ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਉੱਤਰ ਪ੍ਰਦੇਸ਼ ਦੀ ਐਸ.ਟੀ.ਐਫ. ਨਾਲ ਸਾਂਝੇ ਆਪਰੇਸ਼ਨ ਦੌਰਾਨ ਮਾਫੀਆ ਡਾਨ ਧਰੁਵ ਕੁੰਟੂ ਦਾ ਨਜ਼ਦੀਕੀ ਸਾਥੀ ਗ੍ਰਿਫ਼ਤਾਰ
ਚੰਡੀਗੜ੍ਹ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਉੱਤਰ ਪ੍ਰਦੇਸ਼ ਦੀ ਐਸ.ਟੀ.ਐਫ. ਨਾਲ ਸਾਂਝੇ ਆਪਰੇਸ਼ਨ ਦੌਰਾਨ ਭਗੌੜੇ ਅਪਰਾਧੀ ਅਤੇ ਮਾਫੀਆ ਡੌਨ ਧਰੁਵ ਕੁੰਟੂ ਦੇ ਕਰੀਬੀ ਸਾਥੀ ਅਰਵਿੰਦ ਕਸ਼ਯਪ ਉਰਫ਼ ਪਿੰਟੂ ਨੂੰ ਅੱਜ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ।
ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ, ਸਾਗਰੀ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਸਰਵੇਸ਼ ਸੀਪੂ, ਜਿਸ ਦੀ 2013 'ਚ ਹੱਤਿਆ ਕਰ ਦਿੱਤੀ ਗਈ ਸੀ ਦੇ ਕਤਲ 'ਚ ਸ਼ਾਮਲ ਸੀ ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਉਸ ਦੀ ਗ੍ਰਿਫਤਾਰੀ 'ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਦੱਸਣਯੋਗ ਹੈ ਕਿ ਪਿੰਟੂ ਦੇ ਗਰੁੱਪ ਮੈਂਬਰਾਂ ਨੇ ਧਰੁਵ ਸਿੰਘ ਕੁੰਟੂ ਦੇ ਇਸ਼ਾਰੇ 'ਤੇ ਸਾਬਕਾ ਵਿਧਾਇਕ ਸਰਵੇਸ਼ ਸੀਪੂ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।
In a major breakthrough, AGTF #Punjab in a joint operation with STF #UttarPradesh has arrested absconding criminal Arvind Kashyap @ Pintu, a close associate of mafia-don Dhruv Kuntu, involved in the murder of Sarvesh Sipu, Ex-MLA, Sagri (#Azamgarh) in 2013. (1/3) pic.twitter.com/EAMQGHKpn2
— DGP Punjab Police (@DGPPunjabPolice) August 11, 2023
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਅਰਵਿੰਦ ਕਸ਼ਯਪ ਉਰਫ਼ ਪਿੰਟੂ, ਜੋ ਜ਼ਿਲ੍ਹਾ ਆਜ਼ਮਗੜ੍ਹ, ਯੂਪੀ ਦੇ ਚੱਕੀਆ ਕਸਰਾਵਾਲ ਦਾ ਰਹਿਣ ਵਾਲਾ ਹੈ, ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਅਤੇ ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਅਸਲਾ ਐਕਟ ਨਾਲ ਸਬੰਧਤ 16 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।
ਏ.ਡੀ.ਜੀ.ਪੀ. ਏਜੀਟੀਐਫ ਪ੍ਰਮੋਦ ਬਾਨ ਨੇ ਦੱਸਿਆ ਕਿ ਠੋਸ ਜਾਣਕਾਰੀ ਮਿਲਣ 'ਤੇ ਏ.ਆਈ.ਜੀ. ਸੰਦੀਪ ਗੋਇਲ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਐਸ.ਟੀ.ਐਫ ਯੂਪੀ ਨਾਲ ਮਿਲ ਕੇ ਵਿਸ਼ੇਸ਼ ਆਪਰੇਸ਼ਨ ਚਲਾਇਆ ਅਤੇ ਮੁਲਜ਼ਮ ਅਰਵਿੰਦ ਕਸ਼ਯਪ ਉਰਫ਼ ਪਿੰਟੂ ਨੂੰ ਲੁਧਿਆਣਾ ਪੰਜਾਬ ਦੇ ਥਾਣਾ ਡਾਬਾ ਦੇ ਖੇਤਰ ਤੋਂ ਸਫਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ।
ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਜ਼ਿਲ੍ਹਾ ਆਜ਼ਮਗੜ੍ਹ ਦੇ ਥਾਣਾ ਜਿਆਣਪੁਰ ਵਿਖੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 147, 302 ਅਤੇ 120ਬੀ ਤਹਿਤ ਦਰਜ ਐਫਆਈਆਰ ਨੰਬਰ 348/2013 ਵਿੱਚ ਲੋੜੀਂਦਾ ਸੀ। ਉਕਤ ਮਾਮਲੇ 'ਚ 16 ਮਾਰਚ 2022 ਨੂੰ ਧਰੁਵ ਸਿੰਘ ਕੁੰਟੂ ਸਮੇਤ 7 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਦਕਿ ਦੋਸ਼ੀ ਅਰਵਿੰਦ ਕਸ਼ਯਪ ਫਰਾਰ ਚੱਲ ਰਿਹਾ ਸੀ।
- PTC NEWS