Advertisment

ਸਰਹੱਦੀ ਇਲਾਕਿਆਂ ਦੇ ਵਿਕਾਸ ਦੇ ਲਈ ਕੇਂਦਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ

author-image
Ragini Joshi
New Update
ਸਰਹੱਦੀ ਇਲਾਕਿਆਂ ਦੇ ਵਿਕਾਸ ਦੇ ਲਈ ਕੇਂਦਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ
Advertisment
ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਹੱਦੀ ਇਲਾਕਿਆਂ ਦੇ ਵਿਕਾਸ ਦੇ ਲਈ ਕੇਂਦਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਮੁੱਖ ਮੰਤਰੀ ਵੱਲੋਂ ਰਾਜਨਾਥ ਸਿੰਘ ਨਾਲ ਰਾਸ਼ਟਰੀ ਸ਼ਹੀਦੀ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਹੂਸੈਨੀਵਾਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਰਹੱਦੀ ਇਲਾਕਿਆਂ ਲਈ ਪ੍ਰਸਤਾਵਿਤ ਵਿਸ਼ੇਸ਼ ਪੈਕੇਜ ਸਣੇ ਇਸ ਖਿੱਤੇ ਦੇ ਵਿਕਾਸ ਕਾਰਜਾਂ ਲਈ ਪੂਰੀ ਸਹਾਇਤਾ ਦੇਣ ਵਾਸਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਅੱਜ ਕੇਂਦਰੀ ਮੰਤਰੀ ਦੇ ਨਾਲ ਫਿਰੋਜ਼ਪੁਰ ਜ਼ਿਲੇ ਦੇ ਹੂਸੈਨੀਵਾਲਾ ਗਏ ਜਿੱਥੇ ਦੋਵਾਂ ਆਗੂਆਂ ਨੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਯਾਦਗਾਰਾ ਵਿਖੇ ਜਾ ਕੇ ਉਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਬਾਅਦ ਵਿੱਚ ਮੁੱਖ ਮੰਤਰੀ ਨੇ ਸਰਹੱਦੀ ਇਲਾਕੇ ਦੇ ਵਿਕਾਸ ਅਤੇ ਪ੍ਰਗਤੀ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਰਾਜਨਾਥ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ। ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਇਨਾਂ ਖੇਤਰਾਂ ਦੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਦੇਣ ਅਤੇ ਇਨਾਂ ਦੇ ਮਸਲੇ ਪਹਿਲੇ ਦੇ ਆਧਾਰ ’ਤੇ ਹੱਲ ਕਰਨ ਲਈ ਵਚਨਬੱਧ ਹੈ। ਪਠਾਨਕੋਟ, ਗੁਰਦਾਸਪੁਰ, ਅੰਮਿ੍ਰਤਸਰ, ਤਰਨ ਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲਿਆਂ ਵਿੱਚ 553 ਕਿਲੋਮੀਟਰ ਲੰਮੀ ਸੰਵੇਦਨਸ਼ੀਲ ਅੰਤਰ-ਰਾਸ਼ਟਰੀ ਸਰਹੱਦ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਰਾਜਨਾਥ ਸਿੰਘ ਨੂੰ ਦੱਸਿਆ ਕਿ ਉਨਾਂ ਦੀ ਸਰਕਾਰ ਨੂੰ ਇਸ ਖੇਤਰ ਵਿੱਚ ਨਵਾਂ ਸਮਾਜਿਕ ਅਤੇ ਸਨਅਤੀ ਬੁਨਿਆਦੀ ਢਾਂਚਾ ਪੈਦਾ ਕਰਨ ਲਈ ਵਿਸ਼ੇਸ਼ੇ ਪੈਕੇਜ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਇੱਥੋਂ ਦੇ ਲੋਕਾਂ ਲਈ ਚੋਣਵੇਂ ਵਿਦਿਅਕ ਸੰਸਥਾਵਾਂ ਅਤੇ ਸਰਕਾਰੀ ਨੌਕਰੀਆਂ ਵਿੱਚ ਵੀ ਰਾਖਵੀਆਂ ਸੀਟਾਂ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਪੰਜਾਬ ਦੀ ਨਵੀਂ ਸਨਅਤੀ ਨੀਤੀ ਵਿੱਚ ਵੀ ਇਨਾਂ ਖੇਤਰਾਂ ਨੂੰ ਵਿਸ਼ੇਸ਼ ਰਿਆਇਤਾਂ ਮੁਹਈਆ ਕਰਵਾਈਆਂ ਗਈਆਂ ਹਨ। ਇਸ ਖਿੱਤੇ ਦੇ ਵਿਕਾਸ ਲਈ ਕੇਂਦਰ ਸਰਕਾਰ ਤੋਂ ਸਮਰਥਨ ਦੀ ਮੰਗ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਰਹੱਦੀ ਇਲਾਕਿਆਂ ’ਚ ਸੁਧਾਰ ਲਿਆਉਣ ਲਈ ਕੇਂਦਰੀ ਮੰਤਰੀ ਨੂੰ ਵਿਸ਼ੇਸ਼ ਯਕਮੁਸ਼ਤ ਬੁਨਿਆਦੀ ਢਾਂਚਾ ਵਿਕਾਸ ਪੈਕੇਜ ਦਿੱਤੇ ਜਾਣ ਦੀ ਅਪੀਲ ਕੀਤੀ। ਉਨਾਂ ਨੇ ਕੰਡਿਆਲੀ ਤਾਰ ਤੋਂ ਪਾਰ ਵਾਲੀ ਜ਼ਮੀਨ ਐਕਵਾਇਰ ਕਰਨ ਲਈ ਭਾਰਤ ਸਰਕਾਰ ਨੂੰ ਕਿਹਾ ਕਿਉਂਕਿ ਬੀ.ਐਸ.ਐਫ. ਦੁਆਰਾ ਲਾਈਆਂ ਜਾ ਰਹੀਆਂ ਸੁਰੱਖਿਆ ਰੋਕਾਂ ਦੇ ਕਾਰਨ ਇਹ ਜ਼ਮੀਨ ਢੁਕਵੇਂ ਤਰੀਕੇ ਨਾਲ ਖੇਤੀ ਕਰਨਯੋਗ ਨਹੀਂ ਹੈ। ਉਨਾਂ ਕਿਹਾ ਕਿ ਇਸ ਜ਼ਮੀਨ ਨੂੰ ਐਕਵਾਇਰ ਕੀਤੇ ਜਾਣ ਤੱਕ ਕਿਸਾਨਾਂ ਨੂੰ ਕੰਡਿਆਲੀ ਤਾਰ ਕਾਰਨ ਹੋ ਰਹੇ ਨੁਕਸਾਨ ਵਾਸਤੇ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਫੌਜ ਨੂੰ ਤਾਇਨਾਤ ਕਰਨ ਦੇ ਕਾਰਨ ਖੇਤੀ ਨੂੰ ਹੋਏ ਨੁਕਸਾਨ ਬਦਲੇ ਉਦਾਰਮਈ ਮੁਆਵਜ਼ਾ ਦਿੱਤੇ ਜਾਣ ਦੀ ਵੀ ਕੇਂਦਰ ਤੋਂ ਮੰਗ ਕੀਤੀ ਹੈ। ਉਨਾਂ ਕਿਹਾ ਕਿ ਦੇਸ਼ ਦੇ ਹੋਰ ਪਹਾੜੀ ਸੂਬਿਆਂ ਅਤੇ ਉੱਤਰ ਪੂਰਬੀ ਖਿੱਤੇ ਨੂੰ ਟੈਕਸਾਂ ਵਿੱਚ ਦਿੱਤੀਆਂ ਗਈਆਂ ਰਿਆਇਤਾਂ ਅਤੇ ਵਿਕਾਸ ਸਕੀਮਾਂ ਵਾਂਗ ਹੀ ਪੰਜਾਬ ਨੂੰ ਵੀ ਅਜਿਹੀਆਂ ਰਿਆਇਤਾਂ ਅਤੇ ਵਿਕਾਸ ਸਕੀਮਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਇਸ ਇਲਾਕੇ ਦੀਆਂ ਸਰਹੱਦੀ ਸੜਕਾਂ ਦਾ ਵਿਸ਼ੇਸ਼ ਵਿਕਾਸ ਅਤੇ ਰੱਖ-ਰਖਾਓ ਰਾਸ਼ਟਰੀ ਹਾਈਵੇਅ ਪ੍ਰੋਗਰਾਮ ਦੇ ਹੇਠ ਹੋਣਾ ਚਾਹੀਦਾ ਹੈ। ਇਸ ਦੇ ਨਾਲ ਨੀਮ ਫੌਜੀ ਬੱਲਾਂ ਅਤੇ ਹਥਿਆਰਬੰਦ ਫੌਜਾਂ ਨੂੰ ਸਰਹੱਦ ਤੱਕ ਪਹੁੰਚਣਾ ਹੋਰ ਵੀ ਸੁਖਾਲਾ ਹੋਵੇਗਾ ਅਤੇ ਇਸ ਖਿੱਤੇ ਦੇ ਵਿਕਾਸ ਲਈ ਵਧੀਆ ਸੰਪਰਕ ਯਕੀਨੀ ਬਣੇਗਾ। ਮੁੱਖ ਮੰਤਰੀ ਨੇ ਸੰਗਠਿਤ ਚੈਕ ਪੋਸਟ ਦਾ ਵੀ ਇਕ ਹੋਰ ਮੁੱਦਾ ਉਠਾਇਆ ਜੋ ਕਿ ਅਟਾਰੀ ਦੇ 118 ਏਕੜ ਰਕਬੇ ’ਤੇ ਹੈ। ਉਨਾਂ ਨੇ ਵੱਖ-ਵੱਖ ਵਸਤਾਂ ਦੀ ਬਰਾਮਦ ਅਤੇ ਦਰਾਮਦ ਲਈ ਇਸ ਨੂੰ ਪ੍ਰਮੁੱਖ ਗਲਿਆਰੇ ਵਜੋਂ ਵਰਤਣ ’ਤੇ ਜ਼ੋਰ ਦਿੱਤਾ। ਉਨਾਂ ਨੇ ਭਾਰਤ-ਪਾਕਿਸਤਾਨ ਵਿੱਚਕਾਰ ਯਾਤਰੀਆਂ ਦੇ ਆਉਣ-ਜਾਣ ’ਤੇ ਵੀ ਵਿਸ਼ੇਸ਼ ਬੱਲ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਵਪਾਰ ਨੂੰ ਬੜਾਵਾ ਦੇਣ ਲਈ ਅਟਾਰੀ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਰੇਲਵੇ ਨਾਲ ਜੁੜੀ ਹੋਈ ਸੀ.ਐਫ.ਐਸ/ਆਈ.ਸੀ.ਡੀ. ਸਥਾਪਤ ਕਰਨ ਲਈ ਵੀ ਵਿਚਾਰ ਕਰਨ ਵਾਸਤੇ ਕੇਂਦਰ ਨੂੰ ਆਖਿਆ। ਬਦਲਵੀਆਂ ਫਸਲਾਂ ਲਈ ਘੱਟੋਂ-ਘੱਟ ਸਮਰਥਨ ਮੁੱਖ ਦੀ ਵੀ ਕੇਂਦਰ ਨੂੰ ਬੇਨਤੀਹੂਸੈਨੀਵਾਲਾ ਤੇ ਫਾਜ਼ਿਲਕਾ ਵਿੱਖੇ ਕੋਈ ਵੀ ਆਈ.ਸੀ.ਪੀ. ਨਾ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਸੀ.ਡਬਲਯੂ.ਸੀ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹੂਸੈਨੀਵਾਲਾ ਵਿੱਖੇ ਆਈ.ਸੀ.ਪੀ. ਸਥਾਪਤ ਕਰਨਾ ਵਪਾਰਿਕ ਤੌਰ ’ਤੇ ਸੰਭਵ ਨਹੀਂ ਹੈ ਪਰ ਇਨਾਂ ਕੇਂਦਰਾਂ ਵਿੱਚ ਆਈ.ਸੀ.ਪੀਜ਼ ਸਥਾਪਤ ਕਰਨ ਲਈ ਪੀ.ਐਸ.ਡਬਲਯੂ.ਸੀ. ਵੱਲੋਂ ਕੋਈ ਵੀ ਸੰਭਾਵਨਾ ਬਾਰੇ ਅਧਿਅਨ ਨਹੀਂ ਕਰਾਇਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਬਦਲਵੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੇ ਮੁੱਦੇ ’ਤੇ ਵੀ ਰਾਜਨਾਥ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ। ਉਨਾਂ ਨੇ ਕਣਕ ਅਤੇ ਝੋਨੇ ਤੋਂ ਇਲਾਵਾਂ ਸਾਰੀਆਂ ਫਸਲਾਂ ’ਤੇ ਐਲਾਨੇ ਜਾਂਦੇ ਘੱਟੋ-ਘੱਟ ਸਮਰਥਨ ਮੁੱਲ ਤੇ ਵਿਕਰੀ ਮੁੱਲ ਦੇ ਵਿੱਚਲੇ ਘਾਟੇ ਸਬੰਧੀ ਪਾੜੇ ਨੂੰ ਪੂਰਨ ਦੀ ਵੀ ਕੇਂਦਰ ਨੂੰ ਅਪੀਲ ਕੀਤੀ। ਉਨਾਂ ਕਿਹਾ ਕਿ ਇਸ ਨਾਲ ਮੱਕੀ, ਸੋਇਆਬੀਨ, ਤੇਲ ਬੀਜਾਂ ਅਤੇ ਦਾਲਾਂ ਵਰਗੀਆਂ ਬਦਲਵੀਆਂ ਫਸਲਾਂ ਦੀ ਕਾਸ਼ਤ ਵੱਲ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਹੈ। ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਪੂਰੀ ਤਰਾਂ ਸੰਵੇਦਨਸ਼ੀਲ ਹੈ ਅਤੇ ਉਨਾਂ ਦੀ ਸਰਕਾਰ ਕੇਂਦਰ ਦੇ ਨਾਲ ਮਿਲਕੇ ਵੱਖ-ਵੱਖ ਸਮੱਸਿਆਵਾਂ ਦਾ ਹੱਲ ਕਰਨ ਦੇ ਯਤਨ ਕਰ ਰਹੀ ਹੈ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਨੇ ਪਹਿਲੋਂ ਹੀ ਸੂਬੇ ਦੇ ਮੁਸੀਬਤਾਂ ਵਿੱਚ ਘਿਰੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਵਿਆਪਕ ਕਰਜ਼ਾ ਮੁਆਫੀ ਸਕੀਮ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਪਹੁੰਚ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਉਨਾਂ ਵੱਲੋਂ 16.39 ਕਰੋੜ ਦੀ ਲਾਗਤ ਨਾਲ ਅਤੇ 2000 ਦਰਸ਼ਕਾਂ ਦੇ ਬੈਠਣ ਲਈ ਬਣੀ ਦਰਸ਼ਕ ਗੈਲਰੀ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਸੀਮਾ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਹੱਦ ’ਤੇ ਰਹਿ ਰਹੇ ਜਵਾਨ ਬਹੁਤ ਹੀ ਬਹਾਦਰੀ ਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਉਨਾਂ ਵਿਸ਼ੇਸ਼ ਤੌਰ ’ਤੇ ਜਵਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੀਮਾ ਸੁਰੱਖਿਆ ਬਲਾਂ ਵਿੱਚ ਡਿੳੂਟੀ ਕਰ ਰਹੀਆਂ ਬਹਾਦਰ ਮਹਿਲਾਵਾਂ ਦੀ ਪ੍ਰਸ਼ੰਸਾ ਵੀ ਇਸ ਮੌਕੇ ਉਨਾਂ ਜਵਾਨਾਂ ਦੇ ਲਈ ਮਿਆਰੀ ਖਾਣਾ ਮੁਹੱਈਆ ਕਰਵਾਉਣ ਵਾਸਤੇ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ, ਪੰਜਾਬ ਪੁਲਿਸ ਦੇ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ, ਡਵੀਜ਼ਨਲ ਕਮਿਸ਼ਨਰ ਸ੍ਰੀ ਸੁਮੇਰ ਸਿੰਘ ਗੁਰਜਰ, ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ, ਐੱਸ.ਐੱਸ.ਪੀ. ਸ. ਭੁਪਿੰਦਰ ਸਿੰਘ, ਡੀ.ਜੀ.ਸੀਮਾ ਸੁਰੱਖਿਆ ਬਲ ਸ੍ਰੀ ਕੇ. ਕੇ ਸ਼ਰਮਾ ਅਤੇ ਏ.ਡੀ.ਜੀ. ਸ੍ਰੀ ਕੇ. ਐਨ. ਚੌਬੇ, ਮੈਂਬਰ ਪਾਰਲੀਮੈਂਟ ਫ਼ਿਰੋਜ਼ਪੁਰ ਸ. ਸ਼ੇਰ ਸਿੰਘ ਘੁਬਾਇਆ, ਫ਼ਿਰੋਜ਼ਪੁਰ ਸ਼ਹਿਰੀ ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ੍ਰੀਮਤੀ ਸਤਿਕਾਰ ਕੌਰ ਗਹਿਰੀ, ਵਿਧਾਇਕ ਸ. ਕੁਲਬੀਰ ਸਿੰਘ ਜ਼ੀਰਾ ਤੋਂ ਇਲਾਵਾ ਹੋਰ ਪਤਵੰਤੇ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। —PTC News-
Advertisment

Stay updated with the latest news headlines.

Follow us:
Advertisment