2 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਚੰਡੀਗੜ੍ਹ ਪੁਲੀਸ ਦਾ ਸਬ ਇੰਸਪੈਕਟਰ ਸੀ ਬੀ ਆਈ ਦੇ ਆਇਆ ਅੜਿਕੇ

ਸੀਬੀਆਈ ਚੰਡੀਗੜ੍ਹ ਸੈਕਟਰ 31 ਥਾਣੇ ਦੇ ਸਬ ਇੰਸਪੈਕਟਰ ਮੋਹਨ ਸਿੰਘ ਨੂੰ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਸੀ ਬੀ ਆਈ ਜਾਣਕਾਰੀ ਅਨੁਸਾਰ ਪ੍ਰਾਪਰਟੀ ਡੀਲਰ ਪ੍ਰੇਮ ਸਿੰਘ ਬਿਸਟ ਨੇ ਸ਼ਿਕਾਇਤ ਦਿੱਤੀ ਸੀ ਕਿ ਸੈਕਟਰ 31 ਥਾਣੇ ਵਿਚ ਉਸ ਦੇ ਤਿੰਨ ਮੁਲਾਜ਼ਮਾਂ ਜੋਸਫ, ਦੀਪਾ ਤੇ ਅਨਿਲ ਜੋ ਰਾਮ ਦਰਬਾਰ ਦੇ ਵਸਨੀਕ ਹਨ, ਸਮੇਤ ਕੁਝ ਹੋਰਨਾਂ ਵਿਅਕਤੀਆਂ ਵਿਰੁੱਧ 17 ਸਤੰਬਰ ਨੂੰ ਇਰਾਦਾ ਕਤਲ (307) ਦਾ ਕੇਸ ਦਰਜ ਕੀਤਾ ਗਿਆ ਸੀ। ਇਹ ਤਿੰਨੇ ਮੁੰਡੇ ਉਸ ਕੋਲ ਰਿਕਵਰੀ ਏਜੰਟ ਵਜੋਂ ਕੰਮ ਕਰਦੇ ਹਨ। ਕੇਸ ਦੇ ਪੜਤਾਲੀਆ ਅਫਸਰ ਸਬ ਇੰਸਪੈਕਟਰ ਮੋਹਨ ਸਿੰਘ ਸਨ।

ਇਹ ਥਾਣੇਦਾਰ ਉਸ ਦੇ ਮੁਲਾਜ਼ਮਾਂ ਨੂੰ ਕੇਸ ਵਿਚੋਂ ਬਚਾਉਣ ਲਈ 9 ਲੱਖ ਰੁਪਏ ਮੰਗ ਰਿਹਾ ਸੀ।ਬਿਸਟ ਨੇ ਥਾਣੇਦਾਰ ਮੋਹਨ ਸਿੰਘ ਨੂੰ ਸੈਕਟਰ 31 ਦੀ ਮਾਰਕੀਟ ਵਿਚ 2 ਲੱਖ ਰੁਪਏ ਲੈਣ ਲਈ ਸੱਦਿਆ। ਥਾਣੇਦਾਰ ਆਪਣੀ ਕਾਰ ਰਾਹੀਂ ਮਾਰਕੀਟ ਵਿਚ ਪੁੱਜਾ ਅਤੇ ਬਿਸਟ ਕੋਲੋਂ 2 ਲੱਖ ਰੁਪਏ ਲੈਣ ਲਈ ਪੁੱਜਿਆ ਤੇ ਜਦੋ ਥਾਣੇਦਾਰ ਨੇ ਪੈਸੇ ਪਕੜੇ ਇਸੇ ਦੌਰਾਨ ਪਹਿਲਾਂ ਹੀ ਉਥੇ ਦੜੀ ਸੀਬੀਆਈ ਦੀ ਟੀਮ ਨੇ ਮੋਹਨ ਸਿੰਘ ਨੂੰ 2 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਬਿਸਟ ਅਨੁਸਾਰ ਥਾਣੇਦਾਰ ਨੇ ਕਿਹਾ ਸੀ ਕਿ 9 ਲੱਖ ਰੁਪਏ ਵਿਚੋਂ ਕੇਵਲ ਇਕ ਲੱਖ ਰੁਪਏ ਹੀ ਉਸ ਦੇ ਹਿੱਸੇ ਆਉਣੇ ਹਨ ਜਦਕਿ 8 ਲੱਖ ਰੁਪਏ ਐਸਐਚਓ ਜਸਵਿੰਦਰ ਕੌਰ ਨੂੰ ਦੇਣੇ ਹਨ। ਇਸ ਮੌਕੇ ਡੀਐਸਪੀ ਦੱਖਣ ਦੀਪਕ ਯਾਦਵ ਵੀ ਮੌਕੇ ’ਤੇ ਪੁੱਜੇ।

ਇਸ ਮਾਮਲੇ ਵਿਚ ਸੈਕਟਰ 31 ਥਾਣੇ ਦੀ ਐਸਐਚਓ ਜਸਵਿੰਦਰ ਕੌਰ ਤੋਂ ਨਾ ਬੋਲਣ ਕਾਰਨ ਐਸਐਚਓ ਦਾ ਚਾਰਜ ਖੋਹ ਲਿਆ ਗਿਆ ਹੈ। ਸੈਕਟਰ 31 ਥਾਣੇ ਦਾ ਚਾਰਜ ਫਿਲਹਾਲ ਸੈਕਟਰ 34 ਥਾਣੇ ਦੇ ਐਸਐਚਓ ਅਜੈ ਕੁਮਾਰ ਨੂੰ ਦਿੱਤਾ ਗਿਆ ਹੈ।