ਖੇਤੀਬਾੜੀ

ਪੀਏਯੂ ਨੇ ਕੀਤੀ ਨਰਮਾ-ਕਾਸ਼ਤਕਾਰਾਂ ਨੂੰ ਅਪੀਲ

By Joshi -- August 08, 2017 6:08 pm -- Updated:Feb 15, 2021

ਨਰਮੇ ਉਪਰ ਚਿੱਟੀ ਮੱਖੀ ਅਤੇ ਭੂਰੀ ਜੂੰ ਦੇ ਹਮਲੇ ਨੂੰ ਰੋਕਣ ਲਈ ਪੀਏਯੂ ਲਗਾਤਾਰ ਯਤਨਸ਼ੀਲ ਹੈ-ਡਾ. ਅਸ਼ੋਕ ਕੁਮਾਰ

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਮਾਲਵਾ ਦੀ ਨਰਮਾ-ਪੱਟੀ ਤੋਂ ਲਗਾਤਾਰ ਅਖਬਾਰਾਂ ਅਤੇ ਟੀ ਵੀ ਚੈਨਲਾਂ ਰਾਹੀਂ ਆਈਆਂ ਚਿੱਟੀ ਮੱਖੀ ਅਤੇ ਭੂਰੀ ਜੂੰ ਦੀਆ ਖਬਰਾਂ ਸੰਬੰਧੀ ਆਪਣਾ ਪ੍ਰਤੀਕਰਮ ਦਿੰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਅਤੇ ਖੇਤੀ ਮਾਹਿਰ ਨਰਮੇ ਦੀ ਬਿਜਾਈ ਦੇ ਸਮੇਂ ਤੋਂ ਲੈ ਕੇ ਹੀ ਕਾਰਜਸ਼ੀਲ ਹਨ । ਸਮੇਂ-ਸਮੇਂ ਨਰਮੇ ਦੀ ਕਾਸ਼ਤ ਸੰਬੰਧੀ ਸਿਫ਼ਾਰਸ਼ਾਂ ਅਤੇ ਹਦਾਇਤਾਂ ਜਾਰੀ ਕਰ ਰਹੇ ਹਨ ਅਤੇ ਕਿਸਾਨਾਂ ਨਾਲ ਸੰਪਰਕ ਵਿੱਚ ਹਨ । ਪੰਜਾਬ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਨਰਮੇ ਦੀ ਕਾਸ਼ਤ ਸੰਬੰਧੀ ਸਾਹਿਤ ਵੀ ਵੰਡਿਆ ਗਿਆ ਹੈ ।

ਯੂਨੀਵਰਸਿਟੀ ਮਾਹਿਰਾਂ ਦੀਆਂ ਟੀਮਾਂ ਲਗਾਤਾਰ ਵੱਖ-ਵੱਖ ਥਾਵਾਂ ਤੇ ਜਾ ਕੇ ਨਰਮੇ ਦੀ ਫ਼ਸਲ ਦਾ ਸਰਵੇਖਣ ਕਰ ਰਹੀਆਂ ਹਨ ਅਤੇ ਲੋੜ ਅਨੁਸਾਰ ਕਿਸਾਨਾਂ ਨੂੰ ਢੁੱਕਵੀਂ ਤਕਨੀਕੀ ਸਲਾਹ ਦੇ ਕੇ ਮਾਰਗ ਦਰਸ਼ਨ ਕਰ ਰਹੀਆਂ ਹਨ ।

ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੇਂ-ਸਮੇਂ ਬਦਲਦੀਆਂ ਸਥਿਤੀਆਂ ਮੁਤਾਬਕ ਨਵੀਆਂ ਸਿਫ਼ਾਰਸ਼ਾਂ ਵੀ ਜਾਰੀ ਕੀਤੀਆਂ ਗਈਆਂ ਹਨ । ਖੇਤੀ ਰਸਾਇਣਾਂ ਦੀ ਘੱਟੋ-ਘੱਟ ਅਤੇ ਸੁਚੱਜੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ਇਸ ਨੂੰ ਧਿਆਨ ਵਿੱਚ ਰੱਖਦਿਆਂ ਨਰਮੇ ਦੀ ਫ਼ਸਲ ਉਪਰ ਕੀਟਾਂ ਦੇ ਸੁਚੱਜੇ ਪ੍ਰਬੰਧਨ ਦਾ ਇੱਕ ਮੁਕੰਮਲ ਪੈਕੇਜ ਵੀ ਦਿੱਤਾ ਗਿਆ ਹੈ ਜਿਸ ਵਿੱਚ ਵਿਕਸਿਤ ਮਸ਼ੀਨਰੀ ਅਤੇ ਹੋਰ ਸਿਫ਼ਾਰਸ਼ਾਂ ਵੀ ਸ਼ਾਮਲ ਹਨ ।

ਉਨ•ਾਂ ਦੱਸਿਆ ਕਿ ਪੀਏਯੂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਮੁੱਖ ਉਦੇਸ਼ ਕੀਟਾਂ ਦੀ ਗਿਣਤੀ ਨੂੰ ਨੁਕਸਾਨ ਦਰ ਤੋਂ ਹੇਠਾਂ ਰੱਖਣਾ ਹੈ ਤਾਂ ਕਿ ਘੱਟੋ-ਘੱਟ ਲਾਗਤਾਂ ਨਾਲ ਵੱਧ ਝਾੜ ਲਿਆ ਜਾ ਸਕੇ । ਇਸ ਲਈ ਅਪਣਾਈ ਗਈ ਬਹੁਪੱਖੀ ਪ੍ਰਣਾਲੀ ਵਿੱਚ ਰਸਾਇਣਕ ਅਤੇ ਗੈਰ-ਰਸਾਇਣਕ ਦੋਵੇਂ ਵਿਧੀਆਂ ਸ਼ਾਮਲ ਹਨ । ਲੋੜ ਹੈ ਕਿ ਨਰਮੇਂ ਉਪਰ ਆਉਣ ਵਾਲੇ ਕੀਟਾਂ ਦੀ ਸਹੀ ਪਹਿਚਾਣ ਕਰਕੇ ਉਸਦਾ ਢੁੱਕਵਾਂ ਹੱਲ ਕੀਤਾ ਜਾਵੇ । ਉਹਨਾਂ ਸਾਰੇ ਨਰਮਾ ਉਤਪਾਦਕਾਂ ਦਾ ਧੰਨਵਾਦ ਵੀ ਕੀਤਾ ਜਿਹੜੇ ਇਸ ਮੁਹਿੰਮ ਵਿੱਚ ਲਗਾਤਾਰ ਪੂਰਾ ਸਾਥ ਦੇ ਰਹੇ ਹਨ ਅਤੇ ਯੂਨੀਵਰਸਿਟੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਨੁਸਾਰ ਨਰਮੇ ਦਾ ਰਖ-ਰਖਾਅ ਕਰ ਰਹੇ ਹਨ । ਉਹਨਾਂ ਕਿਹਾ ਕਿ ਜੇ ਫਿਰ ਵੀ ਕਿਸੇ ਕਿਸਾਨ ਨੂੰ ਕੋਈ ਵੀ ਖਦਸ਼ਾ ਮਹਿਸੂਸ ਹੁੰਦਾ ਹੈ ਤਾਂ ਉਹ ਡਰਨ ਦੀ ਬਜਾਏ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਨੂੰ ਤੁਰੰਤ ਲੋੜੀਂਦੀ ਕਾਰਵਾਈ ਲਈ ਸੰਪਰਕ ਕਰ ਸਕਦਾ ਹੈ ।

—PTC News

  • Share