ਼ ਮੁਆਫੀ ਅਤੇ ਹਰ ਨੌਜਵਾਨ ਲਈ ਨੌਕਰੀ। ਉਹਨਾਂ ਨੇ ਇਹਨਾਂ ਚਾਰੇ ਵਾਅਦਿਆਂ ਬਾਰੇ ਸਿਵਾਇ ਬਿਆਨਬਾਜ਼ੀ ਕਰਨ ਤੋਂ ਅਜੇ ਤੀਕ ਕੁੱਝ ਨਹੀਂ ਕੀਤਾ। ਅਸਲੀਅਤ ਇਹ ਹੈ ਕਿ ਇਹ ਪਹਿਲੀ ਅਜਿਹੀ ਸਰਕਾਰ ਹੈ, ਜਿਹੜੀ ਪਹਿਲੇ ਦੋ ਮਹੀਨਿਆਂ ਵਿਚ ਹੀ ਹਾਰੀ ਹੰਭੀ ਦਿਸਣ ਲੱਗੀ ਹੈ।
ਸ਼ ਬਾਦਲ ਨੇ ਕਿਹਾ ਕਿ ‘ਕਰਜ਼ਾ ਕੁਰਕੀ ਖਤਮ ਅਤੇ ਫਸਲ ਦੀ ਪੂਰੀ ਰਕਮ’ ਅਤੇ ‘ਇੱਕ ਪਰਿਵਾਰ ਇੱਕ ਰੁਜ਼ਗਾਰ’ ਦੇ ਵਾਅਦੇ ਕਿੱਧਰ ਗਏ? ਬੇਅਦਬੀ ਦੀਆਂ ਘਟਨਾਵਾਂ ਵਿਚ ਵਾਧਾ ਕਿਉਂ ਹੋ ਰਿਹਾ ਹੈ? ਕੀ ਉਹਨਾਂ ਨੇ ਨਸ਼ਿਆਂ ਦੀ ਰੋਕਥਾਮ ਲਈ ਉਸ ਤੋਂ ਅੱਗੇ ਕੁੱਝ ਕੀਤਾ ਹੈ, ਜੋ ਕੁੱਝ ਸਾਡੀ ਸਰਕਾਰ ਨੇ ਕੀਤਾ ਸੀ? ਆਪਣੇ ਵਾਅਦੇ ਪੂਰੇ ਕਰਨ ਲਈ ਕੀ ਉਹ ਕੋਈ ਇੱਕ ਅਜਿਹੀ ਚੀਜ਼ ਗਿਣਾ ਸਕਦੇ ਹਨ, ਜਿਸ ਉੱਤੇ ਉਹਨਾਂ ਨੇ ਗੰਭੀਰਤਾ ਨਾਲ ਕੰਮ ਕੀਤਾ ਹੋਵੇ? ਉਹਨਾਂ ਨੇ ਤਾਂ ਹੁਣ ਵਾਅਦਿਆਂ ਬਾਰੇ ਗੱਲ ਕਰਨੀ ਵੀ ਬੰਦ ਕਰ ਦਿੱਤੀ ਹੈ।
ਸਰਕਾਰੀ ਮਸ਼ੀਨਰੀ ਦੁਆਰਾ ਸੱਤਾਧਾਰੀ ਪਾਰਟੀ ਨਾਲ ਮਿਲ ਕੇ ਸਿਆਸੀ ਬਦਲੇਖੋਰੀ ਦੀ ਚਲਾਈ ਜਾ ਰਹੀ ਮੁਹਿੰਮ ਦੀ ਨਿੰਦਾ ਕਰਦਿਆ ਸ਼ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਹੁਣ ਜੰਗਲ ਰਾਜ ਹੈ। ਇੱਥੇ ਕੋਈ ਕਾਨੂੰਨ ਨਹੀਂ ਹੈ। ਲੋਕਾਂ ਨੂੰ ਪੂਰੀ ਤਰ•ਾਂ ਭੁਲਾ ਦਿਤਾ ਗਿਆ ਹੈ ਅਤੇ ਉਹਨਾਂ ਨਾਲ ਕੀਤੇ ਸਾਰੇ ਵਾਅਦੇ ਤੋੜੇ ਜਾ ਚੁੱਕੇ ਹਨ। ਪੰਜਾਬ ਹੁਣ ਇੱਕ ਰੁਲੇ ਹੋਏ ਸੂਬੇ ਵਾਂਗ ਨਜ਼ਰ ਆਉਂਦਾ ਹੈ, ਜਿੱਥੇ ਹਰ ਪਾਸੇ ਜੰਗਲ ਰਾਜ ਹੈ। ਉਹਨਾਂ ਕਿਹਾ ਕਿ ਇਹ 60 ਦਿਨ ਸਰਕਾਰ ਦੇ ਉਸ ਨਿਕੰਮੇਪਣ ਦੀ ਝਲਕ ਹਨ, ਜਿਹੜਾ ਲੋਕਾਂ ਨੂੰ ਆਉਣ ਵਾਲੇ 60 ਮਹੀਨਿਆਂ ਦੌਰਾਨ ਵਿਖਾਈ ਦੇਵੇਗਾ।
ਸੂਬੇ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸ਼ ਬਾਦਲ ਨੇ ਕਿਹਾ ਕਿ ਇਹਨਾਂ ਦੋ ਮਹੀਨਿਆ ਵਿਚ ਲੋਕਾਂ ਨੇ ਜਿਹੜੀ ਇੱਕੋ ਚੀਜ਼ ਵੇਖੀ ਹੈ, ਸੱਤਾ ਲਈ ਇੱਕ ਦੂਜੇ ਦੀ ਖਿੱਚ ਧੂਹ ਅਤੇ ਸੱਤਾਧਾਰੀ ਪਾਰਟੀ ਅੰਦਰ ਚੌਧਰ ਜਮਾਉਣ ਦੀ ਦੌੜ। ਕਾਂਗਰਸੀਆਂ ਅੰਦਰ ਛਿੜੀ ਉਤਰਾਧਿਕਾਰ ਦੀ ਜੰਗ ਨੇ ਉਹਨਾਂ ਦੀ ਸਾਰੀ ਤਾਕਤ ਚੂਸ ਰੱਖੀ ਹੈ ਅਤੇ ਉਹਨਾਂ ਕੋਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਜਾਂ ਪ੍ਰਸਾਸ਼ਨ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਮਾਂ ਹੀ ਨਹੀਂ ਹੈ। ਕਹਿਣ ਨੂੰ ਇੱਥੇ ਇੱਕ ਮੁੱਖ ਮੰਤਰੀ ਹੈ ਅਤੇ ਪਰ ਅਸਲੀਅਤ ਵਿਚ ਤਿੰਨ ਹੋਰ ਮੁੱਖ ਮੰਤਰੀ ਹਨ ਅਤੇ ਹਰ ਕੋਈ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹੀ ਸੱਤਾ ਦਾ ਅਸਲੀ ਕੇਂਦਰ ਹੈ। ਉਹਨਾਂ ਦਾ ਸਾਰਾ ਸਮਾਂ ਵੱਡੇ ਅਹੁਦੇ ਵਾਸਤੇ ਕੀਤੀ ਜਾ ਰਹੀ ਕੋਝੀ ਲੜਾਈ ਵਿਚ ਬਰਬਾਦ ਹੋ ਰਿਹਾ ਹੈ। ਜਦਕਿ ਅਸਲੀ ਮੁੱਖ ਮੰਤਰੀ ਅਜੇ ਕੁਰਸੀ ਉੱਤੇ ਬੈਠਾ ਹੈ। ਇਸ ਸਰਕਾਰ ਦੇ ਪਹਿਲੇ 60 ਦਿਨਾਂ ਬਾਰੇ ਯਾਦ ਰੱਖਣ ਯੋਗ ਇਹੋ ਇੱਕ ਗੱਲ ਹੈ। ਆਉਣ ਵਾਲੇ 54 ਮਹੀਨਿਆਂ ਦੌਰਾਨ ਇਸ ਵਿਚ ਕੋਈ ਤਬਦੀਲੀ ਨਹੀਂ ਆਵੇਗੀ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਉਮੀਦ ਨਾਲ ਦੋ ਮਹੀਨੇ ਤੋਂ ਚੁੱਪ ਬੈਠੇ ਸਨ ਕਿ ਨਵੀਂ ਸਰਕਾਰ ਘੱਟੋ ਘੱਟ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਸ਼ੁਰੂਆਤ ਕਰੇਗੀ ਅਤੇ ਸੱਤਾਧਾਰੀ ਪਾਰਟੀ ਅਕਾਲੀ ਵਰਕਰਾਂ ਖਿਲਾਫ ਕੀਤੀ ਜਾਂਦੀ ਬਦਲੇਖੋਰੀ ਦੀ ਸਿਆਸਤ ਦੇ ਰੁਝਾਣ ਨੂੰ ਖਤਮ ਕਰ ਦੇਵੇਗੀ। ਉਹਨਾਂ ਕਿਹਾ ਕਿ ਮੈਂ ਆਸ ਲਾਈ ਬੈਠਾ ਸੀ ਕਿ ਉਹ ਲੋਕਾਂ ਨਾਲ ਕੀਤੇ ਅਣਗਿਣਤ ਵਾਅਦਿਆਂ ਵਿਚੋਂ ਕੁੱਝ ਵਾਅਦੇ ਪੂਰੇ ਕਰਕੇ ਇੱਕ ਚੰਗੀ ਸ਼ੁਰੂਆਤ ਕਰਨਗੇ। ਪਰ ਹੁਣ ਸਪੱਸ਼ਟ ਹੋ ਗਿਆ ਹੈ ਕਿ ਉਹਨਾਂ ਨੇ ਤਾਂ ਵਾਅਦਿਆਂ ਬਾਰੇ ਗੱਲ ਕਰਨੀ ਵੀ ਬੰਦ ਕਰ ਦਿੱਤੀ ਹੈ। ਉਹ ਸਿਰਫ ਇਹਨਾਂ ਵਾਅਦਿਆਂ ਤੋਂ ਭੱਜਣ ਵਾਸਤੇ ਬਹਾਨੇ ਲੱਭ ਰਹੇ ਹਨ। ਮੈਂ ਜਾਣਦਾ ਸੀ ਕਿ ਉਹ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਲੈ ਕੇ ਗੰਭੀਰ ਨਹੀਂ ਹਨ, ਪਰ ਉਹ ਇੰਨੀ ਜਲਦੀ ਹੱਥ ਖੜ•ੇ ਕਰ ਦੇਣਗੇ, ਮੈਨੂੰ ਇਸ ਦੀ ਉਮੀਦ ਨਹੀਂ ਸੀ।
ਕਾਂਗਰਸ ਸਰਕਾਰ ਦੇ ਦੋ ਮਹੀਨੇ ਪੂਰੇ ਹੋਣ ਉੱਤੇ ਟਿੱਪਣੀ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਵਾਅਦੇ ਪੂਰੇ ਕਰਨਾ ਤਾਂ ਭੁੱਲ ਜਾਓ, ਉਹਨਾਂ ਨੇ ਤਾਂ ਅਜੇ ਇਸ ਬਾਰੇ ਸੋਚਣਾ ਵੀ ਸ਼ੁਰੂ ਨਹੀ ਕੀਤਾ। ਉਹਨਾਂ ਨੇ ਚਾਰ ਹਫਤਿਆਂ ਵਿਚ ਨਸ਼ੇ ਖਤਮ ਕਰਨ ਲਈ ਖਾਧੀ ਸਹੁੰ ਪੂਰੀ ਨਾ ਕਰ ਸਕਣ ਦੀ ਗਲਤੀ ਮੰਨ ਲਈ ਹੈ।  ਹੁਣ ਉਹਨਾਂ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਨਾ ਕਰ ਸਕਣ ਅਤੇ ਨੌਜਵਾਨਾਂ ਨੂੰ ਨੌਕਰੀਆਂ ਨਾ ਦੇ ਸਕਣ ਬਾਰੇ ਵੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।  ਬੈਕਾਂ ਨੇ ਕਰਜ਼ੇ ਦੇਣੇ ਬੰਦ ਕਰ ਦਿੱਤੇ ਹਨ, ਕਿਉਂਕਿ ਸਰਕਾਰ ਕਿਸਾਨਾਂ ਦੇ ਕਰਜ਼ੇ ਮੋੜਣ ਦੇ ਵਾਅਦੇ ਤੋਂ ਮੁਕਰ ਰਹੀ ਹੈ। ਦੋ ਮਹੀਨਿਆਂ ਵਿਚ ਤਿੰਨ ਦਰਜਨ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ, ਜੋ ਸਾਬਿਤ ਕਰਦਾ ਹੈ ਕਿ ਕਿਸਾਨਾਂ ਨੂੰ ਇਸ ਸਰਕਾਰ ਦੇ ਵਾਅਦੇ ਉੱਤੇ ਕਿੰਨਾ ਘੱਟ ਭਰੋਸਾ ਹੈ। ਉਹ ਕਿਸਾਨੀ  ਦੇ ਕਰਜ਼ਿਆਂ ਨੂੰ ਮੁਆਫ ਕਰਨ ਦੇ ਵਾਅਦੇ ਤੋ ਪਿੱਛੇ ਹਟ ਗਏ ਹਨ, ਜਿਸ ਨਾਲ ਕਿਸਾਨਾਂ ਅੰਦਰ ਨਿਰਾਸ਼ਾ ਵਧਦੀ ਜਾ ਰਹੀ ਹੈ। ਇੱਥੋਂ ਤਕ ਕਿ ਕਣਕ ਦੀ ਅਦਾਇਗੀ ਵਿਚ ਵੀ ਬੇਲੋੜੀ ਦੇਰੀ ਹੋ ਚੁੱਕੀ ਹੈ।
ਸ਼ ਬਾਦਲ ਨੇ ਕਿਹਾ ਕਿ ਕਿਸਾਨ, ਨੌਜਵਾਨ ਅਤੇ ਗਰੀਬ ਤਬਕਾ ਤਿੰਨੋ ਵਰਗ ਇਸ ਸਰਕਾਰ ਦੁਆਰਾ ਬੁਰੀ ਤਰ•ਾਂ ਠੱਗੇ ਮਹਿਸੂਸ ਕਰ ਰਹੇ ਹਨ। ਸਰਕਾਰ ਨੇ ਨਾ ਸਿਰਫ ਕਿਸਾਨਾਂ ਨਾਲ ਕੀਤੇ ਬਿਨਾਂ ਸ਼ਰਤ ਕਰਜ਼ ਮੁਆਫੀ ਦੇ ਵਾਅਦੇ ਤੋਂ ਮੁੱਕਰੀ ਹੈ, ਇਸ ਨੇ ਸੂਬੇ ਦੇ ਹਰ ਪਰਿਵਾਰ ਦੇ ਇੱਕ ਨੌਜਵਾਨ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਭੁਲਾ ਛੱਡਿਆ ਹੈ, ਜਿਸ ਤਹਿਤ 60 ਲੱਖ ਨੌਕਰੀਆਂ ਦਿੱਤੇ ਜਾਣ ਦੀ ਲੋੜ ਹੈ। ਵੱਡੀਆਂ ਵੱਡੀਆਂ ਗੱਲਾਂ ਮਾਰਨ ਤੋਂ ਇਲਾਵਾ ਇਸ ਸਰਕਾਰ ਨੇ ਕੁੱਝ ਨਹੀਂ ਕੀਤਾ।  ਕਾਂਗਰਸ ਸਰਕਾਰ ਕਿਸੇ ਵੀ ਵੱਡੇ ਕਾਰੋਬਾਰੀ ਘਰਾਣੇ ਜਾਂ ਉਦਯੋਗਿਕ ਘਰਾਣੇ ਤੋਂ ਪੰਜਾਬ ਅੰਦਰ ੱਿਕ ਪੈਸਾ ਵੀ ਨਿਵੇਸ਼ ਨਹੀਂ ਕਰਵਾ ਪਾਈ।
ਸ਼ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਕੋਲ ਆਪਣੇ ਰਾਜਸੀ ਵਿਰੋਧੀਆਂ ਨਾਲ ਭਿੜਣ ਤੋਂ ਇਲਾਵਾ ਹੋਰ ਕਿਸੇ ਵੀ ਕੰਮ ਲਈ ਸਮਾਂ ਨਹੀਂ ਹੈ। ਪਿਛਲੇ ਦੋ ਮਹੀਨਆ ਦੌਰਾਨ ਸਿਰਫ ਮੌਜੂਦਾ ਮੁੱਖ ਮੰਤਰੀ ਦੇ ਉਤਰਾਧਿਕਾਰੀ ਬਣਨ ਵਾਸਤੇ ਸੰਭਾਵੀ ਉਤਰਾਧਿਕਾਰੀਆਂ ਵਿਚਕਾਰ ਛਿੜੀ ਜੰਗ ਹੀ ਸੁਰਖੀਆਂ ਵਿਚ ਰਹੀ ਹੈ। ਅਫਸੋਸ ਦੀ ਗੱਲ ਇਹ ਹੈ ਕਿ ਇਹ ਜੰਗ ਮੌਜੂਦਾ ਮੁੱਖ ਮੰਤਰੀ ਨੂੰ ਟਿਕ ਕੇ ਕੰਮ ਨਹੀਂ ਕਰਨ ਦੇ ਰਹੀ।
ਸ਼ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਵੱਡੇ ਵਾਅਦਿਆਂ ਅਤੇ ਝੂਠੇ ਦੋਸ਼ਾਂ ਦੇ ਆਸਰੇ ਸਰਕਾਰ ਬਣਾਈ ਸੀ।ਉਹਨਾਂ ਨੇ ਕੀਤੇ ਵਾਅਦਿਆਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਨਾ ਹੀ ਸੂਬੇ ਦੇ ਵਿਕਾਸ ਨੂੰ ਲੈ ਕੇ ਕੋਈ ਫੈਸਲਾ ਲਿਆ ਹੈ ਅਤੇ ਨਾ ਹੀ ਕੋਈ ਲੋਕ ਭਲਾਈ ਦਾ ਕੰਮ ਕੀਤਾ ਹੈ। ਜਿਹੜੀ ਸਰਕਾਰ ਨੇ 4 ਹਫਤਿਆਂ ਵਿਚ ਕਾਰਗੁਜ਼ਾਰੀ ਵਿਖਾਉਣ ਦਾ ਵਾਅਦਾ ਕੀਤਾ ਸੀ, ਉਹ ਦੋ ਮਹੀਨਿਆਂ ਵਿਚ ਹੀ ਸਾਰੇ ਵਾਅਦਿਆਂ ਤੋਂ ਮੁੱਕਰ ਗਈ ਹੈ ਅਤੇ ਆਪਣੇ ਨਿਕੰਮਾਪਣ ਲੁਕਾਉਣ ਲਈ ਬਹਾਨੇ ਘੜ ਰਹੀ ਹੈ।
—PTC News