ਖੁਸ਼ੀਆਂ ਵਾਲੇ ਘਰ ‘ਚ ਪਿਆ ਸੋਗ, ਭੈਣ ਦੇ ਵਿਆਹ ਤੋਂ ਪਹਿਲਾਂ ਭਰਾ ਅਤੇ ਉਸਦੇ 3 ਦੋਸਤਾਂ ਦੀ ਐਕਸੀਡੈਂਟ ‘ਚ ਮੌਤ

https://www.ptcnews.tv/wp-content/uploads/2020/06/WhatsApp-Image-2020-06-02-at-12.40.17-PM-1.jpeg

ਗੁਰਦਾਸਪੁਰ : ਖੁਸ਼ੀਆਂ ਵਾਲੇ ਘਰ ‘ਚ ਪਿਆ ਸੋਗ, ਭੈਣ ਦੇ ਵਿਆਹ ਤੋਂ ਪਹਿਲਾਂ ਭਰਾ ਅਤੇ ਉਸਦੇ 3 ਦੋਸਤਾਂ ਦੀ ਐਕਸੀਡੈਂਟ ‘ਚ ਮੌਤ: ਗੁਰਦਾਸਪੁਰ ਵਿਖੇ ਵਾਪਰੇ ਸੜਕ ਹਾਦਸੇ ‘ਚ ਚਾਰ ਯੁਵਕਾਂ ਦੀ ਮੌਤ ਦੀ ਖ਼ਬਰ ਮਿਲੀ ਹੈ।  ਮਿਲੀ ਜਾਣਕਾਰੀ ਮੁਤਾਬਕ ਇੱਕ ਵਿਆਹ ਵਾਲੇ ਘਰ ‘ਚ ਉਸ ਵੇਲੇ ਸੋਗ ਪੈ ਗਿਆ, ਜਦੋਂ ਵਿਆਹ ਵਾਲੀ ਲੜਕੀ ਦਾ ਭਰਾ ਅਤੇ ਉਸਦੇ ਤਿੰਨ ਸਾਥੀ ਭਿਆਨਕ ਸੜਕ ਹਾਦਸੇ ‘ਚ ਚੱਲ ਵੱਸੇ।

ਦਰਅਸਲ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਭੈਣ ਦਾ ਕੁਝ ਦਿਨਾਂ ਬਾਅਦ ਵਿਆਹ ਸੀ, ਜਿਸਦੇ ਚਲਦੇ ਉਹ ਗਾਜੀਨੰਗਲ ਚੋਂ ਕੱਪੜੇ ਦੀ ਖਰੀਦਦਾਰੀ ਕਰਕੇ ਆਪਣੇ ਪਿੰਡ ਵਾਪਸ ਪਰਤ ਰਹੇ ਸਨ ਅਤੇ ਬਟਾਲਾ-ਡੇਰਾ ਬਾਬਾ ਨਾਨਕ ਸੜਕ ‘ਤੇ ਪਿੰਡ ਢਿੱਲਵਾਂ ਨਜ਼ਦੀਕ ਇੱਕ ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਉਨ੍ਹਾਂ ਦੀ ਕਾਰ ਰੁੱਖ ਨਾਲ ਖਹਿ ਕੇ ਭੱਠੇ ‘ਚ ਜਾ ਟਕਰਾਈ। ਇਸ ਭਿਆਨਕ ਹਾਦਸੇ ‘ਚ ਕਾਰ ਤਹਿਸ-ਨਹਿਸ ਹੋ ਗਈ ਅਤੇ 2 ਨੌਜਵਾਨਾਂ ਦਾ ਮੌਕੇ ‘ਤੇ ਹੀ ਦਿਹਾਂਤ ਹੋ ਗਿਆ , ਜਦਕਿ ਦੋ ਜ਼ਖਮੀ ਨੌਜਵਾਨਾਂ ਦੀ ਹਸਪਤਾਲ ਵਿਖੇ ਇਲਾਜ ਦੌਰਾਨ ਜਾਨ ਚਲੀ ਗਈ।

ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਲਵਲੀ (19) ਪੁੱਤਰ ਗੱਗੂ ਸਿੰਘ ਵਾਸੀ ਮਾਨ ਖਹਿਰਾ, ਦਿਲਰਾਜ (18) ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਸ਼ਿਕਾਰ ਮਾਸ਼ੀਆਂ, ਜਸ਼ਨਪ੍ਰੀਤ ਸਿੰਘ (18) ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਗਾਜ਼ੀਨੰਗਲ, ਅਰਸ਼ਦੀਪ ਸਿੰਘ ਪੁੱਤਰ ਸਿੰਕਦਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ (ਵੱਲ੍ਹਾ) ਦੇ ਤੌਰ ‘ਤੇ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ 3 ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਬਟਾਲਾ ਦੀ ਮੋਰਚਰੀ ਵਿਖੇ ਰੱਖਿਆ ਗਿਆ ਹੈ , ਜਦਕਿ ਇੱਕ ਨੌਜਵਾਨ ਦੀ ਲਾਸ਼ ਗੁਰੂ ਨਾਨਕ ਹਸਪਤਾਲ ਵਿਖੇ ਰੱਖੇ ਜਾਣ ਦੀ ਖ਼ਬਰ ਹੈ । ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਹਾਦਸੇ ਉਪਰੰਤ ਚਾਰੇ ਨੌਜਵਾਨਾਂ ਦੇ ਪਰਿਵਾਰਾਂ ‘ਚ ਸੋਗ ਦੀ ਲਹਿਰ ਹੈ।