ਪਿਤਾ ਅਤੇ ਚਚੇਰੇ ਭਰਾ ਕਰਦੇ ਰਹੇ ਬਲਾਤਕਾਰ, ਲੜਕੀ ਨੇ ਦਿੱਤਾ ਬੱਚੇ ਨੂੰ ਜਨਮ

By Panesar Harinder - May 16, 2020 12:05 pm

ਹੁਸ਼ਿਆਰਪੁਰ - ਇਥੋਂ ਦੇ ਨੇੜਲੇ ਕਸਬੇ ਚੱਬੇਵਾਲ ਤੋਂ ਰਿਸ਼ਤਿਆਂ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਜਾਣ ਕੇ ਕਿਸੇ ਦਾ ਵੀ ਦਿਲ ਦਿਮਾਗ ਸੁੰਨ ਹੋ ਜਾਵੇ। ਇੱਕ ਪਿਤਾ ਤੇ ਚਚੇਰੇ ਭਰਾ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਆਪਣੀ ਹੀ ਧੀ ਨਾਲ ਸਰੀਰਕ ਸਬੰਧ ਬਣਾਏ। ਇਸ ਸਾਰੀ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਲੜਕੀ ਦੇ ਗਰਭਵਤੀ ਹੋਣ ਉਪਰੰਤ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ। ਥਾਣਾ ਚੱਬੇਵਾਲ ਦੀ ਪੁਲਸ ਨੇ ਪਿਤਾ ਅਤੇ ਚਚੇਰੇ ਭਰਾ 'ਤੇ ਆਪਣੀ ਹੀ ਬੇਟੀ ਨਾਲ ਸਰੀਰਕ ਸੰਬੰਧ ਬਣਾ ਕੇ ਗਰਭਵਤੀ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਪਿਤਾ ਤੇ ਚਚੇਰਾ ਭਰਾ ਜ਼ਬਰੀ ਬਣਾਉਂਦੇ ਰਹੇ ਸਰੀਰਕ ਸੰਬੰਧ

ਐੱਸ.ਐੱਚ.ਓ. ਚੱਬੇਵਾਲ ਨਰਿੰਦਰ ਕੁਮਾਰ ਤੇ ਐੱਸ.ਆਈ. ਚੰਚਲ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਚੱਬੇਵਾਲ ਦੀ ਰਹਿਣ ਵਾਲੀ ਮਨਵੀਰ ਕੁਮਾਰੀ (20) (ਬਦਲਿਆ ਹੋਇਆ ਨਾਂ) ਦੇ ਨਾਲ ਉਸ ਦੇ ਪਿਤਾ ਸ਼ੰਮੀ ਕਪੂਰ ਪੁੱਤਰ ਮਦਨ ਲਾਲ ਅਤੇ ਤਾਇਆ ਪ੍ਰਵੀਨ ਕੁਮਾਰ ਦਾ ਮੁੰਡਾ ਪ੍ਰਿੰਸ 10 ਮਹੀਨਿਆਂ ਤੋਂ ਜ਼ਬਰੀ ਸਰੀਰਕ ਸੰਬੰਧ ਬਣਾ ਰਹੇ ਸਨ। ਲੜਕੀ ਵਾਰ-ਵਾਰ ਮਨ੍ਹਾ ਵੀ ਕਰਦੀ ਰਹੀ, ਪਰ ਲੜਕੀ ਦੇ ਪਿਤਾ ਦੇ ਖ਼ੁਦ ਇਸ ਮਾਮਲੇ 'ਚ ਤਾਏ ਦੇ ਲੜਕੇ ਦਾ ਸਾਥ ਦੇਣ ਕਾਰਨ ਉਸ ਦੀ ਕਿਸੇ ਨੇ ਨਾ ਸੁਣੀ। ਤਾਏ ਦੇ ਲੜਕੇ ਪ੍ਰਿੰਸ ਨੇ ਉਸ ਨਾਲ ਉਸ ਦੀ ਮਰਜ਼ੀ ਖ਼ਿਲਾਫ਼ ਸਰੀਰਕ ਸੰਬੰਧ ਬਣਾਉਣੇ ਜਾਰੀ ਰੱਖੇ ਅਤੇ ਉਸ ਦੇ ਬਾਅਦ ਪਿਤਾ ਸ਼ੰਮੀ ਨੇ ਵੀ ਉਸ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਪਿਓ ਅਤੇ ਚਚੇਰਾ ਭਰਾ ਦੋਵੇਂ ਲੜਕੀ ਨੂੰ ਧਮਕਾਉਂਦੇ ਰਹੇ ਕਿ ਉਹ ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸੇ।

ਲੜਕੀ ਨੇ ਦਿੱਤਾ ਬੱਚੇ ਨੂੰ ਜਨਮ

ਵੀਰਵਾਰ ਸ਼ਾਮ ਕਰੀਬ 6 ਵਜੇ ਜਦੋਂ ਉਸ ਦੇ ਪੇਟ 'ਚ ਦਰਦ ਹੋਈ ਤਾਂ ਉਸ ਦਾ ਪਿਤਾ ਸ਼ੰਮੀ ਅਤੇ ਪ੍ਰਿੰਸ ਨੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਉਸ ਨੂੰ ਲਿਜਾ ਕੇ ਦਾਖਲ ਕਰਵਾਇਆ, ਜਿੱਥੇ ਉਕਤ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ।

ਡਾਕਟਰਾਂ ਨੇ ਦੱਸਿਆ ਕਿ ਉਕਤ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਪਰ ਸਮੇਂ ਤੋਂ ਪਹਿਲਾਂ ਜਨਮ ਲੈਣ ਕਰਕੇ ਬੱਚੇ ਦੀ ਮੌਤ ਹੋ ਗਈ ਹੈ। ਥਾਣਾ ਚੱਬੇਵਾਲ ਦੀ ਪੁਲਸ ਨੇ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਧਾਰਾ 376, 506 ਦੇ ਅਧੀਨ ਪਰਚਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਿ ਬੱਚੇ ਦਾ ਅਤੇ ਦੋਵੇਂ ਮੁਲਜ਼ਮਾਂ ਦਾ ਡੀ.ਐੱਨ.ਏ. ਟੈਸਟ ਕੀਤਾ ਜਾਵੇਗਾ, ਅਤੇ ਉਸ ਤੋਂ ਅੱਗੇ ਬਣਦੀਆਂ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ।

ਅਜਿਹੀਆਂ ਖ਼ਬਰਾਂ ਸੱਭਿਅਕ ਸਮਾਜ ਦੇ ਮੱਥੇ ਦਾ ਕਲੰਕ ਹਨ। ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਵੇ ਤਾਂ ਉਜਾੜਾ ਤੈਅ ਹੈ, ਅਤੇ ਜੇਕਰ ਪਿਤਾ ਹੀ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਹਵਸ 'ਚ ਅੰਨ੍ਹਾ ਹੋ ਜਾਵੇਗਾ, ਤਾਂ ਔਰਤ ਸੁਰੱਖਿਆ ਦਾ ਇੱਕ ਅਜਿਹਾ ਸ਼ਰਮਸਾਰ ਕਰ ਦੇਣ ਵਾਲਾ ਪੱਖ ਸਾਹਮਣੇ ਰਹੇਗਾ ਜਿਸ ਦਾ ਹੱਲ ਕਰਨ 'ਚ ਸਮਾਜ ਬੇਵੱਸ ਹੋਇਆ ਰਹੇਗਾ।

adv-img
adv-img