Wed, Apr 17, 2024
Whatsapp

"ਸਾਡੇ ਦੇਸ਼ 'ਚ ਔਰਤਾਂ ਦੀ ਸਥਿਤੀ ਅਜੇ ਵੀ ਸੰਘਰਸ਼ਪੂਰਨ, ਨਹੀਂ ਮਿਲਿਆ ਬਰਾਬਰੀ ਦਾ ਹੱਕ" - ਹਰਸਿਮਰਤ ਕੌਰ ਬਾਦਲ (ਵੀਡੀਓ)

Written by  Joshi -- February 09th 2018 10:28 AM -- Updated: February 09th 2018 10:42 AM

"ਸਾਡੇ ਦੇਸ਼ 'ਚ ਔਰਤਾਂ ਦੀ ਸਥਿਤੀ ਅਜੇ ਵੀ ਸੰਘਰਸ਼ਪੂਰਨ, ਨਹੀਂ ਮਿਲਿਆ ਬਰਾਬਰੀ ਦਾ ਹੱਕ" - ਹਰਸਿਮਰਤ ਕੌਰ ਬਾਦਲ (ਵੀਡੀਓ)

7th Annual One Globe Forum : Harsimrat Badal speaks on women rights & future: 7ਵੇਂ ਸਾਲਾਨਾ "ਵਨ ਗਲੋਬਲ ਫੋਰੱਮ" 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਔਰਤਾਂ ਦੇ ਹੱਕਾਂ ਦੇ ਬਾਰੇ 'ਚ ਗੱਲ ਕਰਦਿਆਂ ਕਿਹਾ ਕਿ ਜੇਕਰ ਔਰਤਾਂ ਨੂੰ ਥੋੜ੍ਹੀ ਜਹੀ ਪ੍ਰੋਤਸਾਹਨਾ ਅਤੇ ਮੌਕਾ ਦਿੱਤਾ ਜਾਵੇ ਤਾਂ ਉਹ ਦੇਸ਼ ਦੀ ਅਰਥਵਿਵਸਥਾ 'ਚ ਵੀ ਵੱਡਾ ਯੋਗਦਾਨ ਪਾ ਸਕਦੀਆਂ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ 'ਚ ਔਰਤਾਂ ਲਈ ਜੀਵਨ ਹਾਲੇ ਵੀ ਸੰਘਰਸ਼ਪੂਰਨ ਹੈ, ਬਰਾਬਰੀ ਦਾ ਹੱਕ ਤਾਂ ਦੂਰ ਦੀ ਗੱਲ ਹੈ, ਅਜੇ ਔਰਤਾਂ ਨੂੰ ਉਹਨਾਂ ਦਾ ਬਣਦਾ ਹੱਕ ਹੀ ਨਹੀਂ ਮਿਲਿਆ ਹੈ। ਪਰ, ਜੋ ਵੀ ਸਾਡੇ ਵੱਸ 'ਚ ਹੈ, ਅਸੀਂ ਉਹ ਹਰ ਬਣਦੀ ਕੋਸ਼ਿਸ਼ ਕਰਾਂਗੇ। ਉਹਨਾਂ ਨੇ ਕਿਹਾ ਕਿ ਦੁਨੀਆਂ ਦੇ ਕਈ ਅਜਿਹੇ ਦੇਸ਼ ਹਨ, ਜਿੱਥੇ ਔਰਤਾਂ ਨੂੰ ਘਰ ਤੋਂ ਬਾਹਰ ਨਿਕਲਣ ਲਈ ਵੀ ਸੋਚਣਾ ਪੈਂਦਾ ਹੈ ਅਤੇ ਅੰਕੜਿਆਂ ਮੁਤਾਬਕ, ਰੋਜ਼ਾਨਾ ਹਰ ਚੌਥੇ ਮਿੰਟ 'ਤੇ ਕਿਸੇ ਔਰਤ ਨਾਲ ਸੋਸ਼ਣ, 15 ਮਿੰਟ 'ਤੇ ਬਲਾਤਕਾਰ ਹੁੰਦਾ ਹੈ ਅਤੇ 1 ਘੰਟੇ 'ਤੇ ਕੋਈ ਨਾ ਕੋਈ ਵਿਆਹੁਤਾ ਦਾਜ ਦੀ ਬਲੀ ਚੜ੍ਹ ਜਾਂਦੀ ਹੈ, ਜੋ ਕਿ ਸ਼ਰਮਨਾਕ ਅਤੇ ਮੰਦਭਾਗਾ ਹੈ। ਹਰਸਿਮਰਤ ਕੌਰ ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਕੁੜੀਆਂ ਨੂੰ ਜਨਮ ਲੈਣ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ, ਭਰੂਣ ਹੱਤਿਆ ਜਹੀਆਂ ਕੁਰੀਤੀਆਂ ਤੋਂ ਬਚ ਕੇ ਜੇ ਬੱਚੀ ਜਨਮ ਲੈ ਵੀ ਲੈਂਦੀ ਹੈ ਤਾਂ ਉਸਨੂੰ ਤਾ-ਉਮਰ, ਬਰਾਬਰੀ ਦਾ ਹੱਕ ਅਤੇ ਬਰਾਬਰੀ ਦੇ ਮੌਕਿਆਂ ਦੀ ਤਲਾਸ਼ ਕਰਨ 'ਚ ਗੁਜ਼ਾਰਨੀ ਪੈਂਦੀ ਹੈ। 7th Annual One Globe Forum : Harsimrat Badal speaks on women rights & future: ਉਹਨਾਂ ਨੇ ਉਮੀਦ ਜਤਾਉਂਦਿਆਂ ਕਿਹਾ ਕਿ ਮੈਂ ਫਿਰ ਵੀ ਬਹੁਤ ਖੁਸ਼ ਹੁੰਦੀ ਹਾਂ ਜਦੋਂ ਇਸ ਦੇਸ਼ ਦੀਆਂ ਔਰਤਾਂ ਨੂੰ ਵੱਡੇ ਅਹੁਦਿਆਂ 'ਤੇ ਬੈਠਿਆਂ ਦੇਖਦੀ ਹਾਂ। ਖੁਸ਼ੀ ਹੁੰਦੀ ਹੈ ਇਸ ਸੋਚ ਕੇ ਸਮਾਜ ਦਿਆਂ ਬੰਧਨਾਂ ਤੋਂ ਪਰ੍ਹੇ ਉਹਨਾਂ ਨੇ ਆਪਣਾ ਇੱਕ ਮੁਕਾਮ ਹਾਸਲ ਕੀਤਾ ਹੈ। ਉਹਨਾਂ 'ਅੰਡਰ 19 ਖੇਲੋ ਇੰਡੀਆ' ਦੀ ਟੀਮ ਨਾਲ ਮੁਲਾਕਾਤ ਦੇ ਪਲ ਸਾਂਝੇ ਕਰਦੇ ਬਿਆਨ ਕੀਤਾ ਕਿ 12-13 ਸਾਲ ਦੀਆਂ ਕੁੜੀਆਂ, ਜੋ ਕਿ ਪੇਂਡੂ ਇਲਾਕਿਆਂ ਨਾਲ ਸੰਬੰਧਤ ਹਨ, ਦੇ ਗਲਾਂ 'ਚ ਪਏ ਹੋਏ ਗੋਲਡ ਮੈਡਲ ਦਰਸਾਉਂਦੇ ਹਨ ਕਿ ਕੁੜੀਆਂ ਦੇਸ਼ ਦਾ ਸੁਨਹਿਰਾ ਭਵਿੱਖ ਸਿਰਜਣ ਲਈ ਤਿਆਰ ਹਨ। ਕੇਂਦਰੀ ਮੰਤਰੀ ਨੇ ਉਹਨਾਂ ਕੁੜੀਆਂ ਦੇ ਮਾਪਿਆਂ ਨੂੰ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਇਹਨਾਂ ਮਾਪਿਆਂ ਦੀ ਬਦੌਲਤ ਹੀ ਉਹਨਾਂ ਦੀਆਂ ਬੱਚੀਆਂ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਣ 'ਚ ਕਾਮਯਾਬ ਹੋਈਆਂ ਹਨ। "ਕੁੜੀਆਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਉਹਨਾਂ ਦਾ ਸਾਥ ਮਾਪੇ ਦੇ ਰਹੇ ਹਨ ਤਾਂ ਭਵਿੱਖ ਵਧੀਆ ਹੀ ਹੋਵੇਗਾ" ਉਹਨਾਂ ਨੇ ਕਿਹਾ। 7th Annual One Globe Forum : Harsimrat Badal speaks on women rights & future: ਹਰਸਿਮਰਤ ਕੌਰ ਬਾਦਲ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸਰਕਾਰ ਵੱਲੋਂ ਚਲਾਈਆਂ ਗਈਆਂ ਕਈ ਸਕੀਮਾਂ ਜਿੰਨ੍ਹਾਂ 'ਚ 2015 'ਚ ਕੁੜੀਆਂ ਨੂੰ ਫੌਜ 'ਚ ਭਰਤੀ ਦੀ ਇਜਾਜ਼ਤ, "ਬੇਟੀ ਬਚਾਓ, ਬੇਟੀ ਪੜ੍ਹਾਓ", "ਸੁਕੰਨਿਆ ਸਮਰਿਧੀ ਯੋਜਨਾ" ਸ਼ਾਮਿਲ ਹਨ, ਵੀ ਕੁੜੀਆਂ ਦੇ ਵਧੀਆ ਭਵਿੱਖ ਅਤੇ ਬਿਹਤਰੀ ਲਈ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ "ਨੰਨੀ ਛਾਂ", ਜੋ ਕਿ ਉਹਨਾਂ ਵੱਲੋਂ ਚਲਾਈ ਗਈ ਇੱਕ ਸਮਾਜ ਸੇਵੀ ਸੰਸਥਾ ਹੈ, ਵੀ ਕੁੜੀਆਂ ਦੇ ਸੁਨਹਿਰੇ ਭਵਿੱਖ 'ਚ ਹਰ ਬਣਦਾ ਯੋਗਦਾਨ ਪਾਉਣ ਲਈ ਵਚਨਬੱਧ ਹੈ। —PTC News


Top News view more...

Latest News view more...