ਧੋਖੇਬਾਜ਼ NRI ਲਾੜਿਆਂ ਦੀ ਸ਼ਾਮਤ, 450 ਦੇ ਪਾਸਪੋਰਟ ਰੱਦ, 83 ਭੱਜੇ ਆਏ ਭਾਰਤ

450 passports Cancelled of fraudulent NRI grooms


ਚੰਡੀਗੜ੍ਹ – ਵਿਦੇਸ਼ ਸਰਜ਼ਮੀਨ ਦੀ ਖਿੱਚ ਕਾਰਨ ਐੱਨ.ਆਰ.ਆਈ. ਲਾੜਿਆਂ ਨਾਲ ਵਿਆਹੀਆਂ ਲੜਕੀਆਂ ਦੀ ਦੁਰਦਸ਼ਾ ਦੀਆਂ ਕਹਾਣੀਆਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਕਈਆਂ ਦੇ ਵਿਦੇਸ਼ ਗਏ ਪਤੀ ਵਾਪਸ ਨਹੀਂ ਮੁੜਦੇ ਅਤੇ ਕਈਆਂ ਨੂੰ ਆਪਣੇ ਪਤੀ ਦੇ ਪਹਿਲਾਂ ਤੋਂ ਵਿਆਹੇ ਹੋਣ ਬਾਰੇ ਬਾਅਦ ‘ਚ ਪਤਾ ਲੱਗਦਾ ਹੈ। ਅਜਿਹੇ ਧੋਖੇਬਾਜ਼ ਲਾੜਿਆਂ ਨੂੰ ਨਕੇਲ ਪਾਉਣ ਲਈ ਹੁਣ ਕਈ ਕਿਸਮ ਦੇ ਕਾਨੂੰਨ ਲਾਗੂ ਕੀਤੇ ਗਏ ਹਨ ਅਤੇ ਕਾਰਵਾਈਆਂ ਜਾਰੀ ਹਨ। ਰੀਜਨਲ ਪਾਸਪੋਰਟ ਦਫ਼ਤਰ ਚੰਡੀਗੜ੍ਹ ਵੱਲੋਂ ਵੀ ਅਜਿਹੇ ਲਾੜਿਆਂ ਦੇ ਪਾਸਪੋਰਟ ਰੱਦ ਕਰਨ ਦੀ ਕਾਰਵਾਈ ਨਾਲ ਇਨ੍ਹਾਂ ਦੀਆਂ ਧੋਖੇਬਾਜ਼ਾਂ ਦੀਆਂ ਸ਼ਿਕਾਰ ਹੋਈਆਂ ਲੜਕੀਆਂ ਤੇ ਪਰਿਵਾਰਾਂ ਨੂੰ ਇਨਸਾਫ਼ ਦੀ ਉਮੀਦ ਬੱਝੀ ਹੈ।
450 passports Cancelled of fraudulent NRI grooms
ਰੀਜਨਲ ਪਾਸਪੋਰਟ ਦਫ਼ਤਰ ਚੰਡੀਗੜ੍ਹ ਨੇ ਵਿਆਹ ਕਰ ਕੇ ਵਿਦੇਸ਼ ਨੱਠੇ 450 ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ। ਪਾਸਪੋਰਟ ਦਫ਼ਤਰ ਦੀ ਕਾਰਵਾਈ ਤੋਂ ਬਾਅਦ 83 ਲਾੜੇ ਮੁੜ ਭਾਰਤ ਪਰਤ ਆਏ ਹਨ। ਰੀਜਨਲ ਪਾਸਪੋਰਟ ਦਫ਼ਤਰ ਨੇ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਸਮੇਤ ਕਈ ਹੋਰ ਦੇਸ਼ਾਂ ਨੂੰ ਅਜਿਹੇ ਭਾਰਤੀਆਂ ਦੇ ਖ਼ਿਲਾਫ਼ ਕਾਰਵਾਈ ਲਈ ਲਿਖਿਆ ਹੈ, ਜਿਹੜੇ ਭਾਰਤ ਵਿੱਚ ਵਿਆਹ ਕਰਨ ਤੋਂ ਬਾਅਦ ਪਤਨੀ ਨੂੰ ਧੋਖਾ ਦੇ ਕੇ ਵਿਦੇਸ਼ ਭੱਜ ਜਾਣ ਦੇ ਦੋਸ਼ੀ ਹਨ। ਇਨ੍ਹਾਂ ਸਾਰਿਆਂ ਦੇ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
450 passports Cancelled of fraudulent NRI grooms
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਤੋਂ ਵਿਆਹ ਕਰਵਾ ਕੇ ਵਿਦੇਸ਼ ਭੱਜ ਜਾਣ ਵਾਲੇ ਲਾੜਿਆਂ ਦੀ ਗਿਣਤੀ ਤਕਰੀਬਨ 20 ਹਜ਼ਾਰ ਤੋਂ ਵੱਧ ਹੈ। ਪਤਾ ਲੱਗਿਆ ਹੈ ਕਿ ਪਿਛਲੇ ਲਗਭਗ 18 ਮਹੀਨਿਆਂ ਦੌਰਾਨ ਅਜਿਹੇ 45 ਅਤੇ ਲੰਘੇ 6 ਮਹੀਨਿਆਂ ਦੌਰਾਨ ਅਜਿਹੇ 10 ਲਾੜਿਆਂ ਨੂੰ ਫ਼ੜਿਆ ਗਿਆ ਜਾਂ ਉਨ੍ਹਾਂ ਨੇ ਖੁਦ ਆਤਮ ਸਮਰਪਣ ਕਰ ਦਿੱਤਾ।
450 passports Cancelled of fraudulent NRI grooms
ਪੀੜਤ ਧਿਰਾਂ ਵੱਲੋਂ ਵਿਆਹ ਕਰ ਕੇ ਵਿਦੇਸ਼ ਭੱਜੇ ਲਾੜਿਆਂ ਦੇ ਪਾਸਪੋਰਟ ਰੱਦ ਕਰਨ ਦੀ ਮੰਗ ਪਾਸਪੋਰਟ ਦਫ਼ਤਰ ਦੇ ਕੋਲ ਵੱਡੀ ਤਾਦਾਤ ਵਿੱਚ ਪਹੁੰਚ ਰਹੀ ਹੈ। ਹਾਲੀਆ ਕਾਰਵਾਈਆਂ ਦੌਰਾਨ ਰੀਜਨਲ ਪਾਸਪੋਰਟ ਦਫ਼ਤਰ ਵੱਲੋਂ 450 ਐੱਨਆਰਆਈ ਲਾੜਿਆਂ ਦੇ ਪਾਸਪੋਰਟ ਰੱਦ ਕਰਨ ਤੋਂ ਬਾਅਦ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ 83 ਲਾੜੇ ਵਾਪਸ ਪਰਤ ਆਏ ਹਨ ਅਤੇ ਹੁਣ ਇੱਕ ਵਾਰ ਫਿਰ ਆਪਣੇ ਪਰਿਵਾਰ ਨਾਲ ਰਹਿਣ ਨੂੰ ਰਾਜ਼ੀ ਹੋ ਗਏ ਹਨ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਹੈ ਕਿ 14 ਲਾੜਿਆਂ ਨੂੰ ਵੱਖ-ਵੱਖ ਏਅਰਪੋਰਟਾਂ ‘ਤੇ ਲੈਂਡਿੰਗ ਕਰਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪਾਸਪੋਰਟ ਦਫ਼ਤਰ ਦੇ ਕੋਲ ਹਾਲੇ ਲਗਪਗ 60 ਸ਼ਿਕਾਇਤਾਂ ਅਮਲ ਅਧੀਨ ਹੋਣ ਦੀ ਜਾਣਕਾਰੀ ਮਿਲੀ ਹੈ।