ਸੁਖਬੀਰ ਬਾਦਲ ਵੱਲੋਂ ਟਾਈਟਲਰ ਦੀ ਗਿਰਫਤਾਰੀ ਅਤੇ 84 ਕਤਲੇਆਮ ਵਿਚ ਰਾਜੀਵ ਗਾਂਧੀ ਦੀ ਸਿੱਧੀ ਭੂਮਿਕਾ ਬਾਰੇ ਮੁਕੰਮਲ ਜਾਂਚ ਦੀ ਮੰਗ

By Joshi - February 05, 2018 7:02 pm

ਸੁਖਬੀਰ ਬਾਦਲ ਵੱਲੋਂ ਟਾਈਟਲਰ ਦੀ ਗਿਰਫਤਾਰੀ ਅਤੇ 84 ਕਤਲੇਆਮ ਵਿਚ ਰਾਜੀਵ ਗਾਂਧੀ ਦੀ ਸਿੱਧੀ ਭੂਮਿਕਾ ਬਾਰੇ ਮੁਕੰਮਲ ਜਾਂਚ ਦੀ ਮੰਗ: ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਤੁਰੰਤ ਗਿਰਫਤਾਰੀ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਹਜ਼ਾਰਾਂ ਸਿੱਖਾਂ ਦੇ ਕਤਲੇਮਆਮ ਵਿਚ ਇੱਕ ਸਹਿਯੋਗੀ ਸਾਜ਼ਿਸ਼ਕਰਤਾ ਵਜੋਂ ਰਾਜੀਵ ਗਾਂਧੀ ਦੀ ਸਿੱਧੀ ਭੂਮਿਕਾ ਤੈਅ ਕਰਨ ਲਈ ਇੱਕ ਨਵਾਂ ਕੇਸ ਦਰਜ ਕੀਤੇ ਜਾਣ ਉੱਤੇ ਜ਼ੋਰ ਦਿੱਤਾ ਹੈ।

ਉਹਨਾਂ ਕਿਹਾ ਕਿ ਜਗਦੀਸ਼ ਟਾਈਟਲਰ ਵੱਲੋਂ ਕੀਤੇ ਇਕਬਾਲ ਕਿ ਉਸ ਨੇ 100 ਸਿੱਖਾਂ ਦਾ ਕਤਲ ਕੀਤਾ ਸੀ ਅਤੇ ਉਸ ਵੱਲੋਂ ਕੀਤੇ ਖੁਲਾਸੇ ਕਿ ਉਸ ਸਮੇਂ ਦਿੱਲੀ ਦੀਆਂ ਗਲੀਆਂ ਵਿਚ ਰਾਜੀਵ ਗਾਂਧੀ ਖੁਦ ਉਸ ਦੇ ਨਾਲ ਸਨ, ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਨਾ ਸਿਰਫ ਇੱਕ ਸਾਜ਼ਿਸ਼ਕਰਤਾ ਸੀ, ਸਗੋਂ ਇਸ ਅਪਰਾਧ ਵਿਚ ਉਸ ਦੀ ਸਰਗਰਮ ਭਾਗੀਦਾਰੀ ਰਹੀ ਸੀ। ਉਹਨਾਂ ਕਿਹਾ ਕਿ ਜਗਦੀਸ਼ ਟਾਈਟਲਰ ਦੀ ਸ਼੍ਰੀਮਤੀ ਇੰਦਰਾ ਗਾਂਧੀ ,ਰਾਜੀਵ ਗਾਂਧੀ ਅਤੇ ਉਸ ਦੇ ਪਰਿਵਾਰ, ਜਿਹਨਾਂ ਵਿਚ ਰਾਹੁਲ ਗਾਂਧੀ ਵੀ ਸ਼ਾਮਿਲ ਹੈ, ਬਾਰੇ ਨੇੜਤਾ ਤੋਂ ਸਾਰੇ ਜਾਣੂ ਹਨ, ਇਸ ਬਾਰੇ ਕਿਸੇ ਹੋਰ ਸਬੂਤ ਦੀ ਜ਼ਰੂਰਤ ਨਹੀਂ ਹੈ। ਇਸ ਲਈ ਟਾਈਟਲਰ ਵੱਲੋਂ ਸਿਆਸੀ ਜੋੜਤੋੜ ਤਹਿਤ ਕੀਤੀਆਂ ਸਾਰੀਆਂ ਕਾਰਵਾਈਆਂ ਦੀ ਜਾਂਚ ਅਖੀਰ ਨੂੰ ਰਾਜੀਵ ਗਾਂਧੀ ਅਤੇ ਉਸ ਦੇ ਪਰਿਵਾਰ ਤਕ ਜਾ ਕੇ ਰੁਕੇਗੀ। ਇਹ ਮਹਿਜ਼ ਕੋਈ ਆਮ ਕਾਂਗਰਸੀ ਨਹੀਂ ਬੋਲ ਰਿਹਾ ਹੈ। ਟਾਈਟਲਰ ਨੂੰ ਰਾਜੀਵ ਗਾਂਧੀ ਦਾ ਸੱਜਾ ਹੱਥ ਕਿਹਾ ਜਾਂਦਾ ਸੀ ਅਤੇ ਉਸ ਦੇ ਸਲਾਹਕਾਰ ਵਜੋਂ ਕੰਮ ਕਰਨ ਲਈ ਜਾਣਿਆ ਜਾਂਦਾ ਸੀ। ਟਾਈਟਲਰ ਦੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਕੀਤੇ ਕੰਮਾਂ ਅਤੇ ਰਾਜੀਵ ਗਾਂਧੀ ਦੇ ਉਸ ਨਾਲ ਹੋਣ ਦੇ ਦਾਅਵਿਆਂ ਦੀ ਜਾਂਚ ਬਹੁਤ ਸਾਰੇ ਕੌੜੇ ਸੱਚਾਂ ਨੂੰ ਬਾਹਰ ਲੈ ਕੇ ਆਵੇਗੀ। ਇਹ ਸੱਚ ਬਾਹਰ ਆਉਣੇ ਚਾਹੀਦੇ ਹਨ।

ਸਰਦਾਰ ਬਾਦਲ ਨੇ ਇਸ ਘਿਨੌਣੇ ਅਪਰਾਧ ਨੂੰ ਕੀਤੇ ਜਾਣ ਸਮੇਂ ਮਰਹੂਮ ਪ੍ਰਧਾਨ ਮੰਤਰੀ ਨਾਲ ਨੇੜਤਾ ਰੱਖਣ ਵਾਲੀਆਂ ਦੂਜੀਆਂ ਸਿਆਸੀ ਹਸਤੀਆਂ ਵੱਲੋਂ ਨਿਭਾਈ ਭੂਮਿਕਾ ਦੀ ਵੀ ਜਾਂਚ ਦੀ ਮੰਗ ਕੀਤੀ, ਜਿਹਨਾਂ ਵਿਚ ਰਾਜੀਵ ਗਾਂਧੀ ਵੰਸਜ਼ ਅਤੇ ਉਸ ਦੀ ਸਿਆਸੀ ਵਿਰਾਸਤ ਦਾ ਲਾਭ ਉਠਾਉਣ ਵਾਲੇ ਹਨ। ਉਹਨਾਂ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਵੱਲੋਂ ਉਸ ਸਮੇਂ ਕੀਤੀਆਂ ਕਾਰਵਾਈਆਂ ਅਤੇ ਲਏ ਫੈਸਲਿਆਂ ਨਾਲ ਇਹਨਾਂ ਲੋਕਾਂ ਦੇ ਸੌੜੇ ਹਿੱਤ ਜੁੜੇ ਹੋਏ ਹਨ।

ਸਰਦਾਰ ਬਾਦਲ ਇਹ ਟਿੱਪਣੀਆਂ ਜਗਦੀਸ਼ ਟਾਈਟਲਰ ਦੀ ਅੱਜ ਵਾਈਰਲ ਹੋਈ ਵੀਡਿਓ ਦੇ ਹਵਾਲੇ ਨਾਲ ਕਰ ਰਹੇ ਸਨ। ਇਸ ਵੀਡਿਓ ਵਿਚ ਟਾਈਟਲਰ ਨੇ ਰਾਜੀਵ ਗਾਂਧੀ ਅਤੇ ਉਸ ਦੇ ਪਰਿਵਾਰ ਦੇ ਸਭ ਤੋਂ ਭਰੋਸੇਯੋਗ ਵਿਅਕਤੀ ਵਜੋਂ ਕੁੱਝ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਟਾਈਟਲਰ ਸਪੱਸ਼ਟ ਰੂਪ ਵਿਚ ਇਹ ਕਹਿੰਦਿਆਂ ਸੁਣਾਈ ਦਿੰਦਾ ਹੈ ਕਿ ਉਸ ਨੇ ਰਾਜੀਵ ਗਾਂਧੀ ਅਤੇ ਉਸ ਦੇ ਪਰਿਵਾਰ ਦੀ ਸੇਵਾ ਵਾਸਤੇ ਸਿੱਖਾਂ ਨੂੰ ਮਾਰਨ ਦਾ ਕੰਮ ਕੀਤਾ ਅਤੇ ਬਦਲੇ ਵਿਚ ਕਾਂਗਰਸ ਪਾਰਟੀ ਨੇ ਉੱਚ ਅਹੁਦਿਆਂ ਨਾਲ ਨਿਵਾਜਣ ਦਾ ਵਾਅਦਾ ਕੀਤਾ।

ਸਰਦਾਰ ਬਾਦਲ ਨੇ ਕਿਹਾ ਕਿ ਇਸ ਸੰਬੰਧੀ ਸਮੁੱਚੇ ਸੱਚ ਨੂੰ ਬਾਹਰ ਲਿਆਉਣਾ ਬਹੁਤ ਹੀ ਅਹਿਮ ਹੈ। ਉਹਨਾਂ ਨੇ 1984 ਦੇ ਸਮੇਂ ਨੂੰ ਆਜ਼ਾਦ ਭਾਰਤ ਦਾ ਸਭ ਤੋਂ ਸ਼ਰਮਨਾਕ ਸਮਾਂ ਕਰਾਰ ਦਿੰਦਿਆਂ ਆਖਿਆ ਕਿ ਇਹ ਭਾਰਤ ਦੇ ਇਤਿਹਾਸ ਦਾ ਸਭ ਤੋਂ ਕਾਲਾ ਦੌਰ ਸੀ, ਜਦੋਂ ਬਹੁਤ ਸਾਰੀਆਂ ਰਹੱਸਮਈ ਚੀਜ਼ਾਂ ਵਾਪਰੀਆਂ। ਇਸ ਡਰਾਉਣੇ ਅਤੇ ਭਿਆਨਕ ਸੱਚ ਨੂੰ ਇਸ ਦੇਸ਼ ਦੇ ਲੋਕਾਂ ਸਾਹਮਣੇ ਲਿਆਉਣ ਲਈ ਸਾਰੇ ਪਹਿਲੂਆਂ ਦੀ ਕਾਨੂੰਨੀ ਪੱਖ ਤੋਂ ਜਾਂਚ ਕੀਤੇ ਜਾਣ ਦੀ ਲੋੜ ਹੈ। ਅਜਿਹਾ ਕਰਨਾ ਸਿੱਖਾਂ ਦੀ ਜ਼ਖ਼ਮੀ ਮਾਨਸਿਕਤਾ ਨਾਲ ਜੁੜੇ ਇਸ ਮੁੱਦੇ ਦਾ ਨਿਬੇੜਾ ਕਰਨ ਲਈ ਵੀ ਜਰੂਰੀ ਹੈ।

ਸਾਬਕਾ ਉਪ ਮੁੱਖ ਮੰਤਰੀ ਨੇ ਇਹ ਵੀ ਮੰਗ ਕੀਤੀ ਕਿ ਵਾਇਰਲ ਵੀਡਿਓ ਵਿਚ ਟਾਈਟਲਰ ਵੱਲੋਂ ਕੀਤੇ ਬਾਕੀ ਸਨਸਨੀਖੇਜ਼ ਖੁਲਾਸਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਨੇ ਖਾਸ ਤੌਰ ਤੇ ਟਾਈਟਲਰ ਦੇ ਪਰਿਵਾਰ ਸਵਿਸ ਬੈਂਕਾਂ ਅੰਦਰ ਗੁਪਤ ਖਾਤਿਆਂ ਅਤੇ ਰਹੱਸਮਈ ਢੰਗ ਨਲ ਹਜ਼ਾਰਾਂ ਕਰੋੜ ਰੁਪਏ ਦੇ ਹੋਏ ਲੈਣ ਦੇਣ ਦੀ ਜਾਂਚ ਦੀ ਮੰਗ ਕੀਤੀ। ਸਰਦਾਰ ਬਾਦਲ ਨੇ ਕਿਹਾ ਕਿ ਇਹਨਾਂ ਸਾਰੀਆਂ ਗੱਲਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਵਾਸਤੇ ਟਾਈਟਲਰ ਦੇ ਨਾਲ ਉਸ ਦੀ ਪਾਰਟੀ ਵੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।

—PTC News

adv-img
adv-img