ਸਤਿੰਦਰ ਸੱਤੀ – ਸ਼ਾਇਰਾਨਾ ਅੰਦਾਜ਼ ਦੀ ਮੱਲਿਕਾ, ਮਿੱਠੀ ਆਵਾਜ਼ ਅਤੇ ਬਾਕਮਾਲ ਹੁਨਰਾਂ ਦੀ ਮਾਲਕਣ ਪੰਜਾਬੀ ਮੁਟਿਆਰ

ਸਤਿੰਦਰ ਸੱਤੀ - ਸ਼ਾਇਰਾਨਾ ਅੰਦਾਜ਼ ਦੀ ਮੱਲਿਕਾ, ਮਿੱਠੀ ਆਵਾਜ਼ ਅਤੇ ਬਾਕਮਾਲ ਹੁਨਰਾਂ ਦੀ ਮਾਲਕਣ ਪੰਜਾਬੀ ਮੁਟਿਆਰ
ਸਤਿੰਦਰ ਸੱਤੀ - ਸ਼ਾਇਰਾਨਾ ਅੰਦਾਜ਼ ਦੀ ਮੱਲਿਕਾ, ਮਿੱਠੀ ਆਵਾਜ਼ ਅਤੇ ਬਾਕਮਾਲ ਹੁਨਰਾਂ ਦੀ ਮਾਲਕਣ ਪੰਜਾਬੀ ਮੁਟਿਆਰ

ਅਦਬ ਦੇ ਨਾਲ ਸਟੇਜ ‘ਤੇ ਖੜ੍ਹ ਕੇ ਆਪਣੀ ਬੁਲੰਦ ਆਵਾਜ਼ ਦੇ ਨਾਲ ਸ਼ਾਇਰੀ ਦੇ ਰਾਹੀਂ ਦਿਲ ਦੇ ਜਜ਼ਬਾਤਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦਾ ਜੇ ਹੁਨਰ ਕਿਸੇ ਕੋਲ ਹੈ, ਤਾਂ ਉਹ ਸਤਿੰਦਰ ਸੱਤੀ ਹੈ।

ਬੇਝਿਜਕ ਆਪਣੇ ਦਿਲ ਦੀ ਗੱਲ ਨੂੰ ਖੂਬਸੂਰਤ ਸ਼ਬਦਾਂ ‘ਚ ਪਿਰੋਣ ਵਾਲੀ ਸਤਿੰਦਰ ਸੱਤੀ ਦਾ ਅੱਜ ਜਨਮਦਿਨ ਹੈ।

ਸ਼ਬਦਾਂ ਦੀ ਜਾਦੂਗਰਨੀ ਸੱਤੀ ਨੇ ਪਹਿਲਾਂ ਵਕਾਲਤ ਦੀ ਪੜ੍ਹਾਈ ਕੀਤੀ, ਫਿਰ ਕਾਲਜ ‘ਚ ਯੂਥ ਫੈਸਟੀਵਲਜ਼ ‘ਚ ਭਾਗ ਲੈਣ ਤੋਂ ਲੈ ਕੇ ਉਸਨੇ ਮਨੋਰੰਜਨ ਜਗਤ ਵੱਲ ਨੂੰ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਸੱਤੀ ਨੇ ਕਦੀ ਪਿੱਛੇ ਮੁੜ੍ਹ ਕੇ ਨਹੀਂ ਦੇਖਿਆ।

ਐਂਕਰਿੰਗ ਦੀ ਦੁਨੀਆਂ ‘ਚ ਕਦਮ ਰੱਖ, ਅਦਾਕਾਰੀ, ਗਾਇਕੀ ਰਾਹੀਂ ਸੱਤੀ ਨੇ ਪੰਜਾਬੀ ਮਨੋਰੰਜਨ ਜਗਤ ਨੂੰ ਅਤੇ ਵਿਰਸੇ ਨੂੰ ਆਪਣੇ ਹੁਨਰ ਨਾਲ ਸ਼ਿੰਗਾਰਿਆ ਹੈ।

ਸਤਿੰਦਰ ਸੱਤੀ ਨੇ ‘ਲਿਸ਼ਕਾਰਾ’, ਵਰਗੇ ਨਾਮੀ ਸ਼ੋਅ ‘ਚ ਐਂਕਰਿੰਗ ਕਰ ਕੇ ਲੋਕਾਂ ਦੇ ਦਿਲਾਂ ‘ਚ ਡੂੰਘੀ ਛਾਪ ਛੱਡੀ ਹੈ।

ਇਸ ਤੋਂ ਇਲਾਵਾ ਪੰਜਾਬ ਕਲਾ ਭਵਨ ‘ਚ ਪੰਜਾਬੀ ਗਾਇਕਾ ਤੇ ਅਦਾਕਾਰਾ ਸਤਿੰਦਰ ਸੱਤੀ ਦੀ ਪੁਸਤਕ ‘ਅਣਜੰਮਿਆ ਬੋਟ’ ਕਾਵਿ ਸੰਗ੍ਰਿਹ ਨੂੰ ਮਸ਼ਹੂਰ ਪੰਜਾਬੀ ਲੇਖਕ ਡਾ. ਸੁਰਜੀਤ ਪਾਤਰ ਵੱਲੋਂ ਰਿਲੀਜ਼ ਕੀਤਾ ਗਿਆ ਸੀ।

ਸੱਤੀ ਦਾ ਨਾਮ ਵਿਵਾਦਾਂ ਨਾਲ ਉਦੋਂ ਜੁੜ੍ਹਿਆ ਜਦੋਂ ਉਸਨੂੰ ਪੰਜਾਬ ਆਰਟ ਕੌਂਸਲ ਦੀ ਚੇਅਰਮੈਨ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ, ਪਰ ਇਸ ਮਸਲੇ ਨੂੰ ਵੀ ਉਸਨੇ ਬਹੁਤ ਸਿਆਣਪ ਅਤੇ ਸੂਝ ਨਾਲ ਸੰਭਾਲਿਆ ਸੀ।

ਜ਼ਿੰਦਗੀ ਦੇ ਉਤਾਰ-ਚੜ੍ਹਾਅ ‘ਚ ਚਿਹਰੇ ‘ਤੇ ਮੁਸਕਾਨ ਰੱਖ, ਔਕੜਾਂ ਨੂੰ ਠੋਕਰਾਂ ਮਾਰ ਪਿੱਛੇ ਕਰ ਕੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੋਹਣ ਵਾਲੀ ਸਤਿੰਦਰ ਸੱਤੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ।

—PTC News