28 ਸਾਲ ਪਹਿਲਾਂ ਅਮਰੀਕਾ ਭੱਜਿਆ 'ਸ਼ਾਤਿਰ ਨਟਵਰਲਾਲ' ਕੋਰੋਨਾ ਨੇ ਕਰਵਾਇਆ ਕਾਬੂ

By Panesar Harinder - May 31, 2020 6:05 pm

ਪਟਿਆਲਾ - ਸ਼ਾਹੀ ਸ਼ਹਿਰ ਪਟਿਆਲਾ ਦਾ ਇੱਕ 'ਸ਼ਾਤਿਰ ਨਟਵਰਲਾਲ' ਕੋਰੋਨਾ ਮਹਾਮਾਰੀ ਕਾਰਨ 28 ਸਾਲਾਂ ਬਾਅਦ ਸੀਬੀਆਈ ਦੇ ਅੜਿੱਕੇ ਆਇਆ। ਦਰਅਸਲ ਨਿਰਮਲ ਸਿੰਘ ਨਾਂਅ ਦਾ ਇਹ ਸ਼ਾਤਿਰ ਦਿਮਾਗ ਵਿਅਕਤੀ ਧੋਖਾਧੜੀ ਦੇ ਇੱਕ ਮਾਮਲੇ ਤੋਂ ਬਚਣ ਲਈ ਇੱਕ ਤੋਂ ਬਾਅਦ ਇੱਕ ਤਰਕੀਬਾਂ ਲਾਉਂਦਾ ਰਿਹਾ, ਜੋ ਕਾਮਯਾਬ ਵੀ ਰਹੀਆਂ, ਪਰ ਅੰਤ ਉਹ ਮੁੜ ਸੀਬੀਆਈ ਦੇ ਅੜਿੱਕੇ ਆ ਹੀ ਗਿਆ।

ਇਸ ਵਿਅਕਤੀ ਨੇ ਪਹਿਲਾਂ ਕਿਸੇ ਤਰੀਕੇ ਆਪਣੀ ਮੌਤ ਦਾ ਸਰਟੀਫਿਕੇਟ ਬਣਾ ਕੇ ਸੀਬੀਆਈ ਨੂੰ ਗੁੰਮਰਾਹ ਕੀਤਾ। ਫਿਰ ਨਾਂਅ ਬਦਲ ਕੇ ਅਮਰੀਕਾ ਚਲਾ ਗਿਆ ਤੇ ਉੱਥੋਂ ਦੀ ਨਾਗਰਿਕਤਾ ਵੀ ਲੈ ਲਈ। ਹੁਣ ਅਮਰੀਕਾ ਦੇ ਕੋਰੋਨਾ ਮਹਾਮਾਰੀ ਦੀ ਭਾਰੀ ਲਪੇਟ 'ਚ ਆ ਜਾਣ ਕਾਰਨ ਉਹ 28 ਸਾਲ ਬਾਅਦ ਕੋਰੋਨਾ ਤੋਂ ਡਰਦਾ ਭਾਰਤ ਆਇਆ, ਪਰ ਆਖ਼ਿਰਕਾਰ 28 ਸਾਲਾਂ ਬਾਅਦ ਸੀਬੀਆਈ ਨੇ ਉਸ ਨੂੰ ਦਬੋਚ ਹੀ ਲਿਆ।

ਸੀਬੀਆਈ ਟੀਮ ਨੇ ਨਿਰਮਲ ਸਿੰਘ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦੋਂ ਉਹ ਪਟਿਆਲਾ ਦੇ ਪੰਜਾਬੀ ਬਾਗ 'ਚ ਸਥਿਤ ਇੱਕ ਕੋਠੀ 'ਚ ਰਹਿ ਰਿਹਾ ਸੀ। 65 ਸਾਲਾ ਨਿਰਮਲ ਸਿੰਘ ਇਸ ਵੇਲੇ ਇੱਥੇ ਐਨਐਸ ਬਾਠ ਦੇ ਨਾਂਅ 'ਤੇ ਰਹਿ ਰਿਹਾ ਸੀ। ਨਿਰਮਲ ਸਿੰਘ ਦੀ ਪਤਨੀ ਪੀਐਸ ਬਾਠ 'ਤੇ ਵੀ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਉਸ ਨੇ ਨਿਰਮਲ ਸਿੰਘ ਦੇ ਲੁਕਣ 'ਚ ਮਦਦ ਕੀਤੀ।

ਸੀਬੀਆਈ ਦੇ ਦੱਸਣ ਮੁਤਾਬਿਕ 1985 'ਚ ਨਿਰਮਲ ਸਿੰਘ ਨੇ ਢਾਈ ਲੱਖ ਰੁਪਏ ਦੀ ਠੱਗੀ ਮਾਰੀ ਸੀ। ਮਾਮਲਾ ਹਾਈਪ੍ਰੋਫਾਇਲ ਹੋਣ ਤੋਂ ਬਾਅਦ ਜਾਂਚ ਸੀਬੀਆਈ ਨੂੰ ਸੌਂਪੀ ਗਈ। 1990 'ਚ ਸੀਬੀਆਈ ਨੇ ਕੇਸ ਦਰਜ ਕੀਤਾ ਤਾਂ 1991 'ਚ ਉਸ ਦੇ ਪਰਿਵਾਰ ਨੇ ਨਿਰਮਲ ਸਿੰਘ ਨੂੰ ਮ੍ਰਿਤਕ ਲਿਖਵਾ ਦਿੱਤਾ। ਇੰਨਾ ਹੀ ਨਹੀਂ ਇੱਕ ਵਿਅਕਤੀ ਦੀ ਲਾਸ਼ ਨੂੰ ਨਿਰਮਲ ਸਿੰਘ ਦੀ ਲਾਸ਼ ਦੱਸ ਕੇ ਸਸਕਾਰ ਵੀ ਕਰ ਦਿੱਤਾ ਗਿਆ ਤੇ ਮੌਤ ਦਾ ਸਰਟੀਫਿਕੇਟ ਬਣਵਾ ਲਿਆ ਗਿਆ। ਇਸ ਮਗਰੋਂ ਨਿਰਮਲ ਸਿੰਘ ਐਨਐਸ ਬਾਠ ਦੇ ਨਾਂਅ 'ਤੇ ਫਰਜ਼ੀ ਪਾਸਪੋਰਟ ਬਣਵਾ ਕੇ ਅਮਰੀਕਾ ਚਲਾ ਗਿਆ।

ਕੋਰੋਨਾ ਵਾਇਰਸ ਦੇ ਭਾਰੀ ਪ੍ਰਕੋਪ ਹੇਠ ਆਏ ਅਮਰੀਕਾ 'ਚ ਫ਼ੈਲੇ ਸਹਿਮ ਕਾਰਨ ਨਿਰਮਲ ਸਿੰਘ ਦੋ ਮਹੀਨੇ ਪਹਿਲਾਂ ਹੀ ਵਾਪਸ ਭਾਰਤ ਪਰਤਿਆ ਸੀ। ਸੀਬੀਆਈ ਟੀਮ ਪੂਰੀ ਜਾਣਕਾਰੀ ਤਹਿਤ ਉਸ ਨੂੰ ਫੜਨ ਉਸ ਦੇ ਘਰ ਪਹੁੰਚੀ। ਨਿਰਮਲ ਸਿੰਘ ਤੇ ਉਸ ਦੀ ਪਤਨੀ ਨੂੰ ਸੀਬੀਆਈ ਟੀਮ ਵੱਲੋਂ ਹਿਰਾਸਤ 'ਚ ਲੈ ਲਿਆ ਗਿਆ। ਦੋਵਾਂ ਦਾ ਮੈਡੀਕਲ ਕਰਵਾ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਨਿਰਮਲ ਸਿੰਘ ਦੀ ਪਤਨੀ ਨੇ ਇੱਕ ਯੂਟਿਊਬ ਚੈਨਲ ਖੋਲ੍ਹਿਆ ਹੋਇਆ ਸੀ। ਕੁਝ ਮਹੀਨੇ ਪਹਿਲਾਂ ਉਸ ਨੇ ਇਹ ਕਿਸੇ ਦੂਜੇ ਵਿਅਕਤੀ ਨੂੰ ਸੌਂਪ ਦਿੱਤਾ ਸੀ ਤੇ ਇਸ ਦੌਰਾਨ ਕਿਸੇ ਗੱਲ ਕਾਰਨ ਦੋਵਾਂ 'ਚ ਵਿਵਾਦ ਹੋ ਗਿਆ। ਇਸ ਦੀ ਸ਼ਿਕਾਇਤ ਸਿਵਲ ਲਾਇਨ ਥਾਣੇ 'ਚ ਕਰਵਾਈ ਗਈ ਸੀ। ਦੋਵਾਂ 'ਚ ਝਗੜਾ ਏਨਾ ਵਧ ਗਿਆ ਕਿ ਨਿਰਮਲ ਸਿੰਘ ਦੀਆਂ ਚਲਾਕੀਆਂ ਦੀ ਸੂਚਨਾ ਸੀਬੀਆਈ ਤੱਕ ਵੀ ਪਹੁੰਚ ਗਈ।

ਸੀਬੀਆਈ ਦੀ ਜਾਂਚ ਅਨੇਕਾਂ ਸਵਾਲਾਂ 'ਤੇ ਅਧਾਰਿਤ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਸੀਬੀਆਈ ਵੱਲੋਂ ਹੁਣ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਨਿਰਮਲ ਸਿੰਘ ਦੀ ਲਾਸ਼ ਵਜੋਂ ਦਿਖਾਇਆ ਗਿਆ ਵਿਅਕਤੀ ਅਸਲ 'ਚ ਕੌਣ ਸੀ। ਕੀ ਉਸ ਦੀ ਹੱਤਿਆ ਕੀਤੀ ਗਈ ਸੀ ? ਜੇ ਹਾਂ ਤਾਂ ਕਿਸਨੇ ? ਨਿਰਮਲ ਸਿੰਘ ਨੇ ਹੀ ਜਾਂ ਕਿਸੇ ਹੋਰ ਨੇ ? ਕੀ ਇਸ ਮਾਮਲੇ 'ਚ ਉਸ ਦਾ ਕੋਈ ਹੋਰ ਸਾਥੀ ਵੀ ਹੈ ਜੋ ਹਾਲੇ ਤੱਕ ਲੁਕਿਆ ਹੋਇਆ ਹੈ ? ਨਿਰਮਲ ਸਿੰਘ ਨੇ 28 ਸਾਲ ਪਹਿਲਾਂ ਠੱਗੀ ਕਿਸ-ਕਿਸ ਮਾਮਲੇ 'ਚ ਕੀਤੀ ਸੀ ?

adv-img
adv-img