20 ਸਾਲ ਤੋਂ ਦਰੱਖ਼ਤ ਹੇਠ ਚੱਲਦਾ ਸੈਲੂਨ ਮੁੜ ਚਾਲੂ, PPE ਕਿੱਟਾਂ ਪਾ ਕੇ ਹੋ ਰਹੀ ਹੈ ਹਜਾਮਤ

By Panesar Harinder - May 30, 2020 6:05 pm

ਚੰਡੀਗੜ੍ਹ - ਕੋਰੋਨਾ ਮਹਾਮਾਰੀ ਕਾਰਨ ਲੱਗੇ ਦੇਸ਼ਵਿਆਪੀ ਲੌਕਡਾਊਨ ਦੌਰਾਨ ਲੰਮਾ ਸਮਾਂ ਕੰਮ ਬੰਦ ਰਹਿਣ ਤੋਂ ਬਾਅਦ, ਹੁਣ ਹਰਿਆਣਾ ਸਰਕਾਰ ਨੇ ਸਾਰੇ ਸੈਲੂਨ ਅਤੇ ਬਿਊਟੀ ਪਾਰਲਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਇਸ ਆਗਿਆ ਤੋਂ ਬਾਅਦ ਵੱਡੇ-ਵੱਡੇ ਸੈਲੂਨ ਤਾਂ ਖੁੱਲ੍ਹੇ ਹੀ, ਨਾਲ ਹੀ ਸੜਕਾਂ ਕਿਨਾਰੇ ਜਾਂ ਦਰੱਖ਼ਤਾਂ ਹੇਠਾਂ ਚੱਲਣ ਵਾਲੇ ਸੈਲੂਨ ਵੀ ਖੁੱਲ੍ਹ ਗਏ ਹਨ। ਪੰਚਕੂਲਾ ਵਿੱਚ ਇਨ੍ਹੀਂ ਦਿਨੀਂ ਅਜਿਹਾ ਹੀ ਇੱਕ ਦਰੱਖ਼ਤ ਹੇਠਲਾ ਸੈਲੂਨ ਚਲਾਉਣ ਵਾਲੇ ਦੋ ਭਰਾ ਮੀਡੀਆ ਤੇ ਲੋਕਾਂ ਵਿਚਕਾਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਹੋਰਨਾਂ ਵਾਂਗ ਇਨ੍ਹਾਂ ਦੋਵੇਂ ਭਰਾਵਾਂ ਨੇ ਵੀ ਆਪਣੇ 20 ਸਾਲ ਪੁਰਾਣੇ ਸੈਲੂਨ ਵਿੱਚ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਅਤੇ ਮਜ਼ੇ ਦੀ ਗੱਲ ਇਹ ਹੈ ਕਿ ਦੋਵੇਂ ਸਰਕਾਰ ਵੱਲੋਂ ਜਾਰੀ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਚੰਗੀ ਤਰ੍ਹਾਂ ਪਾਲਣਾ ਕਰ ਰਹੇ ਹਨ। ਉਨ੍ਹਾਂ ਬਾਰੇ ANI ਵੱਲੋਂ ਕੀਤੇ ਟਵੀਟ ਤੋਂ ਬਾਅਦ ਚਰਚਾ ਤੇਜ਼ੀ ਨਾਲ ਛਿੜਦੀ ਚਲੀ ਗਈ।

ਲੌਕਡਾਊਨ ਵਿਚਕਾਰ ਮਿਲੀ ਇਸ ਛੂਟ ਤੋਂ ਬਾਅਦ, ਦੋਵਾਂ ਭਰਾਵਾਂ ਨੇ ਨਾ ਸਿਰਫ਼ ਸੈਲੂਨ ਖੋਲ੍ਹਿਆ, ਬਲਕਿ ਕੋਰੋਨਾ ਦੀ ਲਾਗ ਤੋਂ ਆਪਣੀ ਤੇ ਗਾਹਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਹ ਪੀਪੀਈ ਕਿੱਟਾਂ ਦੀ ਵਰਤੋਂ ਵੀ ਕਰ ਰਹੇ ਹਨ।

ਦੋਵੇਂ ਭਰਾਵਾਂ ਨੇ ਕਿਹਾ ਕਿ ਅਸੀਂ ਇੱਥੇ 20 ਸਾਲਾਂ ਤੋਂ ਸੈਲੂਨ ਚਲਾ ਰਹੇ ਹਾਂ। ਅਸੀਂ ਪੀਪੀਈ ਕਿੱਟਾਂ ਖ਼ਰੀਦੀਆਂ ਤਾਂ ਜੋ ਇੱਕ ਤਾਂ ਸਾਡੀ ਤੇ ਗਾਹਕਾਂ ਦੀ ਸੁਰੱਖਿਆ ਵੀ ਯਕੀਨੀ ਬਣੇ ਅਤੇ ਗਾਹਕਾਂ ਨੂੰ ਵੀ ਸਾਡੇ ਕੋਲ ਆਉਣ 'ਤੇ ਸੰਤੁਸ਼ਟੀ ਦਾ ਅਹਿਸਾਸ ਰਹੇ।

ਹਰਿਆਣਾ ਸਰਕਾਰ ਵੱਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੁਖਾਰ, ਜ਼ੁਕਾਮ, ਖੰਘ ਆਦਿ ਦੇ ਲੱਛਣਾਂ ਵਾਲੇ ਲੋਕ ਸੈਲੂਨ ਅਤੇ ਬਿਊਟੀ ਪਾਰਲਰ ਵਿੱਚ ਦਾਖ਼ਲ ਨਹੀਂ ਹੋਣਗੇ। ਹਰੇਕ ਗਾਹਕ ਦੀ ਵਰਤੋਂ ਕਰਨ ਤੋਂ ਬਾਅਦ ਦੁਕਾਨ ਦੇ ਸਾਰੇ ਉਪਕਰਣਾਂ ਨੂੰ ਸੈਨੀਟਾਇਜ਼ ਕਰਨਾ ਪਵੇਗਾ। ਗਾਹਕਾਂ ਲਈ ਟੋਕਨ ਸਿਸਟਮ ਲਾਗੂ ਕਰਨ ਬਾਰੇ ਵੀ ਕਿਹਾ ਗਿਆ ਹੈ।

ਕੋਰੋਨਾ ਵਾਇਰਸ ਛੂਤ ਦਾ ਰੋਗ ਹੈ ਅਤੇ ਇਸ ਦੇ ਮੱਦੇਨਜ਼ਰ ਸੈਲੂਨ ਵਿੱਚ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ -

ਸੈਲੂਨ ਤੇ ਪਾਰਲਰ ਵਿੱਚ ਡਿਸਪੋਜ਼ੇਬਲ ਤੌਲੀਏ ਜਾਂ ਟਿਸ਼ੂ ਪੇਪਰ ਦੀ ਵਰਤੋਂ ਹੋਵੇ, ਹਰੇਕ ਗਾਹਕ ਦੇ ਬਾਅਦ ਉਪਕਰਨਾਂ ਨੂੰ 30 ਮਿੰਟ ਲਈ ਸੈਨੀਟਾਇਜ਼ ਕੀਤਾ ਜਾਵੇ।

ਬੁਖਾਰ, ਸਰਦੀ, ਜ਼ੁਕਾਮ, ਖੰਘ ਨਾਲ ਪੀੜਤ ਨੂੰ ਦਾਖ਼ਲ ਨਹੀਂ ਹੋਣ ਦੇਣਾ ਚਾਹੀਦਾ। ਬਿਨਾਂ ਮਾਸਕ ਕਿਸੇ ਨੂੰ ਵੀ ਅੰਦਰ ਆਉਣ ਦੀ ਆਗਿਆ ਨਹੀਂ ਹੋਣੀ ਚਾਹੀਦੀ।

ਐਂਟਰੀ ਪੁਆਇੰਟ 'ਤੇ ਗਾਹਕਾਂ ਲਈ ਸੈਨੀਟਾਇਜ਼ਰ ਹੋਣਾ ਜ਼ਰੂਰੀ ਹੈ। ਸੈਲੂਨ ਜਾਂ ਪਾਰਲਰ ਦਾ ਪੂਰਾ ਸਟਾਫ਼ ਮਾਸਕ ਲਗਾ ਕੇ ਰੱਖੇਗਾ। ਹੈੱਡ ਕਵਰ ਅਤੇ ਐਪਰਨ ਵੀ ਜ਼ਰੂਰੀ ਹਨ।

ਵੱਖੋ-ਵੱਖ ਗਾਹਕਾਂ ਲਈ ਵੱਖੋ-ਵੱਖਰੇ ਡਿਸਪੋਜ਼ੇਬਲ ਤੌਲੀਏ ਜਾਂ ਟਿਸ਼ੂ ਪੇਪਰ ਦੀ ਵਰਤੋਂ ਹੋਵੇ।

ਹਰ ਕਟਿੰਗ ਅਤੇ ਸ਼ੇਵਿੰਗ ਤੋਂ ਬਾਅਦ ਸੈਲੂਨ ਤੇ ਪਾਰਲਰ ਸਟਾਫ਼ ਆਪਣੇ ਆਪ ਨੂੰ ਸੈਨੀਟਾਇਜ਼ ਕਰੇਗਾ।

adv-img
adv-img