ਪੰਜਾਬ

ਮੁੱਖ ਮੰਤਰੀ ਵੱਲੋਂ ਫਲਾਇੰਗ ਟਰੇਨਿੰਗ ਇੰਸਟੀਚਿਊਟ ਦੇ ਫੀਸ ਢਾਂਚੇ ਦਾ ਜਾਇਜ਼ਾ ਲੈਣ ਦੇ ਹੁਕਮ

By Joshi -- August 10, 2017 5:08 pm -- Updated:Feb 15, 2021

ਸੂਬੇ ਵਿੱਚ ਪਾਇਲਟਾਂ ਦੀ ਮਿਆਰੀ ਸਿਖਲਾਈ ਨੂੰ ਉਤਸ਼ਾਹਤ ਕਰਨ ਦੇ ਨਿਰਦੇਸ਼

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਵਾਈ ਉਡਾਨ ਸਿਖਲਾਈ ਦੇ ਮੌਜੂਦਾ ਫੀਸ ਢਾਂਚੇ ਦਾ ਜਾਇਜ਼ਾ ਲੈਣ ਦੇ ਹੁਕਮ ਦਿੱਤੇ ਤਾਂ ਕਿ ਇਸ ਨੂੰ ਵਾਜਬ ਬਣਾ ਕੇ ਪਾਇਲਟ ਦੀ ਸਿਖਲਾਈ ਲਈ ਹੋਰ ਨੌਜਵਾਨਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ।

ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ ਦੀ ਦੂਜੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਜੋ ਇਸ ਕੌਂਸਲ ਦੇ ਚੇਅਰਮੈਨ ਵੀ ਹਨ, ਨੇ ਕੌਂਸਲ ਨੂੰ ਫਲਾਇੰਗ ਟ੍ਰੇਨਿੰਗ ਆਰਗੇਨਾਈਜੇਸ਼ਨ (ਐਫ.ਟੀ.ਓ.) ਵਿਖੇ ਸਿਖਲਾਈ ਦਾ ਪੱਧਰ ਉੱਚਾ ਚੁੱਕਣ ਲਈ ਯਤਨ ਤੇਜ਼ ਕਰਨ ਦੇ ਹੁਕਮ ਦਿੱਤੇ ਅਤੇ ਇਨਾਂ ਨੂੰ ਕੌਮਾਂਤਰੀ ਫਲਾਇੰਗ ਕਲੱਬਾਂ ਦੇ ਬਰਾਬਰ ਲਿਆਉਣ ਲਈ ਆਖਿਆ।

ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇਂ ਨੂੰ ਚੇਤੇ ਕੀਤਾ ਜਦੋਂ ਭਾਰਤ ਵਿੱਚ ਵੱਡੀਆਂ ਏਅਰਲਾਇਨਜ਼ ਵੱਲੋਂ ਅਤੇ ਇੱਥੋਂ ਤੱਕ ਕਿ ਵਿਦੇਸ਼ੀ ਏਅਰਲਾਇਨਜ਼ ਵੱਲੋਂ ਆਪਣੇ ਕਮਰਸ਼ੀਅਲ ਪਾਇਲਟਾਂ ਨੂੰ ਮੁਢਲੀ ਟਰੇਨਿੰਗ ਪਟਿਆਲਾ ਫਲਾਇੰਗ ਕਲੱਬ ਵਿਖੇ ਦਿੱਤੀ ਜਾਂਦੀ ਸੀ। ਸਮਾਂ ਗੁਜ਼ਰਨ ਦੇ ਨਾਲ ਹਵਾਈ ਆਵਾਜਾਈ ਵਿੱਚ ਵੱਡੀ ਤਬਦੀਲੀ ਆਈ ਹੈ ਜਿਸ ਕਰਕੇ ਅੰਮਿ੍ਰਤਸਰ ਤੇ ਪਟਿਆਲਾ ਵਿਖੇ ਸਥਿਤ ਐਫ.ਟੀ.ਓ. ਦੀ ਕਾਇਆਕਲਪ ਕੀਤੀ ਜਾਣੀ ਚਾਹੀਦੀ ਹੈ ਅਤੇ ਤਾਜ਼ਾ ਤਕਨਾਲੋਜੀ ਅਤੇ ਆਧੁਨਿਕ ਉਡਾਨ ਅਮਲਾ ਨੂੰ ਅਪਣਾਇਆ ਜਾਵੇ।

ਸੂਬਾ ਭਰ ਵਿੱਚ ਹਵਾਈ ਬੁਨਿਆਦੀ ਢਾਂਚੇ ਦਾ ਪੱਧਰ ਉਚਾ ਚੁੱਕਣ ਲਈ ਕੌਂਸਲ ਦੀ ਮੰਗ ਨਾਲ ਸਹਿਮਤ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤਕਨੀਕੀ ਯੂਨੀਵਰਸਿਟੀ ਨੂੰ ਇਸ ਮਕਸਦ ਲਈ 10 ਕਰੋੜ ਰੁਪਏ ਦੇਣ ਤੋਂ ਇਲਾਵਾ ਸਿਵਲ ਐਰੋਡਰੋਮ ਪਟਿਆਲਾ ਲਈ ਦੋ ਨਵੇਂ ਆਧੁਨਿਕ ਜਹਾਜ਼ ਖਰੀਦਣ ਅਤੇ ਹਵਾਈ ਪੱਟੀ ਦੀ ਲਾਈਟਿੰਗ ਲਈ ਪ੍ਰਵਾਨਗੀ ਦਿੱਤੀ।

ਮੁੱਖ ਮੰਤਰੀ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਸਿੰਚਾਈ ਵਿਭਾਗ ਅਤੇ ਰੱਖਿਆ ਮੰਤਰਾਲੇ ਦਰਮਿਆਨ ਜ਼ਮੀਨ ਦੇ ਟੁਕੜੇ ਦੀ ਅਦਲਾ-ਬਦਲੀ ਦਾ ਮਸਲਾ ਉਠਾਉਣ ਲਈ ਆਖਿਆ ਤਾਂ ਜੋ ਸਿਵਲ ਐਰੋਡਰੋਮ ਪਟਿਆਲਾ ਦੇ ਮੌਜੂਦਾ ਰਨਵੇਅ ਦਾ ਵਿਸਤਾਰ ਹੋ ਸਕੇ।

ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਹੋਰ ਜ਼ਿਆਦਾ ਪੁਲਿਸ ਮੁਲਾਜ਼ਮ ਤਾਇਨਾਤ ਕਰਕੇ ਐਰੋਡਰੋਮ ’ਤੇ ਚੌਕਸੀ ਵਧਾਉਣ ਲਈ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨਾਂ ਨੇ ਸਮੁੱਚੀ ਚਾਰਦਵਾਰੀ ’ਤੇ ਲੋਹੇ ਦੀ ਕੰਡਿਆਲੀ ਤਾਰ ਲਾਉਣ ਲਈ ਆਖਿਆ ਹੈ ਤਾਂ ਜੋ ਅਵਾਰਾ ਪਸ਼ੂਆਂ ਦਾ ਇਸ ਵਿੱਚ ਦਾਖਲਾ ਰੋਕਿਆ ਜਾ ਸਕੇ ਕਿਉਂਕਿ ਇਹ ਪਸ਼ੂ ਹਵਾਈ ਜਹਾਜ਼ਾਂ ਦੀ ਸਮੁੱਚੀ ਸੁਰੱਖਿਆ ਅਤੇ ਫਲਾਇੰਗ ਸਟਾਫ ਲਈ ਵੱਡੀ ਚੁਣੌਤੀ ਬਣੇ ਹੋਏ ਹਨ।  ਉਨਾਂ ਨੇ ਕੌਂਸਲ ਨੂੰ ਅਗਲੇ ਪੜਾਅ ਦੌਰਾਨ ਲੁਧਿਆਣਾ ਵਿਖੇ ਬੰਦ ਪਏ ਐਫ.ਟੀ.ਓ. ਨੂੰ ਮੁੜ ਸੁਰਜੀਤ ਕਰਨ ਲਈ ਵੀ ਆਖਿਆ। ਉਨਾਂ ਕਿਹਾ ਕਿ ਇਸ ਵਿੱਚ ਮਾਲਵਾ ਖੇਤਰ ਵਿੱਚ ਪਾਇਲਟ ਬਣਨ ਦੇ ਖਾਹਿਸ਼ਮੰਦਾਂ ਨੂੰ ਆਕਰਸ਼ਿਤ ਕਰਨ ਦੀ ਅਥਾਹ ਸਮਰਥਾ ਹੈ।

ਮੁੱਖ ਮੰਤਰੀ ਨੇ ਪਟਿਆਲਾ ਵਿਖੇ ਬਣਾਏ ਜਾ ਰਹੇ ਪੰਜਾਬ ਏਅਰਕਰਾਫਟ ਮੈਂਟੇਨੈਂਸ ਕਾਲਜ ਨੂੰ ਤੁਰੰਤ ਲੋੜੀਂਦੇ ਫੰਡ ਜਾਰੀ ਕਰਨ ਦੇ ਵਿੱਤ ਵਿਭਾਗ ਨੂੰ ਸਹਿਮਤੀ ਦੇ ਦਿੱਤੀ ਹੈ ਤਾਂ ਜੋ ਇਹ ਸਾਲ ਦੇ ਆਖਿਰ ਤੱਕ ਇਸ ਦਾ ਨਿਰਮਾਣ ਕਾਰਜ ਮੁਕੰਮਲ ਕੀਤਾ ਜਾ ਸਕੇ ਅਤੇ ਇਸ ਵਾਸਤੇ ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੂਕੇਸ਼ਨ ਤੋਂ ਸਮੇਂ ਸਿਰ ਪ੍ਰਵਾਨਗੀ ਪ੍ਰਾਪਤ ਕੀਤੀ ਜਾ ਸਕੇ ਅਤੇ ਮਾਰਚ, 2018 ਤੋਂ ਇਸ ਦਾ ਪਹਿਲਾ ਅਕਾਦਮਿਕ ਸੈਸ਼ਨ ਸ਼ੁਰੂ ਕੀਤਾ ਜਾ ਸਕੇ।

ਫਲਾਇੰਗ ਸਟਾਫ ਖਾਸ ਕਰਕੇ ਟਰੇਨਿੰਗ ਇੰਸਟਰਕਟਰਾਂ ਅਤੇ ਪਾਇਲਟਾਂ ਦੀਆਂ ਤਨਖਾਹਾਂ ਅਤੇ ਭੱਤੇ ਤਰਕਸੰਗਤ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦੇਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਉਚ ਯੋਗਤਾ ਪ੍ਰਾਪਤ ਅਤੇ ਹੁਨਰਮੰਦ ਸਟਾਫ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਉਨਾਂ ਨੇ ਇਨਾਂ ਦੇ ਭੱਤੇ ਨਿੱਜੀ ਏਅਰਲਾਈਨਾਂ ਦੇ ਬਰਾਬਰ ਕਰਨ ’ਤੇ ਜ਼ੋਰ ਦਿੱਤਾ।

ਵਿਚਾਰ-ਚਰਚਾ ਵਿੱਚ ਹਿੱਸਾ ਲੈਂਦੇ ਹੋਏ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਕੌਂਸਲ ਨੂੰ ਪੰਜਾਬ ਏਅਰਕਰਾਫਟ ਮੈਂਟੇਨੈਂਸ ਕਾਲਜ ਦੀ ਮਾਨਤਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਕਰਾਉਣ ਲਈ ਰੂਪ ਰੇਖਾ ਤਿਆਰ ਕਰਨ ਵਾਸਤੇ ਕੌਂਸਲ ਨੂੰ ਤਿੰਨ ਮੈਂਬਰੀ ਕਮੇਟੀ ਗਠਿਤ ਕਰਨ ਲਈ ਆਖਿਆ ਹੈ। ਇਹੋ ਕਮੇਟੀ ਉੱਘੇ ਸੇਵਾਮੁਕਤ ਪ੍ਰੋਫੈਸਰ ਦੀਆਂ ਡਾਇਰੈਕਟਰ ਪਿ੍ਰੰਸੀਪਲ ਵਜੋਂ ਸੇਵਾਵਾਂ ਪ੍ਰਾਪਤ ਕਰਨ ਦਾ ਕਾਰਜ ਕਰੇਗੀ ਜਿਸ ਦਾ ਪ੍ਰਸ਼ਾਸਕੀ ਤਜ਼ਰਬਾ ਅਤੇ ਅਕਾਦਮਿਕ ਯੋਗਤਾ ਵਧੀਆ ਹੋਵੇਗਾ ਅਤੇ ਉਹ ਪੀ.ਈ.ਸੀ. ਯੂਨੀਵਰਸਿਟੀ ਆਫ ਇਜੀਨੀਅਰਿੰਗ ਐਂਡ ਤਕਨਾਲੋਜੀ ਦੇ ਐਰੋਨੌਟੀਕਲ ਇੰਜੀਨੀਅਰਿੰਗ ਵਿਭਾਗ ਤੋਂ ਹੋਵੇ।

ਮੀਟਿੰਗ ਵਿੱਚ ਹਾਜ਼ਰ ਹੋਰਨਾਂ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇ ਸ਼ਹਿਰੀ ਹਵਾਬਾਜ਼ੀ ਦੇ ਸਕੱਤਰ ਤੇਜਵੀਰ ਸਿੰਘ, ਪੰਜਾਬ ਰਾਜ ਸਿਵਲ ਐਵੀਏਸ਼ਨ ਕੌਂਸਲ ਦੇ ਸੀ.ਈ.ਓ. ਸ੍ਰੀ ਏ.ਪੀ.ਐਸ. ਵਿਰਕ, ਵਿਸ਼ੇਸ਼ ਸਕੱਤਰ ਵਿੱਤ ਰਜੇਸ਼ ਅਗਰਵਾਲ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਸ਼ਾਮਲ ਸਨ।

—PTC News