ਸਿੱਖ ਕੌਮ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇਕਜੁਟ ਹੋ ਰਹੀ ਹੈ, ਸੁਖਬੀਰ ਬਾਦਲ ਤਕੜੇ ਹੋ ਕੇ ਅਗਵਾਈ ਕਰਨ- ਪਰਮਜੀਤ ਸਿੰਘ ਸਰਨਾ
Punjab News: ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੀ ਬਰਸੀ ਮੌਕੇ ਉਹਨਾਂ ਦੀ ਯਾਦ ਵਿੱਚ ਅਕਾਲੀ ਦਲ ਦੀ ਅਗਵਾਈ ‘ਚ ਹੋਇਆ ਇਕੱਠ ਇਤਿਹਾਸਿਕ ਸੀ। ਸੰਤ ਹਰਚੰਦ ਸਿੰਘ ਲੌੰਗੋਵਾਲ ਨੇ ਉਸ ਵੇਲੇ ਅਕਾਲੀ ਦਲ ਨੂੰ ਅਗਵਾਈ ਦਿੱਤੀ, ਜਦੋਂ ਅਕਾਲੀ ਦਲ ਅੱਜ ਵਾਂਗ ਹੀ ਸਗੋਂ ਅੱਜ ਦੇ ਸਮੇਂ ਤੋਂ ਵੀ ਵੱਧਕੇ ਪੰਥ ਵਿਰੋਧੀ ਤਾਕਤਾਂ ਦੇ ਨਿਸ਼ਾਨੇ ਤੇ ਆਇਆ ਹੋਇਆ ਸੀ। ਉਹਨਾਂ ਨੇ ਉਸ ਬਿਖੜੇ ਸਮੇਂ ਅਕਾਲੀ ਦਲ ਨੂੰ ਸੁਯੋਗ ਅਗਵਾਈ ਦਿੱਤੀ । ਉਸ ਵੇਲੇ ਦੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਜਦੋਂ ਉਹਨਾਂ ਪੰਜਾਬ ਦੇ ਅਤੇ ਪੰਜਾਬ ਦੇ ਜਵਾਨੀ ਦੇ ਵਡੇਰੇ ਹਿੱਤ ਦੇਖਦਿਆਂ ਸਮਝੌਤਾ ਕੀਤਾ ਤਾਂ ਉਸ ਵੇਲੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਉਹਨਾਂ ਨੂੰ ਕਿਹਾ ਸੀ ਕਿ ਉਸ ਵਰਗੀ ਬੁਲਿਟ ਪਰੂਫ਼ ਜਾਕਟ ਉਹਨਾਂ ਨੂੰ ਵੀ ਲੈ ਲੈਣੀ ਚਾਹੀਦੀ ਹੈ ਤਾਂ ਸੰਤ ਹਰਚੰਦ ਸਿੰਘ ਦਾ ਜਵਾਬ ਸੀ ਕਿ ਉਹਨਾਂ ਦੀ ਟੇਕ ਗੁਰੂ ਤੇ ਹੀ ਹੈ , ਭਾਵ ਉਹ ਗੁਰੂ ਨੂੰ ਸਮਰਪਿਤ ਸਨ ।
ਅੱਜ ਜਦੋਂ ਅਕਾਲੀ ਦਲ ਉਸ ਸਮੇਂ ਵਾਂਗ ਹੀ ਪੰਥ ਵਿਰੋਧੀ ਤਾਕਤਾਂ ਦੇ ਨਿਸ਼ਾਨੇ ਤੇ ਹੈ ਤਾਂ ਅਜਿਹੇ ਵਿੱਚ ਉਹਨਾਂ ਵਰਗੀ ਦਲੇਰ ਅਗਵਾਈ ਦੀ ਜ਼ਰੂਰਤ ਹੈ ਜੋ ਕਿ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਚ ਹੈ ਵੀ ਤੇ ਅੱਜ ਦੀ ਉਹਨਾਂ ਦੀ ਭਾਵ ਪੂਰਤ ਤਕਰੀਰ ਵੀ ਇਸ ਗੱਲ ਨੂੰ ਤਸਦੀਕ ਕਰਦੀ ਹੈ ਕਿ ਉਹ ਇਸ ਔਖੇ ਸਮੇਂ ਡੱਟ ਕੇ ਖੜ੍ਹੇ ਹਨ। ਸੁਖਬੀਰ ਸਿੰਘ ਬਾਦਲ ਨੂੰ ਸਾਡੀ ਅਪੀਲ ਵੀ ਹੈ ਕਿ ਅਕਾਲੀ ਦਲ ਨੂੰ ਇਸ ਔਖੀ ਘੜ੍ਹੀ ‘ਚੋਂ ਕੱਢਣ ਲਈ ਅਤੇ ਪੰਥ ਤੇ ਪੰਜਾਬ ਦੇ ਭਲੇ ਲਈ ਜੋ ਵੀ ਸਖ਼ਤ ਫੈਸਲੇ ਲੈਣੇ ਪੈਣ ਉਹਨਾਂ ਨੂੰ ਬੇਝਿਜਕ ਲੈਣੇ ਚਾਹੀਦੇ ਹਨ ਤਾਂ ਜੋ ਅਕਾਲੀ ਦਲ ਮੁੜ ਤੋਂ ਹਰ ਪੰਜਾਬੀ ਦੀ ਪਸੰਦੀਦਾ ਸਿਆਸੀ ਜਮਾਤ ਬਣ ਸਕੇ । ਕਿਉਂਕਿ ਉਹਨਾਂ ਸਿਰ ਇਹ ਵੱਡੀ ਜਿੰਮੇਵਾਰੀ ਹੈ ਕਿਉਂਕਿ ਅਕਾਲੀ ਦਲ ਸਿੱਖਾਂ ਦੀ ਇੱਕੋ ਇੱਕ ਨੁਮਾਇੰਦਾ ਸਿਆਸੀ ਜਮਾਤ ਹੈ । ਜਿਵੇਂ ਅੱਜ ਦੇ ਭਰਵੇਂ ਇਕੱਠ ਨੇ ਇਸ ਗੱਲ ਦੀ ਪ੍ਰੋਤੜਾ ਵੀ ਕੀਤੀ ਹੈ ।
ਜਿੱਥੇ ਸਾਡੇ ਸਤਿਕਾਰਯੋਗ ਬਜ਼ੁਰਗ ਅਕਾਲੀ ਆਗੂ ਸੁਖਦੇਵ ਸਿੰਘ ਢੀਡਸਾ ਨੇ ਭਾਜਪਾ ਦੇ ਨਾਲ ਮਿਲਕੇ ਜੋ ਇਕੱਠ ਕੀਤਾ ਸੀ ਇਸ ਨੂੰ ਜਿਸ ਤਰ੍ਹਾਂ ਸੰਗਤ ਨੇ ਨਕਾਰਦੇ ਹੋਏ ਅਕਾਲੀ ਦਲ ਦੇ ਸਮਾਗਮ ਵੱਲ ਵਹੀਰਾਂ ਘੱਤੀਆਂ ਹਨ। ਉਸ ਨੇ ਸਾਫ ਕੀਤਾ ਹੈ ਕਿ ਚਾਹੇ ਕਿਸੇ ਨੂੰ ਲੱਖ ਸਰਕਾਰੀ ਸਰਪ੍ਰਸਤੀ ਹੋਵੇ ਪਰ ਮਾਂ ਪਾਰਟੀ ਤੋਂ ਟੁੱਟ ਕੇ ਕੋਈ ਵੀ ਖੜ੍ਹਾ ਨਹੀ ਰਹਿ ਸਕਦਾ । ਇਸ ਲਈ ਢੀਡਸਾ ਸਾਬ੍ਹ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰਾਂ ਦੀ ਝਾਕ ਛੱਡ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇੱਕ ਜੁੱਟ ਹੋਣ ਇਹ ਸਮੇਂ ਦੀ ਲੋੜ ਹੈ ਕਿਉਂਕਿ ਅੱਜ ਦੇ ਸਮੇਂ ਪੰਥ ਵਿਰੋਧੀ ਤਾਕਤਾਂ ਨੇ ਜਿਸ ਕਦਰ ਅਕਾਲੀ ਦਲ ਤੇ ਹੋਰ ਸਿੱਖ ਸੰਸਥਾਵਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ ਹੈ , ਇਸ ਮੌਕੇ ਸਮੂਹ ਪੰਥ ਦਾ ਇੱਕ ਜੁੱਟ ਹੋਣਾ ਬਹੁਤ ਜ਼ਰੂਰੀ ਹੈ ।
ਅੱਜ ਦੇ ਇਕੱਠ ਨੇ ਵੀ ਇਹ ਸਾਬਤ ਕੀਤਾ ਹੈ ਕਿ ਸਿੱਖ ਕੌਮ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇਕਜੁਟ ਹੋ ਰਹੀ ਹੈ। ਸੁਖਬੀਰ ਸਿੰਘ ਬਾਦਲ ਤਕੜੇ ਹੋ ਕੇ ਅਗਵਾਈ ਕਰਨ । ਇਹੀ ਸੰਤ ਹਰਚੰਦ ਸਿੰਘ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਤੋਂ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੰਤ ਹਰਚੰਦ ਸਿੰਘ ਦੀ ਬਰਸੀ ਮੌਕੇ ਆਪਣੇ ਵਿਚਾਰ ਰੱਖਦਿਆਂ ਜਾਰੀ ਇਕ ਪ੍ਰੈਸ ਨੋਟ ਰਾਹੀਂ ਕੀਤਾ ।
- PTC NEWS