ਵਿਰਾਸਤੇ-ਖਾਲਸਾ ਲਈ ਹਲਕੀ ਸ਼ਬਦਾਵਲੀ ਵਰਤਣ ਲਈ ਅਕਾਲੀ ਦਲ ਵੱਲੋਂ ਨਵਜੋਤ ਸਿੱਧੂ ਦੀ ਨਿਖੇਧੀ

ਅਕਾਲੀ-ਭਾਜਪਾ
ਅਕਾਲੀ-ਭਾਜਪਾ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਿੱਖ ਇਤਿਹਾਸ, ਧਰਮ ਅਤੇ ਸੱਭਿਆਚਾਰ ਦੇ ਕੋਸ਼ ਵਜੋਂ ਜਾਣੇ ਜਾਂਦੇ ਵਿਰਾਸਤੇ-ਖਾਲਸਾ ਨੂੰ ‘ਚਿੱਟਾ ਹਾਥੀ’ ਕਹਿ ਕੇ ਸਿੱਖੀ ਦੀ ਰੂਹ ਉੱਤੇ ਹਮਲਾ ਕਰਨ ਲਈ ਪੰਜਾਬ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਦੀ ਸਖਤ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਉਸ ਨੂੰ ਸਸਤੀ ਸ਼ੁਹਰਤ ਖਾਤਿਰ ਅੰਮ੍ਰਿਤਸਰ ਵਿਖੇ ਵੰਡ ਉੱਤੇ ਬਣੇ ਅਜਾਇਬਘਰ ਦਾ ਦੁਬਾਰਾ ਉਦਘਾਟਨ ਕਰਨ ਤੋਂ ਵੀ ਰੋਕਿਆ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਧੂ ਨੇ ਵਿਰਾਸਤੇ-ਖਾਲਸਾ ਨੂੰ ਚਿੱਟਾ ਹਾਥੀ ਕਹਿ ਕੇ ਪੂਰੀ ਦੁਨੀਆਂ ਵਿਚ ਵਸਦੇ ਸਿੱਖਾਂ ਅਤੇ ਸਿੱਖੀ ਦਾ ਅਪਮਾਨ ਕੀਤਾ ਹੈ। ਸਿੱਧੂ ਨੂੰ ਸਿੱਖ ਕੌਮ ਤੋਂ ਤੁਰੰਤ ਮੁਆਫੀ ਮੰਗਣ ਲਈ ਆਖਦੇ ਹੋਏ ਉਹਨਾਂ ਕਿਹਾ ਕਿ ਅਜਿਹੀ ਬਕਵਾਸ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸਿੱਧੂ ਨੂੰ ਸਿੱਖੀ ਅਤੇ ਸਮਾਰਕ ਬਾਰੇ ਸਿੱਖਿਅਤ ਕੀਤੇ ਜਾਣ ਦੀ ਲੋੜ ਉੱਤੇ ਟਿੱਪਣੀ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਇਹ ਸਮਾਰਕ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਇਤਿਹਾਸ ਦੇ 500 ਸਾਲਾਂ ਅਤੇ ਖਾਲਸਾ ਪੰਥ ਦੇ ਜਨਮ ਦੇ 300 ਸਾਲਾਂ ਨੂੰ ਮਨਾਉਣ ਵਜੋਂ ਬਣਵਾਇਆ ਗਿਆ ਸੀ। ਉਹਨਾਂ ਕਿਹਾ ਕਿ ਇਸ ਪ੍ਰਾਜੈਕਟ ਵਾਸਤੇ ਦੁਨੀਆਂ ਦੇ ਪ੍ਰਸਿੱਧ ਆਰਕੀਟੈਕਟ ਮੋਸ਼ੇ ਸੈਫਡਾਇ ਦੀਆਂ ਸੇਵਾਵਾਂ ਲਈਆਂ ਗਈਆਂ ਸਨ, ਜਿਸ ਕਰਕੇ ਇਸ ਦੀ ਦੁਨੀਆਂ ਦੇ ਮੋਹਰੀ ਵਿਰਾਸਤੀ ਅਜਾਇਬਘਰਾਂ ਵਿਚ ਗਿਣਤੀ ਹੁੰਦੀ ਹੈ। ਉਹਨਾਂ ਕਿਹਾ ਕਿ ਸਰਦਾਰ ਬਾਦਲ ਵੱਲੋਂ ਬਣਵਾਇਆ ਹੋਣ ਕਰਕੇ ਇਹ ਅਜਾਇਬਘਰ ਲੋਕਾਂ ਦਾ ਅਜਾਇਬਘਰ ਬਣ ਗਿਆ ਹੈ, ਜਿੱਥੇ ਹਰ ਰੋਜ਼ ਹਜ਼ਾਰਾਂ ਲੋਕੀਂ ਇਸ ਦੇ ਮੁਫਤ ਦਰਸ਼ਨ ਕਰਦੇ ਹਨ। ਇਸ ਮਿਊਜ਼ੀਅਮ ਵੱਲੋਂ ਲੋਕਾਂ ਨੂੰ ਸੂਬੇ ਦੇ ਇਤਿਹਾਸ ਅਤੇ ਸੱਭਿਆਚਾਰ ਦੇ ਦਰਸ਼ਨ ਕਰਵਾ ਕੇ ਕੀਤੀ ਜਾ ਰਹੀ ਮਹਾਨ ਸੇਵਾ ਦਾ ਸਿੱਧੂ ਨੂੰ ਇਲਮ ਹੋਣਾ ਚਾਹੀਦਾ ਹੈ। ਅਜਿਹੀ ਸੇਵਾ ਨੂੰ ਪੈਸਿਆਂ ਨਾਲ ਨਹੀਂ ਤੋਲਿਆ ਜਾ ਸਕਦਾ। ਵਿਰਾਸਤੇ -ਖਾਲਸਾ ਨੂੰ ਇੱਕ ਮੁਨਾਫੇਯੋਗ ਸੰਗਠਨ ਵਿਚ ਤਬਦੀਲ ਕਰਨ ਦੀ ਕੋਸ਼ਿਸ ਕਰਨਾ ਪੰਜਾਬ ਅਤੇ ਇਸ ਦੇ ਲੋਕਾਂ ਨਾਲ ਵੱਡੀ ਧੱਕੇਸ਼ਾਹੀ ਹੋਵੇਗੀ।

ਸਾਬਕਾ ਮੰਤਰੀ ਨੇ ਸਿੱਧੂ ਨੂੰ ਕਿਹਾ ਕਿ ਉਹ ਪ੍ਰਸਾਸ਼ਨ ਨੂੰ ਕਾਮੇਡੀ ਸਰਕਸ ਵਾਂਗ ਨਾ ਚਲਾਵੇ।  ਕੱਲ• ਤੁਸੀਂ ਇਹ ਬਿਆਨ ਦਿੱਤਾ ਸੀ ਕਿ ਅੰਮ੍ਰਿਤਸਰ ਵਿਖੇ ਵੰਡ ਉੱਤੇ ਬਣੇ ਅਜਾਇਬਘਰ ਦਾ 17 ਅਗਸਤ ਨੂੰ ਮੁੜ ਉਦਘਾਟਨ ਕੀਤਾ ਜਾਵੇਗਾ। ਅਸੀਂ ਸਮਝ ਸਕਦੇ ਹਾਂ ਕਿ ਤੁਸੀਂ ਲਗਾਤਾਰ ਕਈ ਸਾਲ ਅੰਮ੍ਰਿਤਸਰ ਅਤੇ ਪੰਜਾਬ ਵਿਚੋਂ ਗੈਰ ਹਾਜ਼ਰ ਰਹੇ ਹੋ। ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸੂਬਾ ਸਰਕਾਰ ਦੁਆਰਾ ਕੀਤੇ ਸਾਰੇ ਕੰਮਾਂ 1ੇੱਤੇ ਆਪਣੇ ਠੱਪੇ ਲਾਉਣੇ ਸ਼ੁਰੂ ਕਰ ਦੇਵੋ। ਵੰਡ ਉੱਤੇ ਬਣੇ ਅਜਾਇਬਘਰ ਦਾ ਪਿਛਲੇ ਸਾਲ 24 ਅਕਤੂਬਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੁਆਰਾ ਉਦਘਾਟਨ ਕੀਤਾ ਗਿਆ ਸੀ।

ਉਹਨਾਂ ਕਿਹਾ ਕਿ ਸਿੱਧੂ ਹਮੇਸ਼ਾਂ ਹੀ ਸਸਤੀ ਸ਼ੁਹਰਤ ਦੀ ਤਲਾਸ਼ ਵਿਚ ਰਹਿੰਦਾ ਹੈ। ਉਸ ਨੂੰ ਵੰਡ ਉੱਤੇ ਬਣੇ ਮਿਊਜ਼ੀਅਮ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਵੰਡ ਤੋਂ 70 ਸਾਲ ਮਗਰੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਟਾਊਨ ਹਾਲ ਵਿਖੇ ਸਹੀ ਜਗ•ਾ ਦੀ ਤਲਾਸ਼ ਕਰਕੇ ਵੰਡ ਬਾਰੇ ਮਿਊਜ਼ੀਅਮ ਬਣਾਉਣ ਦਾ ਫੈਸਲਾ ਲਿਆ ਸੀ ਅਤੇ ਇਸ ਕਾਰਜ ਨੂੰ ਨੇਪਰੇ ਚਾੜ•ਣ ਦਾ ਜਿੰਥਮਾ ਕੇਸ਼ਵਰ ਦੇਸਾਈ ਦੇ ਆਰਟਸ ਐਂਡ ਕਲਚਰ ਹੈਰੀਟੇਜ ਟਰੱਸਟ ਨੂੰ ਸੌਂਪਿਆ ਸੀ।

ਅਕਾਲੀ ਆਗੂ ਨੇ ਸਿੱਧੂ ਨੂੰ ਵੰਡ ਦੇ ਪੀੜਤਾਂ ਦੇ ਦੁੱਖ ਤੋਂ ਸਸਤੀ ਸ਼ੁਹਰਤ ਲੈਣ ਤੋਂ ਵਰਜਦੇ ਹੋਏ ਕਿਹਾ ਕਿ ਪਹਿਲਾਂ ਕੰਮ ਕਰਨਾ ਤਾਂ ਸਿੱਖ ਲਵੋ। ਫਿਰ ਅਸੀਂ ਤੁਹਾਡੀਆਂ ਫੜਾਂ ਵੀ ਸੁਣ ਲਵਾਂਗੇ ਕਿ ਤੁਸੀਂ ਕੀ ਕੀਤਾ ਹੈ। ਪਰ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਉੱਤੇ ਛਾਲ ਮਾਰ ਕੇ ਬੈਠਣ ਦੀ ਕੋਸ਼ਿਸ਼ ਹਰਗਿਜ਼ ਨਾ ਕਰੋ।

—PTC News