ਚੱਕਰਵਾਤੀ ਤੂਫਾਨ ਅਮਫਾਨ ਨੇ ਪੱਛਮੀ ਬੰਗਾਲ ਤੇ ਉਡੀਸ਼ਾ 'ਚ ਮਚਾਈ ਭਾਰੀ ਤਬਾਹੀ , 12 ਲੋਕਾਂ ਦੀ ਮੌਤ

By Shanker Badra - May 21, 2020 12:05 pm

ਚੱਕਰਵਾਤੀ ਤੂਫਾਨ ਅਮਫਾਨ ਨੇ ਪੱਛਮੀ ਬੰਗਾਲ ਤੇ ਉਡੀਸ਼ਾ 'ਚ ਮਚਾਈ ਭਾਰੀ ਤਬਾਹੀ , 12 ਲੋਕਾਂ ਦੀ ਮੌਤ:ਕੋਲਕਾਤਾ : ਬੰਗਾਲ ਦੀ ਖਾੜੀ ਵਿੱਚ ਦਹਾਕਿਆਂ ਦੇ ਸਭ ਤੋਂ ਵੱਡੇ ਚੱਕਰਵਾਤੀ ਤੂਫ਼ਾਨ 'ਅਮਫਾਨ' ਨੇ ਪੱਛਮੀ ਬੰਗਾਲ ਤੇ ਉਡੀਸ਼ਾ 'ਚ ਭਾਰੀ ਤਬਾਹੀ ਮਚਾਈ ਹੈ। ਇਸ ਤੂਫ਼ਾਨ ਕਾਰਨ ਦੋਨੋ ਰਾਜਾਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਅਮਫਾਨ ਦੇ ਕਹਿਰ ਕਰਕੇ ਹਜ਼ਾਰਾਂ ਦੀ ਗਿਣਤੀ 'ਚ ਦਰੱਖਤ, ਖੰਭੇ ਤੇ ਕੱਚੇ ਮਕਾਨ ਡਿੱਗ ਚੁੱਕੇ ਹਨ। ਕਿਸੇ ਦੀ ਛੱਤ ਉੱਡ ਗਈ ਤਾਂ ਕਿਸੇ ਦਾ ਘਰ ਢਹਿ ਢੇਰੀ ਹੋ ਗਿਆ।

ਤੂਫਾਨ ਨਾਲ ਉੱਤਰ ਅਤੇ ਦੱਖਣੀ 24 ਪਰਗਨਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਕਈ ਇਲਾਕਿਆਂ ਨਾਲ ਸੰਪਰਕ ਟੁੱਟ ਗਿਆ ਹੈ। ਮੁੱਢਲੀ ਰਿਪੋਰਟ ਦੇ ਅਨੁਸਾਰ ਕਈ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਦੋਂ ਕਿ ਪੂਰੀ ਰਿਪੋਰਟ ਆਉਣ ਵਿੱਚ 3-4 ਦਿਨ ਦਾ ਸਮਾਂ ਲੱਗੇਗਾ। ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਅਮਫਾਨ ਚੱਕਰਵਾਤ ਕਾਰਨ 5500 ਘਰਾਂ ਨੂੰ ਨੁਕਸਾਨ ਹੋਇਆ ਹੈ।

ਅਮਫਾਨ ਤੂਫਾਨ ਨੇ ਕੁਝ ਹੀ ਘੰਟਿਆਂ ਵਿੱਚ ਉੜੀਸਾ ਅਤੇ ਬੰਗਾਲ ਦੇ ਲੋਕਾਂ ਨੂੰ ਕਿਆਮਤ ਦੀ ਝਲਕ ਦਿਖਾ ਦਿੱਤੀ ਹੈ। ਜਦੋਂ ਤੂਫਾਨ ਦੀ ਰਫਤਾਰ ਘੱਟ ਗਈ ਤਾਂ ਉਦੋਂ ਤੱਕ ਕੋਲਕਾਤਾ ਵਿੱਚ ਸਭ ਕੁਝ ਉਲਟਾ ਹੋ ਗਿਆ ਸੀ। ਸ਼ਹਿਰ ਵਿੱਚ ਚਾਰੋਂ ਪਾਸੇ ਹੜ੍ਹ ਆ ਗਿਆ ਸੀ। ਵਾਹਨ ਕਿਸ਼ਤੀਆਂ ਵਾਂਗ ਤੈਰ ਰਹੇ ਸਨ। ਰੁੱਖ ਸੜਕਾਂ 'ਤੇ ਉਖੜੇ ਪਏ ਸਨ। ਤਬਾਹੀ ਦੇ ਲੰਘਣ ਤੋਂ ਬਾਅਦ ਬੰਗਾਲ ਵਿੱਚ ਬਹੁਤ ਸਾਰੇ ਸਥਾਨਾਂ 'ਤੇ ਤਬਾਹੀ ਦੇ ਦ੍ਰਿਸ਼ ਹਨ। ਰਾਹਤ ਟੀਮਾਂ ਸੜਕਾਂ ਤੋਂ ਟੁੱਟੇ ਰੁੱਖਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਕੰਮ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ।

ਹਾਲਾਂਕਿ ਹੁਣ ਇਹ ਤੂਫ਼ਾਨ ਕਮਜ਼ੋਰ ਹੋ ਚੁੱਕਾ ਹੈ ਅਤੇ ਇਹ ਉੱਤਰ-ਪੂਰਬ ਦਿਸ਼ਾ ਵੱਲ ਵੱਧ ਗਿਆ ਹੈ। ਇਸ ਦੀ ਗਤੀ ਪਿਛਲੇ 6 ਘੰਟਿਆਂ 'ਚ 30 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ ਹੈ। ਅਗਲੇ ਕੁਝ ਘੰਟਿਆਂ 'ਚ ਇਹ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਹਾਲਾਂਕਿ ਕੋਲਕਾਤਾ, ਹਾਵੜਾ, ਹੁਗਲੀ, 24 ਪਰਗਨਾ, ਮਿਦਨਾਪੁਰ 'ਚ ਤੇਜ਼ ਹਵਾਵਾਂ ਚੱਲ ਰਹੀਆਂ ਹਨ ਤੇ ਬਾਰਸ਼ ਹੋ ਰਹੀ ਹੈ।

ਦੱਸ ਦੇਈਏ ਕਿ "ਅਮਫ਼ਾਨ ਸਾਲ 1999 'ਚ ਆਏ ਉੜੀਸਾ ਤੂਫ਼ਾਨ ਤੋਂ ਬਾਅਦ ਸਭ ਤੋਂ ਤੇਜ਼ ਤੇ ਸ਼ਕਤੀਸ਼ਾਲੀ ਤੂਫ਼ਾਨ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਵੱਡੇ ਪੱਧਰ 'ਤੇ ਪੱਕੇ ਨਿਰਮਾਣਾਂ, ਘਰਾਂ ਤੇ ਦਰੱਖਤਾਂ ਨੂੰ ਨੁਕਸਾਨ ਹੋਇਆ ਹੈ। ਅਸੀਂ ਇਸ ਤੂਫ਼ਾਨ ਨਾਲ ਪੈਦਾ ਹੋਈ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ, ਕਿਉਂਕਿ ਬਾਰਸ਼ ਨਾਲ ਕੰਮ ਖਤਮ ਨਹੀਂ ਹੁੰਦਾ। ਅਗਲੇ 24 ਘੰਟੇ ਇਸ ਤੂਫਾਨ ਨਾਲ ਹੋਣ ਵਾਲੇ ਨੁਕਸਾਨ ਅਤੇ ਨੁਕਸਾਨ ਦੀ ਮੁਰੰਮਤ ਲਈ ਮਹੱਤਵਪੂਰਣ ਹੋਣਗੇ।"
-PTCNews

adv-img
adv-img