ਗੁਰੂ ਨਾਨਕ ਦੇਵ ਹਸਪਤਾਲ 'ਚ ਬੱਚੀ ਦੀ ਮੌਤ; ਪੀੜਿਤ ਪਰਿਵਾਰ ਨੇ ਗ਼ਲਤ ਇੰਜੈੱਕਸ਼ਨ ਲਗਾਉਣ ਦੇ ਲਾਏ ਇਲਜ਼ਾਮ
ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇੱਕ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੀੜਿਤ ਪਰਿਵਾਰ ਵੱਲੋਂ ਹਸਪਤਾਲ ਦੇ ਡਾਕਟਰਾਂ ਉੱਤੇ ਬੱਚੀ ਨੂੰ ਗ਼ਲਤ ਇੰਜੈੱਕਸ਼ਨ ਲਗਾਉਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਤਰਨ ਤਾਰਨ ਦੇ ਪਿੰਡ ਗੰਡੀਵਿੰਡ ਦੇ ਰਹਿਣ ਵਾਲੇ ਹਨ।
ਉਨ੍ਹਾਂ ਦੱਸਿਆ ਕਿ ਬੱਚੀ ਬਿਮਾਰ ਹੋ ਗਈ ਸੀ ਜਿਸ ਕਰ ਕੇ ਅਸੀਂ ਉਸ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਲੈ ਕੇ ਆਏ। ਜਿਨ੍ਹਾਂ ਸਾਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬੱਚਾ ਵਾਰਡ ਵਿੱਚ ਰੈਫ਼ਰ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਸਾਡੀ ਬੱਚੀ ਠੀਕ-ਠਾਕ ਸੀ ਅਤੇ ਸਾਡੇ ਨਾਲ ਗੱਲਬਾਤ ਕਰ ਰਹੀ ਸੀ, ਜਿਸ ਦੀ ਵੀਡੀਓ ਵੀ ਸਾਡੇ ਕੋਲ ਹੈ। ਨਰਸ ਵੱਲੋਂ ਇੱਕ ਇੰਜੈੱਕਸ਼ਨ ਲਗਾਇਆ ਗਿਆ, ਜਿਸ ਤੋਂ ਬਾਅਦ ਬੱਚੀ ਬੇਹੋਸ਼ ਹੋ ਗਈ ਅਤੇ ਬੱਚੀ ਦੀ ਮੌਤ ਹੋ ਗਈ।
ਪੀੜਿਤ ਪਰਿਵਾਰ ਨੇ ਦੱਸਿਆ ਕਿ ਬੱਚੀ ਦਾ ਨਾਂਅ ਕੀਰਤਜੋਤ ਕੌਰ ਸੀ। ਪਰਿਵਾਰ ਵੱਲੋਂ ਡਾਕਟਰਾਂ ਦੇ ਖ਼ਿਲਾਫ਼ ਇਲਜ਼ਾਮ ਲਗਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਉੱਥੇ ਹੀ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਮੌਜੂਦ ਡਾਕਟਰ ਗੌਰਵ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਬੱਚੀ ਦੇ ਪਰਿਵਾਰ ਨੇ ਦੱਸਿਆ ਕਿ ਬੱਚੀ ਗਲੀ ਦੇ ਵਿੱਚ ਕੁੱਤੇ ਦੇ ਨਾਲ ਖੇਡਦੀ ਪਈ ਸੀ ਅਤੇ ਉਹ ਕੁੱਤਾ ਹਲਕਾਇਆ ਹੋਈਆ ਸੀ।
ਡਾਕਟਰ ਨੇ ਕਿਹਾ ਕਿ ਬੱਚੀ ਵਿੱਚ ਰੇਬੀਜ਼ ਦੇ ਲੱਛਣ ਆਉਣੇ ਸ਼ੁਰੂ ਹੋ ਗਏ ਸਨ, ਜਿਸ ਵਿੱਚ ਬੱਚਾ ਡਰਨਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬੱਚੀ ਦੇ ਪਰਿਵਾਰ ਨੂੰ ਵੀ ਆਪਣੇ ਆਪ ਨੂੰ ਇੰਜੈੱਕਸ਼ਨ ਲਗਾਉਣ ਦੀ ਸਲਾਹ ਦਿੱਤੀ ਹੈ। ਬੱਚੀ ਇੱਕ ਦਮ ਅਰੈਸਟ ਵਿੱਚ ਚਲੀ ਗਈ। ਬੱਚੀ ਨੂੰ ਸੀ.ਪੀ.ਆਰ ਵੀ ਦਿੱਤੀ ਗਈ ਪਰ ਉਸ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਅਤੇ ਬੱਚੀ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਡਾਕਟਰ ਬੱਚੀ ਨੂੰ ਗ਼ਲਤ ਇੰਜੈੱਕਸ਼ਨ ਕਿਉਂ ਲਗਾਉਣਗੇ।
ਇਸ ਮੌਕੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪੁੱਜੇ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਅਸੀਂ ਜਾਂਚ ਕਰ ਰਹੇ ਹਾਂ। ਸੀਨੀਅਰ ਅਫ਼ਸਰਾਂ ਨਾਲ ਗੱਲਬਾਤ ਕਰ ਕੇ ਇਸ ਮਾਮਲੇ ਦੀ ਡੂੰਘੀ ਜਾਂਚ ਕੀਤੀ ਜਾਵੇਗੀ ਅਤੇ ਇਸ ਤੋਂ ਪਹਿਲਾਂ ਕੁੱਝ ਕਹਿਣਾ ਮੁਨਾਸਿਫ਼ ਨਹੀਂ ਹੋਵੇਗਾ।
- ਰਿਪੋਰਟਰ ਮਨਿੰਦਰ ਮੋਂਗਾ ਦੀ ਰਿਪੋਰਟ
- With inputs from our correspondent