ਗੈਂਗਸਟਰ ਲਾਰੈਂਸ ਨੂੰ ਫਰੀਦਕੋਟ ਮੈਡੀਕਲ ਕਾਲਜ ਲਿਆਂਦਾ, ਡਾਕਟਰਾਂ ਦੀ ਟੀਮ ਕਰ ਰਹੀ ਹੈ ਚੈਕਅੱਪ
Punjab News: ਗੈਂਗਸਟਰ ਲਾਰੈਂਸ ਨੂੰ ਸ਼ੁੱਕਰਵਾਰ ਨੂੰ ਬਠਿੰਡਾ ਜੇਲ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਮੈਡੀਕਲ ਚੈਕਅੱਪ ਲਈ ਲਿਆਂਦਾ ਗਿਆ। ਹਸਪਤਾਲ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਜ਼ਰ ਆਏ। ਹਾਲਾਂਕਿ ਲਾਰੈਂਸ ਦੀ ਸਿਹਤ ਦੀ ਸਮੱਸਿਆ ਕੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਕਰੀਬ 15 ਦਿਨ ਪਹਿਲਾਂ ਲਾਰੈਂਸ ਨੂੰ ਟਾਈਫਾਈਡ ਕਾਰਨ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਬਠਿੰਡਾ ਜੇਲ੍ਹ ਪ੍ਰਸ਼ਾਸਨ ਨੇ ਅੱਧੀ ਰਾਤ ਨੂੰ ਲਾਰੈਂਸ ਨੂੰ ਬੁਖਾਰ ਹੋਣ ਕਾਰਨ ਹਸਪਤਾਲ ਪਹੁੰਚਾਇਆ ਸੀ।
ਜਦੋਂ ਲਾਰੈਂਸ ਨੂੰ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਤਾਂ ਵਿਰੋਧੀ ਗੈਂਗਸਟਰ ਗਰੁੱਪ ਬੰਬੀਹਾ ਗਰੁੱਪ ਨਾਲ ਸਬੰਧਤ ਇੱਕ ਗੈਂਗਸਟਰ ਨੂੰ ਪੁਲਿਸ ਮੁਕਾਬਲੇ ਦੌਰਾਨ ਗੋਲੀ ਲੱਗ ਗਈ ਸੀ। ਹਸਪਤਾਲ 'ਚ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਛਿੱਕੇ ਟੰਗ ਕੇ ਉਹ ਆਪਣੇ ਬੈੱਡ ਤੋਂ ਪੈਦਲ ਹੀ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਇਹਤਿਆਤ ਵਜੋਂ ਲਾਰੈਂਸ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ।
ਗੁਰਲਾਲ ਪਹਿਲਵਾਨ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ
ਚਾਰ ਸਾਲ ਪਹਿਲਾਂ ਫਰੀਦਕੋਟ ਸ਼ਹਿਰ ਦੇ ਜੁਬਲੀ ਚੌਕ ਵਿਖੇ ਕਾਂਗਰਸ ਦੇ ਯੂਥ ਜ਼ਿਲ੍ਹਾ ਪ੍ਰਧਾਨ ਗੁਰਲਾਲ ਪਹਿਲਵਾਨ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਗਰੁੱਪ ਅਤੇ ਗੋਲਡੀ ਬਰਾੜ ਨੇ ਫੇਸਬੁੱਕ 'ਤੇ ਪੋਸਟ ਅਪਲੋਡ ਕਰਕੇ ਲਈ ਸੀ।
- PTC NEWS