ਪੰਜਾਬ

ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਦੌਰਾਨ ਪੰਜਾਬ ਦੇ 10 ਜ਼ਿਲਿਆਂ ਵਿੱਚ ਫੌਜ ਬੁਲਾਈ

By Joshi -- August 26, 2017 9:08 am -- Updated:Feb 15, 2021

· ਡੇਰਾ ਸਿਰਸਾ ਦੀ ਸੂਬਾ ਪੱਧਰੀ ਕਮੇਟੀ ਦੇ ਮੈਂਬਰ ਸਮੇਤ ਕਈ ਡੇਰਾ ਸਮਰਥਕ ਗਿ੍ਰਫਤਾਰ

· ਇਹਤਿਆਤ ਵਜੋਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਕਰਫਿੳੂ ਲਾਇਆ, ਪੁਲੀਸ ਨੇ ਗਸ਼ਤ ਤੇਜ਼ ਕੀਤੀ

ਚੰਡੀਗੜ, 25 ਅਗਸਤ

ਰਾਮ ਰਹੀਮ ਦੇ ਕੇਸ ਵਿੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਕੁਝ ਇਲਾਕਿਆਂ ਵਿੱਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਵਾਪਰਨ ਦੌਰਾਨ ਪੰਜਾਬ ਸਰਕਾਰ ਨੇ ਸੂਬੇ ਦੇ 10 ਜ਼ਿਲਿਆਂ ਵਿੱਚ ਅਮਨ-ਚੈਨ ਅਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਮਦਦ ਵਾਸਤੇ ਅਗਲੇ 24 ਘੰਟਿਆਂ ਲਈ ਫੌਜ ਬੁਲਾ ਲਈ ਹੈ। ਇਸ ਦੇ ਨਾਲ ਇਨਾਂ ਜ਼ਿਲਿਆਂ ਦੇ ਕੁਝ ਸੰਵੇਦਨਸ਼ੀਲ ਇਲਾਕਿਆਂ ਵਿੱਚ ਇਹਤਿਆਤ ਵਜੋਂ ਕਰਫਿੳੂ ਲਾ ਦਿੱਤਾ ਗਿਆ।

ਪੁਲੀਸ ਨੇ ਗੜਬੜ ਫੈਲਾਉਣ ਵਾਲਿਆਂ ਖਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਆਰੰਭੀ ਅਤੇ ਡੇਰਾ ਸੱਚਾ ਸੌਦਾ ਦੀ ਸੂਬਾ ਪੱਧਰੀ ਕਮੇਟੀ ਦੇ ਇਕ ਮੈਂਬਰ ਸਮੇਤ ਕਈ ਸਮਰਥਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਪੰਚਕੂਲਾ ਵਿੱਚ ਵਾਪਰੀ ਹਿੰਸਾ ਦੇ ਮੱਦੇਨਜ਼ਰ ਮਾਲਵਾ ਖੇਤਰ ਵਿੱਚ ਫੌਜ ਸੱਦਣ ਦਾ ਫੈਸਲਾ ਲਿਆ। ਫੌਜ ਨੇ ਇਨਾਂ ਜ਼ਿਲਿਆਂ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ।

ਰਾਜ ਦੀ ਸਥਿਤੀ ਦਾ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਸੰਗਰੂਰ, ਬਰਨਾਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ), ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਵਿੱਚ ਸਰਕਾਰੀ ਅਤੇ ਨਿੱਜੀ ਜਾਇਦਾਦ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਰੋਕਣ ਲਈ ਲਿਆ ਗਿਆ ਹੈ।

ਇਹਤਿਆਤ ਵਜੋਂ ਕਰਫਿਊ ਰਾਜ ਵਿੱਚ ਛੇ ਥਾਵਾਂ ’ਤੇ ਲਾਇਆ ਗਿਆ ਹੈ ਜਿਨਾਂ ਵਿੱਚ ਪਟਿਆਲਾ, ਬਠਿੰਡਾ, ਮਾਨਸਾ, ਫਰੀਦਕੋਟ, ਫਿਰੋਜ਼ਪੁਰ ਅਤੇ ਮਲੋਟ ਤਹਿਸੀਲ (ਜ਼ਿਲਾ ਸ਼੍ਰੀ ਮੁਕਤਸਰ ਸਾਹਿਬ) ਸ਼ਾਮਲ ਹਨ। ਇਸ ਤੋਂ ਇਲਾਵਾ ਜਿਨਾਂ ਥਾਵਾਂ ’ਤੇ ਇਹਤਿਆਤ ਵਜੋਂ ਰਾਤ ਦਾ ਕਰਫਿਊ ਲਾਇਆ ਜਾ ਸਕਦਾ ਹੈ, ਉਨਾਂ ਵਿੱਚ ਮੋਗਾ, ਬਾਘਾਪੁਰਾਣਾ ਅਤੇ ਅਬੋਹਰ ਸ਼ਾਮਲ ਹਨ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜ ਵਿੱਚ ਪੁਲਿਸ ਦੀ ਗਸ਼ਤ ਨੂੰ ਹੋਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਜਿਨਾਂ ਥਾਵਾਂ ’ਤੇ ਗਸ਼ਤ ਨੂੰ ਤੇਜ਼ ਕੀਤਾ ਗਿਆ ਹੈ, ਉਨਾਂ ਵਿੱਚ ਵਿਸ਼ੇਸ਼ ਤੌਰ ’ਤੇ ਰਾਜਮਾਰਗ ਅਤੇ ਮੁੱਖ ਮਾਰਗ ਸ਼ਾਮਲ ਹਨ। ਮੁੱਖ ਮੰਤਰੀ ਦੇ ਹੁਕਮਾਂ ’ਤੇ ਰਾਜ ਦੇ ਸੀਨੀਅਰ ਪੁਲਿਸ ਅਫਸਰ ਜਿਨਾਂ ਵਿੱਚ ਇਕ ਏ.ਡੀ.ਜੀ.ਪੀ. ਪੱਧਰ ਦਾ ਅਧਿਕਾਰੀ, 4 ਆਈ.ਜੀ. ਪੀ. ਪੱਧਰ ਦੇ, ਤਿੰਨ ਡੀ.ਆਈ.ਜੀ. ਅਤੇ ਕਮਾਂਡੈਂਟ ਪੱਧਰ ਦੇ ਅਧਿਕਾਰੀ ਅਗਾਮੀ 24 ਘੰਟਿਆ ਵਿੱਚ ਵਿਸ਼ੇਸ਼ ਤੌਰ ’ਤੇ ਰਾਤ ਨੂੰ ਵੱਖ-ਵੱਖ ਪਹਿਲੂਆ ਦੇ ਅਧਾਰ ’ਤੇ ਨਿਗਰਾਨੀ ਕਰਨ ਲਈ ਲਗਾਏ ਗਏ ਹਨ।

ਇਸ ਤੋਂ ਇਲਾਵਾ ਪੁਲਿਸ ਨੇ ਬਠਿੰਡਾ ਜ਼ਿਲੇ ਦੇ ਬੱਲੂਆਣਾ ਰੇਲਵੇ ਸਟੇਸ਼ਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਦੇ ਪੰਜ ਡੇਰਾ ਸਮਰਥਕਾਂ ਨੂੰ ਵੀ ਗਿ੍ਰਫਤਾਰ ਕੀਤਾ ਹੈ ਜਿਨਾਂ ਕੋਲੋਂ ਦੋ ਹਥਿਆਰ ਵੀ ਬਰਾਮਦ ਹੋਏ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਗੁਰਦੇਵ ਸਿੰਘ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਸੂਬਾ ਪੱਧਰੀ ਕਮੇਟੀ ਦਾ ਮੈਂਬਰ ਹੈ ਜਿਸ ਨੂੰ ਬਠਿੰਡਾ ਪੁਲਿਸ ਵੱਲੋਂ ਗਿ੍ਰਫਤਾਰ ਕੀਤਾ ਗਿਆ ਹੈ। ਉਹ ਡੇਰਾ ਸਮਰਥਕਾਂ ਨੂੰ ਅਗਜ਼ਨੀ ਅਤੇ ਹਿੰਸਾ ਲਈ ਭੜਕਾ ਰਿਹਾ ਸੀ। ਪੁਲਿਸ ਦੀ ਤਿੱਖੀ ਕਾਰਵਾਈ ਅਤੇ ਦਬਾਅ ਕਾਰਨ ਬਹੁਤ ਸਾਰੇ ਡੇਰਾ ਆਗੂਆਂ ਅਤੇ ਸਮਰਥਕਾਂ ਵੱਲੋਂ ਅਗਲੇ 24 ਘੰਟਿਆਂ ਦੌਰਾਨ ਪੁਲਿਸ ਅੱਗੇ ਆਤਮ ਸਮਰਪਣ ਕਰਨ ਦੀ ਸੰਭਾਵਨਾ ਹੈ।

ਬੁਲਾਰੇ ਅਨੁਸਾਰ ਸੂਬਾ ਸਰਕਾਰ ਇਕ ਲੱਖ ਤੋਂ ਵੱਧ ਡੇਰਾ ਸਮਰਥਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਲਈ ਸਰੱਖਿਅਤ ਅਤੇ ਬਿਨਾਂ ਅੜਚਣ ਲਾਂਘਾ ਮੁਹੱਈਆ ਕਰਾੳਣ ’ਚ ਲੱਗੀ ਹੋਈ ਹੈ। ਡੇਰੇ ਦੇ ਸਮਰਥਕ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਹਨ। ਇਨਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਨਾਂ ਵਾਸਤੇ ਆਪਣੇ ਜ਼ਿਲਿਆਂ ਤੱਕ ਪਹੁੰਚਣ ਲਈ ਟਰਾਂਸਪੋਰਟ ਦੇ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਪੀ.ਆਰ.ਟੀ.ਸੀ. ਦੀਆਂ 200 ਤੋਂ ਵੱਧ ਬੱਸਾਂ ਦਾ ਪ੍ਰਬੰਧ ਕਰਨ ਲਈ ਹੁਕਮ ਜਾਰੀ ਕੀਤੇ ਹਨ ਤਾਂ ਜੋਂ ਡੇਰਾ ਸਮਰਥਕਾਂ ਨੂੰ ਆਪਣੇ ਜ਼ਿਲਿਆਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾ ਸਕੇ।

ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਵਿਰੁੱਧ ਅਦਾਲਤ ਦੇ ਫੈਸਲੇ ਦੇ ਸੰਦਰਭ ਵਿੱਚ ਪੰਜਾਬ ’ਚ ਵਾਪਰੀਆਂ ਘਟਨਾਵਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਕਿਹਾ ਕਿ ਸੂਬੇ ਵਿੱਚ ਤਕਰੀਬਨ 40 ਘਟਨਾਵਾਂ ਵਾਪਰੀਆਂ ਹਨ ਜਿਨਾਂ ਵਿੱਚੋਂ ਜ਼ਿਆਦਾਤਾਰ ਛੋਟੀਆਂ-ਮੋਟੀਆਂ ਹਨ। ਇਨਾਂ ਘਟਨਾਵਾਂ ਵਿੱਚ 28 ਘਟਨਾਵਾਂ ਅਗਜ਼ਨੀ ਦੀਆਂ ਹਨ ਜਦਕਿ ਬਾਕੀ ਘਟਨਾਵਾਂ ਸੂਬੇ/ਕੇਂਦਰ ਸਰਕਾਰ ਦੇ ਦਫਤਰਾਂ/ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਹਨ। ਇਹ ਘਟਨਾਵਾਂ ਮਾਲਵਾ ਖੇਤਰ ਦੇ ਸੱਤ ਜ਼ਿਲਿਆਂ ਵਿੱਚ ਵਾਪਰੀਆਂ ਹਨ। ਰੇਲਵੇ ਸਟੇਸ਼ਨ ਨੂੰ ਵੀ ਨੁਕਸਾਨ ਪਹੁੰਚਾਉਣ ਦੀਆਂ ਚਾਰ ਘਟਨਾਵਾਂ ਵਾਪਰੀਆਂ ਹਨ ਜਿਨਾਂ ’ਚੋਂ ਦੋ ਬਠਿੰਡਾ ਅਤੇ ਇਕ-ਇਕ ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਵਾਪਰੀਆਂ ਹਨ। ਇਸੇ ਤਰਾਂ ਬਿਜਲੀ ਗਰਿੱਡ ਸਟੇਸ਼ਨਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਛੇ ਘਟਨਾਵਾਂ ਵਾਪਰੀਆਂ ਹਨ ਜਿਨਾਂ ’ਚੋਂ ਮਾਨਸਾ, ਸੰਗਰੂਰ ਅਤੇ ਬਠਿੰਡਾ ਵਿੱਚ ਇਕ-ਇਕ ਅਤੇ ਫਰੀਦਕੋਟ ਵਿੱਚ ਤਿੰਨ ਘਟਨਾਵਾਂ ਸ਼ਾਮਲ ਹਨ। ਸੇਵਾ ਕੇਂਦਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਵਾਪਰੀਆਂ ਕੁੱਲ 9 ਘਟਨਾਵਾਂ ਵਿੱਚੋਂ ਬਠਿੰਡਾ ਵਿੱਚ ਚਾਰ, ਮਾਨਸਾ ਵਿੱਚ ਦੋ, ਬਰਨਾਲੇ ਵਿੱਚ ਦੋ ਅਤੇ ਫਰੀਦਕੋਟ ਵਿੱਚ ਇਕ ਘਟਨਾ ਵਾਪਰੀ ਹੈ। ਟੈਲੀਫੋਨ ਐਕਸਚੇਂਜ ਨੂੰ ਨੁਕਸਾਨ ਪਹੁੰਚਾਉਣ ਦੀਆਂ ਚਾਰ ਘਟਨਾਵਾਂ ਵਾਪਰੀਆਂ ਹਨ ਜਿਨਾਂ ਵਿੱਚੋਂ ਬਠਿੰਡਾ, ਮੁਕਤਸਰ, ਸੰਗਰੂਰ ਅਤੇ ਬਰਨਾਲਾ ਵਿੱਚ ਇਕ-ਇਕ ਘਟਨਾ ਵਾਪਰੀ ਹੈ। ਇਸੇ ਤਰਾਂ ਹੀ ਚਾਰ ਥਾਵਾਂ ’ਤੇ ਪੈਟਰੋਲ ਪੰਪਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਜਿਨਾਂ ਵਿੱਚ ਮਾਨਸਾ ਦੇ ਦੋ ਅਤੇ ਮੁਕਤਸਰ ਅਤੇ ਫਰੀਦਕੋਟ ਦਾ ਇਕ-ਇਕ ਪੈਟਰੋਲ ਪੰਪ ਸ਼ਾਮਲ ਹਨ। ਤਹਿਸੀਲ ਦਫ਼ਤਰ ਸੰਗਰੂਰ ਨੂੰ ਵੀ ਨੁਕਸਾਨ ਪਹੰੁਚਾਇਆ ਗਿਆ ਹੈ ਅਤੇ ਮਾਨਸਾ ਜ਼ਿਲੇ ਵਿੱਚ ਸਥਿਤ ਆਮਦਨ ਕਰ ਦਫ਼ਤਰ ਦੀਆਂ ਖਿੜਕੀਆਂ ਤੇ ਸ਼ੀਸ਼ੇ ਤੋੜ ਦਿੱਤੇ ਗਏ ਹਨ। ਸੰਗਰੂਰ ਜ਼ਿਲੇ ਦੇ ਦਿੜਬਾ ਅਤੇ ਘਨੌਰੀ ਵਿਖੇ ਦੋ ਥਾਈਂ ਸੜਕੀ ਆਵਾਜਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਤੋਂ ਇਲਾਵਾ ਪਟਿਆਲਾ ਜ਼ਿਲੇ ਦੇ ਮਾਨਕਪੁਰ ਅਤੇ ਬਨੂੜ ਦੇ ਸਰਕਾਰੀ ਸਕੂਲਾਂ ਦੇ ਫਰਨੀਚਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਡੇਰਾ ਸਮਰਥਕਾਂ ਨੇ ਸੰਗਰੂਰ ਜ਼ਿਲੇ ਦੇ ਦਿੜਬਾ ਇਲਾਕੇ ਵਿੱਚ ਪੁਲਿਸ ਦੀ ਇਕ ਗੱਡੀ ’ਤੇ ਹਮਲਾ ਕੀਤਾ ਜਿਨਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।