ਹੁਨਰ ਦੇ ਦਮ ‘ਤੇ ਬਹੁਤ ਅਗਾਂਹ ਨਿਕਲਣ ‘ਚ ਕਾਮਯਾਬ ਹੋਇਆ ਗੁਰਆਲਮਬੀਰ ਐਲਕਸ , ਆਸਟਰੇਲੀਆ ‘ਚ ਖੱਟਿਆ ਨਾਮਣਾ

 

ਜਿਸ ਸਖਸ਼ ਦਾ ਨਾਮ ਹੀ ਖੁਦਾ ਦੀ ਬੰਦਗੀ ਵਾਲਾ ਹੋਵੇ ਉਸ ਦੀ ਸਖਸ਼ੀਅਤ ਨੂੰ ਬਖਸ਼ਿਸ਼ ਵੀ ਜ਼ਰੂਰ ਨਸੀਬ ਹੁੰਦੀ ਹੈ। ਗੁਰਆਲਮਬੀਰ ਸਿੰਘ ਹੁੰਦਲ ਇੱਕ ਅਜਿਹਾ ਉੱਭਰਦਾ ਹੁਨਰ ਦਾ ਬਸ਼ਿੰਦਾ ਹੈ ਜੋ ਆਪਣੀ ਲਗਨ ਨੂੰ ਮੁੱਖ ਰੱਖ ਕੇ ਕੰਮ ਕਰਨ ਵਿੱਚ ਵਿਸ਼ਵਾਸ ਕਰਦਾ ਹੈ ‘ਤੇ ਬਾਕੀ ਸਭ ਉਸ ਪ੍ਰਮਾਤਮਾ ‘ਤੇ ਛੱਡ ਦਿੰਦਾ ਹੈ।

ਗੁਰਆਲਮਬੀਰ ਦਾ ਜ਼ਿਕਰ ਕਰਦਿਆਂ ਇਹ ਦੱਸਣਾ ਜਰੂਰੀ ਹੋ ਜਾਂਦਾ ਹੈ ਕਿ ਬਚਪਨ ਤੋਂ ਉਸਦੇ ਜ਼ਹਿਨ ਵਿੱਚ ਪੁੰਗਰਦੀ ਕਲਾ ਨੇ ਉਸ ਨੂੰ ਜਿੱਥੇ ਕਲਾ ਦੇ ਖੇਤਰ ਵਿੱਚ ਖੜਨਾ ਸਿਖਾਇਆ ਉੱਥੇ ਕਾਮਯਾਬੀ ਦੇ ਰਾਹ ਨੇ ਹੱਸ ਕੇ ਉਸਦਾ ਸੁਆਗਤ ਕੀਤਾ।

ਆਪਣੀ ਤੀਖਣ ਬੁੱਧੀ ਅਤੇ ਜਜ਼ਬੇਕਾਰ ਮਨ ਦੀ ਬਦੌਲਤ ਉਹ ਅੰਮ੍ਰਿਤਸਰ ਦੀ ਧਰਤੀ ਤੋਂ ਆਸਟਰੇਲੀਆ ਉਡਾਰੀ ਮਾਰ ਗਿਆ। ਜਿੱਥੇ ਉਸਦਾ ਹੁਨਰ ਹੋਰ ਵੀ ਨਿਖਰ ਕੇ ਸਭ ਦੇ ਰੂਬਰੂ ਆਇਆ।

ਸੰਗੀਤ ਨਾਲ ਮੋਹ , ਸਾਜ਼ਾਂ ਨਾਲ ਸਾਂਝ, ਕਲਮ ਨਾਲ ਮੁਹੱਬਤ ਕਰ ਆਪਣੇ ਹੁਨਰ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਮਿਹਨਤ ਕਰਦਾ ਆ ਰਿਹਾ ਹੈ । ਅੰਮ੍ਰਿਤਸਰ ਤੋਂ ਲੱਗੀ ਕਲਾ ਦੀ ਚੇਟਕ ਨੇ ਉਸਨੂੰ ਆਸਟਰੇਲੀਆ ਦਾ ਪਹਿਲਾ ਭਾਰਤੀ ਥਿਏਟਰ ਨੂੰ ਉਤਸ਼ਾਹਿਤ ਕਰਨ ਵਾਲਾ ਵਿਅਕਤੀ ਬਣਿਆ ਹੈ ਜਿਸਨੇ 6 ਸਾਲਾਂ ਤੋਂ ਆਸਟਰੇਲੀਆ ਵਿੱਚ ਸਰਕਾਰੀ ਸਨਮਾਨਿਤ ਥੀਏਟਰ ਕੰਪਨੀ ਚਲਾਉਣ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਸਰਕਾਰੀ ਕੰਪਨੀ ਦਾ ਨਾਮ ਐਮਟਾ ( ਆਸਟਰੇਲਿਆਈ ਮਲਟੀਕਲਚਰਲ ਥੀਏਟਰ ਐਸੋਸੀਏਸ਼ਨ) ਹੈ ।

ਐਲਕਸ  ਨੂੰ ਮੁਸ਼ਕਲਾਂ ਦੇ ਜਾਲ ਨੇ ਬੇਸ਼ਕ ਬੜਾ ਉਲਝਾਇਆ ਪਰ ਉਹ ਆਪਣੇ ਬਲਬੂਤੇ ਅਤੇ ਆਪਣੇ ਹੁਨਰ ਦੇ ਬਲ ‘ਤੇ ਬਹੁਤ ਅਗਾਂਹ ਨਿਕਲਣ ‘ਚ ਯਕੀਨਨ ਕਾਮਯਾਬ ਹੋਇਆ ਹੈ। ਨਸਲਵਾਦ ਅਤੇ ਵਿਤਕਰੇ ਦਾ ਸਾਹਮਣਾ ਉਸ ਨੇ ਕਈ ਦਫ਼ਾ ਕੀਤਾ ਪਰ ਉਹ ਰੁਕਿਆ ਨਹੀਂ ਚਲਦਾ ਰਿਹਾ ।

ਜ਼ਿਕਰਯੋਗ ਹੈ ਕਿ ਜਦੋਂ ਉਸ ਨੂੰ ਕਿਸੇ ਨੇ ਸਪਾਂਸਰ ਕਰਨ ਲਈ ਪੱਲਾ ਨਹੀਂ ਫੜਾਇਆ, ਤਾਂ ਬਿਨ੍ਹਾਂ ਕਿਸੇ ਸਪਾਂਸਰ ਤੇ ਬਿਨ੍ਹਾਂ ਕਿਸੇ ਦੀ ਮਦਦ ਲਈ ,ਖੁਦ ਆਪਣੇ ਦਮ ‘ਤੇ ਕਮਾਏ ਹੋਏ ਪੈਸਿਆਂ ਨਾਲ ਥੀਏਟਰ ਨੂੰ ਪ੍ਰਫੁਲਿਤ ਕਰਨ ਲਈ ਜੁਟਿਆ ਰਿਹਾ ਹੈ ਇਹੀ ਨਹੀਂ ਜਦੋਂ ਉਸਨੇ ਇਸ ਰਾਹ ਨੂੰ ਚੁਣਿਆ ਉਦੋਂ ਆਸਟਰੇਲੀਆ ਵਿੱਚ ਕਿਸੇ ਨੂੰ ਥੀਏਟਰ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਸੀ।

ਜੇ ਲੇਖਣ ਕਲਾ ਦੀ ਗੱਲ ਕਰੀਏ ਤਾਂ ਉਹ ਆਸਟਰੇਲੀਆ ਦਾ ਇੱਕ ਕੁਆਲੀਫਾਈਡ ਅਤੇ ਮੰਝਿਆ ਹੋਇਆ ਸਕਰੀਨ ਲੇਖਕ ਵੀ ਹੈ ਅਤੇ ਡਾਇਰੈਕਟਰ ਵੀ ਹੈ। ਉਸਦੀ ਡਾਇਰੈਕਟ ਕੀਤੀ ਪਹਿਲੀ ਪੰਜਾਬੀ ਫਿਲਮ “ਮਾਂ” ਆਸਟਰੇਲਿਆਈ ਸੈਂਟਰ ਆਫ਼ ਮੂਵੀਜ਼ ਵਿੱਚ ਦਿਖਾਈ ਗਈ ਹੈ ।

ਗੁਰਆਲਮ ਵਿੱਚ ਸਿਰਫ ਇਹੀ ਹੁਨਰ ਨਹੀਂ ਹੈ ਉਸਦੇ ਅੰਦਰ ਕਲਾ ਦੀ ਕਿਲਕਾਰੀਆਂ ਹਮੇਸ਼ਾ ਹੀ ਗੂੰਜਦੀਆਂ ਰਹਿੰਦੀਆਂ ਹਨ ਜਿਸ ਸਦਕਾ ਉਸਨੇ ਆਸਟਰੇਲੀਆ ਵਿੱਚ ਹੀ ਨਹੀਂ ਬਲਕਿ ਪੰਜਾਬ ਵਿੱਚ ਬਹੁਤ ਨਾਮਣਾ ਖੱਟਿਆ ਹੈ। ਉਹ ਇੱਕ ਸਮਾਜ ਸੁਧਾਰਕ ਦੇ ਤੌਰ ‘ਤੇ ਵੀ ਉਭਰਿਆ ਹੈ ਅਤੇ ਸਮਾਜ ਦੀਆਂ ਕੁਰੀਤੀਆਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਅਤੇ ਇੰਨਾ  ਨੂੰ ਖਤਮ ਕਰਨ ਦੇ ਮਕਸਦ ਨਾਲ ਉਸਨੇ ਕਈ ਨਾਟਕ ਘੜੇ ਅਤੇ ਉਨ੍ਹਾਂ ਦੀਆਂ ਪੇਸ਼ਕਾਰੀਆਂ ਵੀ ਦਿੱਤੀਆਂ ਹਨ ।

 

ਉਹ ਇੱਕ ਥੀਏਟਰ ਪਰਸਨ ਹੋਣ ਦੇ ਨਾਲ ਮੈਲਬੋਰਨ ਆਧਾਰਿਤ ਫਿਲਮ ਮੇਕਰ , ਨਿਰਦੇਸ਼ਕ ਐਕਟਰ ਅਤੇ ਕਮਿਊਨਿਟੀ ਵਰਕਰ ਦੇ ਤੌਰ ‘ਤੇ ਵੀ ਉੱਭਰਿਆ ਹੈ।ਉਸਦੇ ਨਾਟਕ ਗੋਡਡੈੱਸ ਆਫ਼ ਹਿੰਦੋਸਤਾਨ ਤੋਂ ਇਲਾਵਾ ਹੋਰਨਾਂ ਨਾਟਕਾਂ ਨੁੰ ਵੀ ਵੱਡੀ ਸਫ਼ਲਤਾ ਹਾਸਿਲ ਹੋਈ।

ਉਹ ਥੀਏਟਰ ਅਤੇ ਫਿਲਮਾਂ ਤੋਂ ਖੱਟੀ ਕਮਾਈ ਨੂੰ ਗਰੀਬ ਅਤੇ ਲੋੜਵੰਦ ਔਰਤਾਂ ਦੀ ਮਦਦ ਲਈ ਦਿੰਦਾ ਹੈ। ਉਸਦੀ ਇੱਕ ਫਿਲਮ ਨੂੰ ਵੈਨਕੂਵਰ ਵਿੱਚ ਐੱਮਆਈਪੀਪੀਐੱਫ ਪੁਰਸਕਾਰਾਂ ਵਾਸਤੇ ਸਰਕਾਰੀ ਸਕ੍ਰੀਨਿੰਗ ਲਈ ਵੀ ਚੁਣਿਆ ਗਿਆ ਹੈ।ਇਹੀ ਨਹੀਂ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਜੌਹਨ ਹਾਵਰਡ ਨੇ ਭਾਰਤੀ ਕਾਰਜਕਾਰੀ ਕਲੱਬ ਦੁਆਰਾ ਫਿਲਮ ਅਤੇ ਸਿਨੇਮਾ ਵਿੱਚ ਆਪਣਾ ਯੋਗਦਾਨ ਦੇਣ ਲਈ ਸਨਮਾਨਤ ਕੀਤਾ ਹੈ। ਉਹ ਥਿਏਟਰ ਰਾਹੀਂ ਸਮਾਜਿਕ ਵਿਸ਼ਿਆਂ ਤੇ , ਘਰੇਲੂ ਹਿੰਸਾ , ਨਸ਼ਾ ਵਰਗੇ ਗੰਭੀਰ ਮੁੱਦਿਆਂ ਪ੍ਰਤੀ ਗੰਭੀਰ ਹੋ ਕੇ ਕੰਮ ਕਰਦਾ ਹੈ ਤਾਂ ਕਿ ਇਸ ਨੂੰ ਜੜੋਂ ਮੁਕਾਇਆ ਜਾ ਸਕੇ।ਐਲਕਸ ਦੀਆਂ ਪਬਲਿਸ਼ ਹੋ ਚੁੱਕੀਆਂ ਲੇਖਣੀਆਂ ਵੱਖ-ਵੱਖ ਰੇਡੀਓ ਚੈਨਲਾਂ ‘ਤੇ ਆਨ ਏਅਰ ਕੀਤਾ ਜਾ ਚੁੱਕਾ ਹੈ। ਉਸ ਬਾਰੇ ਦੱਸਦੇ ਹੋਏ ਇਸਦਾ ਜ਼ਿਕਰ ਵੀ ਲਾਜ਼ਮੀ ਹੈ ਕਿ ਪੰਜਾਬੀ ਭਾਸ਼ਾ ਦਾ ਰਾਖਾ ਬਣਕੇ ਉਸਨੇ ਵਿਦੇਸ਼ ਵਿੱਚ ਪੰਜਾਬੀ ਨੂੰ ਬਚਾਉਣ ਦੇ ਅਤੇ ਇਸਦੀ ਅਹਿਮੀਅਤ ਬਰਕਰਾਰ ਰੱਖਣ ਲਈ ਬਹੁਤ ਕੰਮ ਕੀਤੇ ਹਨ ।

ਅੱਜ ਕੱਲ ਗੁਰਆਲਮਬੀਰ ਪੰਜਾਬ ਵਿੱਚ ਹੈ ਅਤੇ ਪੰਜਾਬੀ ਭਾਸ਼ਾ ਦੇ ਸਤਿਕਾਰ ਅਤੇ ਅਹਿਮੀਅਤ ਨੂੰ ਲੈ ਕੇ ਫਿਲਮਾਂ ਬਣਾਉਣ ਵਿੱਚ ਰੁੱਝਾ ਹੋਇਆ ਹੈ । ਉਸਦੀ ਹਾਰਪ ਫਾਰਮਰ ਨਾਲ ਇੱਕ ਫਿਲਮ “ਅੰਗਹੀਣ ਭਾਸ਼ਾ” ਨੂੰ ਲੋਕਾਂ ਵੱਲੋਂ ਕਾਫ਼ੀ ਸਰਾਹਿਆ ਜਾ ਰਿਹਾ ਹੈ। ਜਲਦ ਹੀ ਅਸੀਂ ਉਸਦੇ ਨਵੇਂ ਕੰਮ ਤੋਂ ਰੂਬਰੂ ਹੋਵਾਂਗੇ। ਸ਼ਾਲਾ! ਗੁਰਆਲਮਬੀਰ ਐਲਕਸ ਇੰਝ ਹੀ ਸਮਾਜ ਨੂੰ ਸੇਧ ਦਿੰਦਾ ਰਹੇ ਅਤੇ ਹੋਰ ਬੁਲੰਦੀਆਂ ਤੱਕ ਅੱਪੜੇ!