ਕੋਵਿਡ-19 ਦਾ ਕਹਿਰ ਜਾਰੀ , ਦਿੱਲੀ ਮੈਟਰੋ ਦੇ 20 ਕਰਮਚਾਰੀ ਕੋਰੋਨਾ ਪੀੜਤ

https://www.ptcnews.tv/wp-content/uploads/2020/06/WhatsApp-Image-2020-06-05-at-3.46.37-PM.jpeg

ਨਵੀਂ ਦਿੱਲੀ : ਕੋਵਿਡ-19 ਦਾ ਕਹਿਰ ਜਾਰੀ , ਦਿੱਲੀ ਮੈਟਰੋ ਦੇ 20 ਕਰਮਚਾਰੀ ਕੋਰੋਨਾ ਪੀੜਤ: ਭਾਰਤ ‘ਚ ਕੋਰੋਨਾ ਦੇ ਵੱਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਹਨ, ਦੇਸ਼ ਦੀ ਰਾਜਧਾਨੀ ਦਿੱਲੀ ‘ਚ ਵੀ ਕੋਰੋਨਾ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਦੱਸ ਦੇਈਏ ਕਿ ਦਿੱਲੀ ਮੈਟਰੋ ਦੇ ਕਰਮਚਾਰੀ ਵੀ ਕੋਰੋਨਾ ਪੀੜਤ ਪਾਏ ਗਏ ਹਨ।

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਮੁਤਾਬਕ ਮੈਟਰੋ ਦੇ 20 ਮੁਲਾਜ਼ਮ ਕੋਵਿਡ-19 ਦੀ ਚਪੇਟ ‘ਚ ਆ ਚੁੱਕੇ ਹਨ । ਹਾਲਾਂਕਿ ਉਨ੍ਹਾਂ ‘ਚ ਜ਼ਿਆਦਾ ਲੱਛਣ ਨਜ਼ਰ ਨਹੀਂ ਆਏ।  ਸ਼ੁੱਕਰਵਾਰ ਨੂੰ ਖੋਜ ਅਤੇ ਵਿਕਾਸ ਸੰਗਠਨ ਦਾ ਇੱਕ ਮੁਲਾਜ਼ਮ ਵੀ ਕੋਰੋਨਾਵਾਇਰਸ ਪੀੜਤ ਪਾਇਆ ਗਿਆ।

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਹੁਣ ਜਦੋਂਕਿ ਉਹ ਮੁੜ ਤੋਂ ਕੰਮ ‘ਤੇ ਵਾਪਸੀ ਦੀ ਤਿਆਰੀ ਕਰ ਰਹੇ ਹਨ ਤਾਂ ਅਜਿਹੇ ‘ਚ ਉਨ੍ਹਾਂ ਦੇ ਕੁਝ ਮੁਲਾਜ਼ਮ ਕੋਰੋਨਾ ਦੀ ਗ੍ਰਿਫ਼ਤ ‘ਚ ਆ ਗਏ ਹਨ । ਕੋਰੋਨਾਵਾਇਰਸ ਖ਼ਿਲਾਫ਼ ਲੜਾਈ ‘ਚ ਅਸੀਂ ਪੂਰੀ ਤਿਆਰੀ ਨਾਲ ਡਟੇ ਹੋਏ ਹਾਂ।

ਡੀ.ਐੱਮ.ਆਰ.ਸੀ. ਵਲੋਂ ਇੱਕ ਟਵੀਟ ਕਰਕੇ ਦੱਸਿਆ ਗਿਆ ਕਿ ਪੂਰੇ ਦੇਸ਼ ਦੇ ਨਾਲ , ਡੀ.ਐੱਮ.ਆਰ.ਸੀ. ਵੀ ਕੋਵਿਡ – 19 ਦੇ ਵਿਰੁੱਧ ਲੜਾਈ ਲੜ ਰਿਹਾ ਹੈ। ਦਿੱਲੀ ਮੈਟਰੋ ਦੇ ਕਰਮਚਾਰੀਆਂ ਨੇ ਮੈਟਰੋ ਪ੍ਰਣਾਲੀ ਦੀਆਂ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਪੂਰੀ ਤਿਆਰੀ  ਕਰ ਰਹੇ ਹਨ।


ਗੌਰਤਲਬ ਹੈ ਕਿ ਜਦੋਂ ਤੋਂ ਲੌਕਡਾਊਨ ਲਾਗੂ ਹੋਇਆ ਹੈ, ਉਦੋਂ ਤੋਂ ਹੀ ਮੈਟਰੋ ਸਰਵਿਸ ਬੰਦ ਕੀਤੀ ਗਈ ਹੈ। ਫਿਲਹਾਲ ਇਹ ਕਦੋਂ ਚੱਲੇਗੀ, ਇਸ ਬਾਰੇ ਖੁਲਾਸਾ ਨਹੀਂ ਕੀਤਾ ਗਿਆ। ਅਨਲੌਕ -1 ਤਹਿਤ ਜੋ ਨੀਤੀ ਜਾਰੀ ਹੋਈ ਹੈ, ਉਸ ਅਨੁਸਾਰ ਦਿੱਲੀ ਦੀ ਮੈਟਰੋ, ਰੇਲਗੱਡੀ ਅਤੇ ਅੰਤਰਰਾਸ਼ਟਰੀ ਉਡਾਨਾਂ ਬਾਰੇ ਜੁਲਾਈ ਤੋਂ ਬਾਅਦ ਹੀ ਕੋਈ ਨਿਰਣਾ ਕੀਤੇ ਜਾਣ ਦਾ ਅਨੁਮਾਨ ਹੈ।

ਦੱਸ ਦੇਈਏ ਕਿ ਹੁਣ ਤੱਕ ਦਿੱਲੀ ਦੇ ਕਈ ਵੱਡੇ ਦਫ਼ਤਰਾਂ ‘ਚ ਕੋਰੋਨਾ ਦਸਤਕ ਦੇ ਚੁੱਕਾ ਹੈ। ਜੇ ਰਾਜਧਾਨੀ ‘ਚ ਕੋਰੋਨਾ ਮਾਮਲਿਆਂ ਦੀ ਗੱਲ ਕਰੀਏ ਤਾਂ 25000 ਕੋਰੋਨਾ ਪਾਜ਼ਿਟਿਵ ਕੇਸ ਹਨ ਜਦਕਿ 650 ਮੌਤਾਂ ਦਰਜ ਕੀਤੀਆਂ ਗਈਆਂ ਹਨ ।