Fri, Apr 26, 2024
Whatsapp

1 ਹਜ਼ਾਰ ਬਿਸਤਰਿਆਂ ਵਾਲਾ ਹਸਪਤਾਲ 15 ਦਿਨ 'ਚ, ਜਾਣੋ ਭਾਰਤ 'ਚ ਕਿੱਥੇ !

Written by  Panesar Harinder -- May 09th 2020 01:20 PM
1 ਹਜ਼ਾਰ ਬਿਸਤਰਿਆਂ ਵਾਲਾ ਹਸਪਤਾਲ 15 ਦਿਨ 'ਚ, ਜਾਣੋ ਭਾਰਤ 'ਚ ਕਿੱਥੇ !

1 ਹਜ਼ਾਰ ਬਿਸਤਰਿਆਂ ਵਾਲਾ ਹਸਪਤਾਲ 15 ਦਿਨ 'ਚ, ਜਾਣੋ ਭਾਰਤ 'ਚ ਕਿੱਥੇ !

ਮੁੰਬਈ - ਕੋਰੋਨਾ ਮਹਾਮਾਰੀ ਨੇ ਭਾਰਤ ਨੂੰ ਵੱਡੇ ਪੱਧਰ 'ਤੇ ਆਰਥਿਕ ਤੇ ਸਮਾਜਿਕ ਸੱਟ ਮਾਰੀ ਹੈ ਅਤੇ ਮਹਾਰਾਸ਼ਟਰਾ ਵਿੱਚ ਇਸ ਨੇ ਭਾਰੀ ਤਬਾਹੀ ਮਚਾਈ ਹੈ। ਕੋਰੋਨਾ ਦੇ ਪ੍ਰਕੋਪ ਤੇ ਅਣਸੁਖਾਵੇਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੁੰਬਈ ਵਿੱਚ ਵੁਹਾਨ (ਚੀਨ) ਦੀ ਤਰਜ਼ ਉੱਤੇ 1000 ਬਿਸਤਰਿਆਂ ਦਾ ਇੱਕ ਅਸਥਾਈ ਹਸਪਤਾਲ ਬਣਾਇਆ ਜਾ ਰਿਹਾ ਹੈ।

1000 ਬਿਸਤਰਿਆਂ ਵਾਲਾ ਹਸਪਤਾਲ, 15 ਦਿਨਾਂ ਵਿੱਚ

ਬਾਂਦਰਾ ਕੁਰਲਾ ਕੰਪਲੈਕਸ ਪ੍ਰਦਰਸ਼ਨੀ ਗਰਾਊਂਡ ਵਿਖੇ ਬਣਨ ਵਾਲੇ ਇਸ ਹਸਪਟਾਲ ਨੂੰ ਸਿਰਫ਼ 15 ਦਿਨਾਂ ਵਿੱਚ ਤਿਆਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਹਸਪਤਾਲ ਬਣਾਉਣ ਦੀ ਜ਼ਿੰਮੇਵਾਰੀ ਮੁੰਬਈ ਮੈਟਰੋਪੋਲੀਟਨ ਰੀਜਨਲ ਡਿਵੈਲਪਮੈਂਟ ਅਥਾਰਟੀ (MMRDA) ਨੂੰ ਦਿੱਤੀ ਗਈ ਹੈ। ਇਸ ਹਸਪਤਾਲ ਦੀ ਉਸਾਰੀ ਦਾ ਕੰਮ 28 ਅਪ੍ਰੈਲ ਤੋਂ ਸ਼ੁਰੂ ਹੋ ਚੁੱਕਿਆ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਇਹ ਮੁਕੰਮਲ ਕਰ ਲਏ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਹ ਹਸਪਤਾਲ ਅਜਿਹੇ ਕੋਰੋਨਾ ਮਰੀਜ਼ਾਂ ਲਈ ਤਿਆਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਸਥਿਤੀ ਨਾਜ਼ੁਕ ਨਹੀਂ ਹੋਵੇਗੀ। ਜਿਸ ਥਾਂ 'ਤੇ ਹਸਪਤਾਲ ਬਣਾਇਆ ਜਾ ਰਿਹਾ ਹੈ, ਇਸ ਸਥਾਨ 'ਤੇ ਅਕਸਰ ਰਾਜਨੀਤਿਕ ਰੈਲੀਆਂ, ਸੱਭਿਆਚਾਰਕ-ਸਮਾਜਿਕ ਪ੍ਰੋਗਰਾਮ ਅਤੇ ਪ੍ਰਦਰਸ਼ਨੀਆਂ ਹੁੰਦੀਆਂ ਰਹਿੰਦੀਆਂ ਸਨ। ਜਿਵੇਂ ਜਿਵੇਂ ਹੀ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਵਧਦੀ ਚਲੀ ਗਈ, ਮਹਾਰਾਸ਼ਟਰਾ ਸਰਕਾਰ ਨੇ ਇੱਥੇ ਇੱਕ ਅਸਥਾਈ ਹਸਪਤਾਲ ਬਣਾਉਣ ਦਾ ਫ਼ੈਸਲਾ ਕੀਤਾ। ਨਿਰਮਾਣ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਮੁੱਖ ਮੰਤਰੀ ਉਧਵ ਠਾਕਰੇ ਨੇ ਖ਼ੁਦ ਇਸ ਦਾ ਜਾਇਜ਼ਾ ਵੀ ਲਿਆ। ਇੱਥੇ ਪੈਥੋਲੋਜੀ ਲੈਬ, ਆਕਸੀਜਨ ਦੀ ਸਹੂਲਤ ਅਤੇ ਡਾਕਟਰਾਂ ਅਤੇ ਨਰਸਾਂ ਲਈ ਕੈਬਿਨ ਵੀ ਇੱਥੇ ਬਣਾਏ ਜਾ ਰਹੇ ਹਨ। ਇੱਥੇ ਮਰੀਜ਼ਾਂ ਨੂੰ ਕੁਆਰੰਟੀਨ, ਆਈਸੋਲੇਸ਼ਨ ਵਿੱਚ ਰੱਖਣ ਦੇ ਨਾਲ ਨਾਲ, ਇਲਾਜ ਦੀ ਪ੍ਰਪੱਕ ਸਹੂਲਤ ਹੋਵੇਗੀ।

ਵੁਹਾਨ (ਚੀਨ) ਵਿਖੇ 10 ਦਿਨ 'ਚ ਬਣਿਆ ਸੀ ਹਸਪਤਾਲ

ਇਸੇ ਤਰ੍ਹਾਂ ਪਹਿਲਾਂ ਚੀਨ ਦੇ ਸ਼ਹਿਰ ਵੁਹਾਨ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ 10 ਦਿਨਾਂ ਅੰਦਰ 1000 ਤੋਂ ਵੱਧ ਬਿਸਤਰਿਆਂ ਦੀ ਸਮਰੱਥਾ ਵਾਲੇ ਦੋ ਹਸਪਤਾਲ ਬਣਾਏ ਗਏ ਸਨ। ਵੁਹਾਨ ਸ਼ਹਿਰ ਚੀਨ ਵਿਖੇ ਕੋਰੋਨਾ ਵਾਇਰਸ ਮਹਾਂਮਾਰੀ ਦਾ ਕੇਂਦਰ ਸੀ, ਅਤੇ ਇਸ ਥਾਂ ਨੂੰ ਕੋਰੋਨਾ ਮਹਾਮਾਰੀ ਦਾ ਮੁਢਲਾ ਕੇਂਦਰ ਸਥਾਨ ਹੋਣ ਬਾਰੇ ਵੀ ਅਫ਼ਵਾਹਾਂ ਮੀਡੀਆ 'ਚ ਉੱਡਦੀਆਂ ਰਹੀਆਂ ਹਨ। ਇੱਥੇ ਫ਼ੈਲੀ ਮਹਾਮਾਰੀ ਤੇ ਦੁਨੀਆ ਭਰ 'ਚ ਫ਼ੈਲਾਉਣ ਵਾਲਾ ਕੇਂਦਰ ਹੋਣ ਦੇ ਕਿਆਸਾਂ ਦੀ ਵਿਸ਼ਵਵਿਆਪੀ ਚਰਚਾ ਹੋਈ। ਉਕਤ ਹਸਪਤਾਲਾਂ ਤੋਂ ਇਲਾਵਾ ਚੀਨ ਨੇ 14 ਹੋਰ ਅਸਥਾਈ ਸਿਹਤ ਕੇਂਦਰ ਵੀ ਬਣਾਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੋਰੋਨਾ ਦੀ ਲਾਗ 'ਤੇ ਕਾਬੂ ਪਾ ਲੈਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਕੋਰੋਨਾ ਦੇ ਕਹਿਰ ਹੇਠ ਆਇਆ ਮਹਾਰਾਸ਼ਟਰਾ

ਮਹਾਰਾਸ਼ਟਰਾ ਅੰਦਰ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਤਕਰੀਬਨ 18 ਹਜ਼ਾਰ ਤੱਕ ਪਹੁੰਚ ਗਈ ਹੈ। ਵੀਰਵਾਰ ਨੂੰ ਇਕੱਲੇ ਮੁੰਬਈ ਵਿੱਚ ਪੀੜਤਾਂ ਦੀ ਗਿਣਤੀ 692 ਨਵੇਂ ਕੇਸਾਂ ਨਾਲ 11 ਹਜ਼ਾਰ ਤੋਂ ਪਾਰ ਹੋ ਗਈ ਹੈ। ਸੂਬੇ ਵਿੱਚ 694 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਜਾਣ ਬਾਰੇ ਪਤਾ ਲੱਗਿਆ ਹੈ ਜਿਨ੍ਹਾਂ ਵਿੱਚੋਂ 437 ਸਿਰਫ਼ ਮੁੰਬਈ ਨਾਲ ਸੰਬੰਧਿਤ ਸਨ। ਇਸ ਦੇ ਨਾਲ ਹੀ ਰਾਜਧਾਨੀ ਦਿੱਲੀ ਵਿਖੇ ਵੀ ਕੋਰੋਨਾ ਨੇ ਸਾਰਾ ਤਾਣਾ-ਬਾਣਾ ਉਲਝਾ ਕੇ ਰੱਖ ਦਿੱਤਾ ਹੈ। ਮਰੀਜ਼ਾਂ ਦੀ ਗਿਣਤੀ ਇੰਨੀ ਵਧ ਚੁੱਕੀ ਹੈ ਕਿ ਹੁਣ ਇੱਥੋਂ ਦੇ ਹਸਪਤਾਲ ਵੀ ਘੱਟ ਪੈਣ ਲੱਗੇ ਹਨ। ਇੰਟਰਨੈੱਟ 'ਤੇ ਉਪਲਬਧ ਦੁਨੀਆ ਦੇ ਨਾਮਵਰ ਸਿਹਤ ਵਿਗਿਆਨੀਆਂ ਵੱਲੋਂ ਕੋਰੋਨਾ ਦੇ ਬਹੁਤ ਲੰਮੇ ਸਮੇਂ ਤੱਕ ਰਹਿਣ ਦਿੱਤੀਆਂ ਜਾਣਕਾਰੀਆਂ ਤੇ ਦੇਸ਼ ਅੰਦਰ ਲਗਾਤਾਰ ਸਾਹਮਣੇ ਆਉਂਦੇ ਨਵੇਂ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰਾਂ, ਪ੍ਰਸ਼ਾਸਨ ਤੇ ਆਮ ਲੋਕ ਹਰ ਕਿਸੇ ਲਈ ਵੱਡੀਆਂ ਚਿੰਤਾਵਾਂ ਖੜ੍ਹੀਆਂ ਹੋ ਰਹੀਆਂ ਹਨ, ਜਿਨ੍ਹਾਂ ਨਾਲ ਨਜਿੱਠਣ ਵਾਸਤੇ ਸਭ ਨੂੰ ਬੜੇ ਸੰਜੀਦਾ ਤੇ ਦੂਰਦਰਸ਼ੀ ਫ਼ੈਸਲੇ ਲੈਣੇ ਪੈਣਗੇ।

  • Tags

Top News view more...

Latest News view more...