Punjab Floods: ਹੜ੍ਹਾਂ ਦੀ ਮਾਰ ਤੋਂ ਬਾਅਦ ਰਾਹਤ ਕਾਰਜਾਂ 'ਚ ਜੁਟਿਆ ਪ੍ਰਸ਼ਾਸਨ, ਫਾਜ਼ਿਲਕਾ ਵਿੱਚ ਬੀਐਸਐਫ ਦੀਆਂ 3 ਪੋਸਟਾਂ ਡੁੱਬੀਆਂ
Punjab Floods: ਸ਼ਨੀਵਾਰ ਰਾਤ ਨੂੰ ਜਿਵੇਂ ਹੀ ਹਰੀਕੇ ਹੈੱਡ ਵਰਕਸ 'ਤੇ ਪਾਣੀ ਦੀ ਆਮਦ ਘੱਟ ਹੋਈ ਤਾਂ ਅਧਿਕਾਰੀਆਂ ਨੇ ਕੁਝ ਰਾਹਤ ਮਹਿਸੂਸ ਕੀਤੀ। ਹਾਲਾਂਕਿ ਦਰਿਆ 'ਚ 100 ਫੁੱਟ ਦਰਾੜ ਨੂੰ ਭਰਨ ਲਈ ਜ਼ਿਆਦਾਤਰ ਅਧਿਕਾਰੀ ਰਾਤ ਭਰ ਜਾਗਦੇ ਰਹੇ। ਜੇਸੀਬੀ ਮਸ਼ੀਨਾਂ ਅਤੇ ਮਨਰੇਗਾ ਮਜ਼ਦੂਰਾਂ ਦੀ ਮਦਦ ਨਾਲ ਦਰਾੜ ਨੂੰ ਭਰਨ ਦਾ ਕੰਮ ਜਾਰੀ ਰਿਹਾ। ਦੁਪਹਿਰ ਤੱਕ ਡੀਸੀ ਬਲਦੀਪ ਕੌਰ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਆਪਣੀ ਰਿਪੋਰਟ ਮੁੱਖ ਮੰਤਰੀ ਦਫ਼ਤਰ ਨੂੰ ਸੌਂਪ ਦਿੱਤੀ।
ਰਾਤ ਨੂੰ ਪਾਣੀ ਦੀ ਮਾਤਰਾ ਘੱਟ ਗਈ
ਬਿਆਸ ਦਰਿਆ ਅਤੇ ਸਤਲੁਜ ਦਰਿਆ ਦੇ ਸੰਗਮ 'ਤੇ ਸਥਿਤ ਹਰੀਕੇ ਪੱਤਣ ਹੈੱਡ ਵਰਕਸ 'ਤੇ ਸ਼ਨੀਵਾਰ ਰਾਤ ਕਰੀਬ 11 ਵਜੇ ਪਾਣੀ ਦੀ ਮਾਤਰਾ ਘਟ ਗਈ। ਜਿਸ ਤੋਂ ਬਾਅਦ ਹੁਣ ਇੱਥੇ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਪਾੜ ਨੂੰ ਭਰਨ ਦੇ ਨਾਲ-ਨਾਲ ਚਾਰ ਹੋਰ ਥਾਵਾਂ 'ਤੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਰਾਤ ਭਰ ਰਾਹਤ ਕਾਰਜ ਜਾਰੀ ਰਿਹਾ। ਐਤਵਾਰ ਸਵੇਰੇ 6 ਵਜੇ ਤੱਕ ਐੱਨਡੀਆਰਐੱਫ ਦੀਆਂ ਟੀਮਾਂ ਵੱਲੋਂ ਵੱਖ-ਵੱਖ ਪਿੰਡਾਂ ਦੇ 9 ਲੋਕਾਂ ਨੂੰ ਸੁਰੱਖਿਅਤ ਕੱਢ ਕੇ ਰਾਹਤ ਕੈਂਪਾਂ ਵਿੱਚ ਪਹੁੰਚਾਇਆ ਗਿਆ।
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੇਰ ਰਾਤ ਤੱਕ ਬੰਨ੍ਹ 'ਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਕਿ ਸਥਾਨਕ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਦੂਜੇ ਪਾਸੇ ਕਾਰ ਸੇਵਾ ਸਰਹਾਲੀ ਸੰਪਰਦਾ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਦੀ ਅਗਵਾਈ ਹੇਠ 200 ਦੇ ਕਰੀਬ ਲੋਕਾਂ ਨੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਟਰੈਕਟਰ ਟਰਾਲੀਆਂ ਦੀ ਮਦਦ ਨਾਲ ਰੇਤਾ ਲਿਆਉਣ ਦਾ ਕੰਮ ਕੀਤਾ।
ਐਨਡੀਆਰਐਫ ਦੀਆਂ ਟੀਮਾਂ ਨੇ ਦੌਰਾ ਕੀਤਾ
ਡੀਸੀ ਬਲਦੀਪ ਕੌਰ ਦਾ ਕਹਿਣਾ ਹੈ ਕਿ ਐਨਡੀਆਰਐਫ ਦੀਆਂ ਟੀਮਾਂ ਨੇ ਦੇਰ ਰਾਤ ਤੱਕ ਕੋਟ ਬੁੱਢੜ ਸਭਰਾ, ਕੁੱਤੀਵਾਲਾ, ਘਦੂਮ, ਘੁੱਲੇਵਾਲ, ਭੂਰਾ ਹਥੜ, ਗਦਾਈਕੇ ਦਾ ਦੌਰਾ ਕੀਤਾ।
ਫਿਰੋਜ਼ਪੁਰ ਵਿੱਚ ਹੜ੍ਹਾਂ ਦੀ ਸਥਿਤੀ ਵਿਗੜਨ ਕਾਰਨ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਬਚਾਅ ਕਾਰਜਾਂ ਲਈ, ਉਨ੍ਹਾਂ ਨੇ ਮੰਜੇ 'ਤੇ ਰਬੜ ਦੀ ਟਿਊਬ ਬੰਨ੍ਹ ਦਿੱਤੀਆਂ ਅਤੇ ਇਸ ਨੂੰ ਕਿਸ਼ਤੀ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ।
ਫਿਰੋਜ਼ਪੁਰ ਤੋਂ ਬਾਅਦ ਹੁਣ ਫਾਜ਼ਿਲਕਾ ਵਿੱਚ ਬੀਐਸਐਫ ਦੀਆਂ 3 ਪੋਸਟਾਂ ਪਾਣੀ ਵਿੱਚ ਡੁੱਬ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਟੈਂਟ ਵਾਲਾ, ਪੁਰਾਣੀ ਗਜ਼ਨੀ ਵਾਲਾ ਅਤੇ ਚੌਕੀ ਜੋਗਿੰਦਰ ਸਿੰਘ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ। ਪਰ ਸੀਮਾ ਸੁਰੱਖਿਆ ਬਲ ਦੇ ਜਵਾਨ ਇਸ ਪਾਣੀ 'ਚ ਵੀ ਪੂਰੀ ਚੌਕਸੀ ਰੱਖ ਰਹੇ ਹਨ।
ਇਸ ਦੇ ਨਾਲ ਹੀ ਇਲਾਕੇ ਵਿੱਚ ਬਣਿਆ ਕਾਵਾਂ ਵਾਲੀ ਪੁਲ ਵੀ ਓਵਰਫਲੋਅ ਹੋ ਗਿਆ ਹੈ। ਜਿਸ ਕਾਰਨ 12 ਪਿੰਡਾਂ ਦਾ ਹੋਰਨਾਂ ਜ਼ਿਲ੍ਹਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ। ਪੁਲ ਨੂੰ ਅਜੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ 'ਤੇ ਨਜ਼ਰ ਰੱਖ ਰਿਹਾ ਹੈ।
- PTC NEWS