ਰਸੀਮ ਦਾ ਬੀਜ ਪੈਦਾ ਕਰਨ ਲਈ ਪੀਏਯੂ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸਮਝੌਤਾ

By Joshi - February 07, 2018 6:02 pm

ਰਸੀਮ ਦਾ ਬੀਜ ਪੈਦਾ ਕਰਨ ਲਈ ਪੀਏਯੂ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸਮਝੌਤਾ:

ਲੁਧਿਆਣਾ: ਪਸ਼ੂ ਪਾਲਣ ਦੇ ਧੰਦੇ ਲਈ ਹਰੇ ਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ। ਜ਼ਰੂਰੀ ਹੈ ਕਿ ਸਾਰਾ ਸਾਲ ਹਰਾ ਚਾਰਾ ਲੈਣ ਲਈ ਬੀਜਾਂ ਦੀ ਕਿਸਮ ਚੰਗੀ ਹੋਵੇ । ਸਰਦੀਆਂ ਵਿੱਚ ਬਰਸੀਮ ਇੱਕ ਹਰੇ ਚਾਰੇ ਦੀ ਮਹੱਤਵਪੂਰਨ ਫਸਲ ਹੈ। ਪੰਜਾਬ ਵਿੱਚ ਤਕਰੀਬਨ 2.27 ਲੱਖ ਹੈਕਟੇਅਰ ਰਕਬੇ ਉਪਰ ਹਰ ਸਾਲ ਬਰਸੀਮ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਲਈ ਬਿਮਾਰੀ ਰਹਿਤ ਚੰਗੀ ਕਿਸਮ ਦਾ ਬੀਜ ਸਮੇਂ ਸਿਰ ਮਿਲਣਾ ਇਕ ਚੁਣੌਤੀ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ  ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲਂੋ ਅਤੇ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਡਾ. ਮਹਿਲ ਸਿੰਘ ਦੇ ਸਾਂਝੇ ਉਦਮ ਸਦਕਾ ਦੋਹਾਂ ਅਦਾਰਿਆਂ ਨੇ ਇਕ ਸਮਝੌਤਾ ਕੀਤਾ ਜਿਸ ਤਹਿਤ ਖਾਲਸਾ ਕਾਲਜ ਦੇ ਐਗਰੀਕਲਚਰ ਫਾਰਮ ਉਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਬਰਸੀਮ ਦੀ ਉਨਤ ਕਿਸਮ ਬੀ ਐਲ 42 ਦਾ ਬੀਜ ਤਿਆਰ ਕੀਤਾ ਜਾਵੇਗਾ ਅਤੇ ਇਹ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਪਸ਼ੂ ਪਾਲਕਾਂ  ਦੀ ਮੰਗ ਨੂੰ ਪੂਰੀ ਕਰਨ ਲਈ ਵੇਚਿਆ ਜਾਵੇਗਾ।

ਇਸ ਨਾਲ ਚੰਗੇ ਬੀਜ ਦੀ ਦਿੱਕਤ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ। ਇਸ ਲਈ 6 ਫਰਵਰੀ 2018 ਨੂੰ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸਹਿਯੋਗੀ ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਢਿੱਲੋਂ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਡਾ. ਗੁਰਬਖਸ਼ ਸਿੰਘ, ਸਹਿਯੋਗੀ ਪ੍ਰੋਫੈਸਰ (ਐਗਰੋਨੋਮੀ) ਅਤੇ ਡਾ. ਕੰਵਲਜੀਤ ਸਿੰਘ, ਸਹਾਇਕ ਪ੍ਰੋਫੈਸਰ (ਐਗਰੋਨੋਮੀ)  ਨੇ ਲਿਖਤੀ ਖਰੜੇ ਤੇ ਹਸਤਾਖਰ ਕੀਤੇ ਅਤੇ ਇਕ ਦੂਜੇ ਨੂੰ ਆਉਣ ਵਾਲੇ ਸਮੇਂ ਵਿੱਚ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਜਤਾਇਆ। ਇਸ ਮੌਕੇ ਤੇ ਡਾ. ਕੇ.ਐਸ ਥਿੰਦ, ਵਧੀਕ   ਨਿਰਦੇਸ਼ਕ ਖੋਜ਼ (ਫ਼ਸਲ ਸੁਧਾਰ) ਡਾ. ਅਸ਼ੋਕ ਕੁਮਾਰ, ਵਧੀਕ ਨਿਰਦੇਸ਼ਕ ਖੋਜ਼ (ਫਾਰਮ ਮਸ਼ੀਨਰੀ ਅਤੇ ਬਾਇਓ ਐਨਰਜੀ) ਅਤੇ ਡਾ.ਐਸ.ਐਸ. ਚਹਿਲ, ਅਡਜੰਟ ਪ੍ਰੋਫੈਸਰ (ਤਕਨਾਲੋਜੀ ਮਾਰਕੀਟਿੰਗ ਅਤੇ ਆਈ ਪੀ ਆਰ ਸੈੱਲ) ਵੀ ਮੌਜੂਦ ਸਨ।

—PTC News

adv-img
adv-img