ਕੋਵਿਡ-19 -ਨਹੀਂ ਰੁਕ ਰਿਹਾ ਮਹਾਂਮਾਰੀ ਦਾ ਕਹਿਰ , ਦਿੱਲੀ ਵਿਖੇ ਕੋਰੋਨਾ ਦੀ ਚਪੇਟ 'ਚ ਆਏ CRPF ਦੇ 52 ਜਵਾਨ

By Kaveri Joshi - May 01, 2020 1:05 pm

ਦਿੱਲੀ: ਕੋਵਿਡ-19 -ਨਹੀਂ ਰੁਕ ਰਿਹਾ ਮਹਾਂਮਾਰੀ ਦਾ ਕਹਿਰ , ਦਿੱਲੀ ਵਿਖੇ ਕੋਰੋਨਾ ਦੀ ਚਪੇਟ 'ਚ ਆਏ CRPF ਦੇ 52 ਜਵਾਨ: ਦੇਸ਼ੋ-ਦੁਨੀਆਂ 'ਚ ਕੋਰੋਨਾ ਆਪਣਾ ਘੇਰਾ ਦਿਨੋਂ ਦਿਨ ਵੱਡਾ ਕਰ ਰਿਹਾ ਹੈ , ਪੂਰੀ ਦੁਨੀਆਂ ਇਸ ਮਹਾਮਾਰੀ ਨਾਲ ਤ੍ਰਾਹ-ਤ੍ਰਾਹ ਕਰ ਉੱਠੀ ਹੈ । ਦੱਸ ਦੇਈਏ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਜਵਾਨ ਵੀ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ ।ਮਿਲੀ ਜਾਣਕਾਰੀ ਅਨੁਸਾਰ ਮਿਊਰ ਬਿਹਾਰ ਸਥਿਤ 31 ਬਟਾਲੀਅਨ ਦੇ 52 ਜਵਾਨ ਕੋਰੋਨਾ ਪੀੜਤ ਪਾਏ ਗਏ ਹਨ । ਪਾਜ਼ਿਟਿਵ ਜਵਾਨਾਂ ਨੂੰ ਮੰਡੋਲੀ ਜੇਲ੍ਹ 'ਚ ਆਈਸੋਲੇਟ ਕੀਤਾ ਗਿਆ ਹੈ , ਜਦਕਿ ਬਟਾਲੀਅਨ ਦੇ ਬਾਕੀ ਜਵਾਨਾਂ ਨੂੰ ਮਿਊਰ ਬਿਹਾਰ ਵਿਖੇ ਕੈਂਪ 'ਚ ਹੀ ਟੈਂਟ ਲਾ ਕੇ ਕੁਆਰੰਟਾਈਨ ਕੀਤਾ ਗਿਆ ਹੈ।

ਦੱਸ ਦੇਈਏ ਕਿ ਇਸੇ ਬਟਾਲੀਅਨ ਦੇ ਇੱਕ 55 ਸਾਲਾ ਸਬ-ਇੰਸਪੈਕਟਰ ਦਾ ਕੋਰੋਨਾ ਦੇ ਸ਼ਿਕਾਰ ਹੋ ਜਾਣ ਕਾਰਨ ਸਫ਼ਦਰਜੰਗ ਹਸਪਤਾਲ 'ਚ ਮੰਗਲਵਾਰ ਨੂੰ ਦੇਹਾਂਤ ਹੋ ਗਿਆ ਸੀ । ਕਿਹਾ ਜਾ ਰਿਹਾ ਹੈ ਕਿ ਅਸਮ ਦਾ ਰਹਿਣ ਵਾਲਾ ਇਹ ਸਬ-ਇੰਸਪੈਕਟਰ ਸ਼ੂਗਰ ਅਤੇ ਹਾਈਪਰਟੈਨਸ਼ਨ ਦਾ ਮਰੀਜ਼ ਸੀ ।

ਸੀਆਰਪੀਐੱਫ ਦੇ ਇਕ ਅਧਿਕਾਰੀ ਅਨੁਸਾਰ ਕੁਪਵਾੜਾ 'ਚ ਤਾਇਨਾਤ 162 ਬਟਾਲੀਅਨ ਦੇ ਦੇ ਪੈਰਾਮੈਡੀਕਲ ਸਟਾਫ ਤੋਂ ਇਹ ਮਹਾਂਮਾਰੀ ਫੈਲੀ ਹੈ । ਇਹ ਮੈਡੀਕਲ ਸਟਾਫ਼ ਛੁੱਟੀ ਕੱਟਣ ਆਪਣੇ ਘਰ ਨੋਇਡਾ ਵਿਖੇ ਆਇਆ ਹੋਇਆ ਸੀ , ਜਦੋਂ ਲੌਕਡਾਊਨ ਦਾ ਐਲਾਨ ਹੋਇਆ ਤਾਂ ਛੁੱਟੀ 'ਤੇ ਗਏ ਜਵਾਨਾਂ ਨੂੰ ਨਿਰਦੇਸ਼ ਦਿੱਤਾ ਗਿਆ , ਕਿ ਉਹ ਜਿੱਥੇ ਹਨ ਉੱਥੇ ਹੀ ਰਹਿਣ ਪਰ ਮੈਡੀਕਲ ਸਟਾਫ਼ ਨੂੰ ਕਿਹਾ ਗਿਆ ਕਿ ਸੰਭਵ ਹੋਵੇ ਤਾਂ ਘਰ ਦੇ ਆਸ-ਪਾਸ 15 ਤੋਂ 20 ਕਿਲੋਮੀਟਰ ਦੇ ਦਾਇਰੇ 'ਚ ਅਗਰ ਕੋਈ ਯੂਨਿਟ ਹੈ ਤਾਂ ਉਸਨੂੰ ਜੁਆਇਨ ਕਰ ਲੈਣ ਤਾਂਕਿ ਅਗਰ ਹਲਾਤ ਵਿਗੜਦੇ ਹਨ , ਤਾਂ ਉਹਨਾਂ ਦੀ ਸਹਾਇਤਾ ਲਈ ਜਾ ਸਕੇ ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਨਫੈਕਸ਼ਨ ਤੋਂ ਪੀੜਤ ਸਾਰੀਆਂ ਫੌਜਾਂ ਨੂੰ ਕੌਮੀ ਰਾਜਧਾਨੀ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

29 ਅਪ੍ਰੈਲ ਤੱਕ ਕੋਰੋਨਾ ਪੀੜਤ ਜਵਾਨਾਂ ਦੀ ਸੰਖਿਆ 46 ਸੀ , ਜਿਹਨਾਂ 'ਚ 6 ਹੋਰ ਪਾਜ਼ਿਟਿਵ ਪਾਏ ਗਏ ਹਨ ਅਤੇ ਕੁੱਲ ਮਿਲਾ ਕੇ ਹੁਣ ਤੱਕ 52 ਜਵਾਨ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ । ਇਸ ਲਈ ਸਾਵਧਾਨੀ ਵਰਤਦੇ ਹੋਏ ਪੂਰੇ ਬਟਾਲੀਅਨ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ ।

adv-img
adv-img