15 ਸਾਲਾ ਧੀ ਬਣੀ 'ਸਰਵਣ ਪੁੱਤ' , ਜ਼ਖਮੀ ਪਿਤਾ ਨੂੰ ਸਾਈਕਲ 'ਤੇ ਬਿਠਾ ਕੇ 8 ਦਿਨਾਂ ਦੇ ਲੰਬੇ ਅਤੇ ਕਸ਼ਟਦਾਇਕ ਸਫ਼ਰ ਨੂੰ ਮੁਕੰਮਲ ਕਰ ਗੁਰੂਗ੍ਰਾਮ ਤੋਂ ਪਹੁੰਚੀ ਬਿਹਾਰ

By Kaveri Joshi - May 20, 2020 7:05 pm

ਦਰਭੰਗਾ :- 15 ਸਾਲਾ ਧੀ ਬਣੀ 'ਸਰਵਣ ਪੁੱਤ' , ਜ਼ਖਮੀ ਪਿਤਾ ਨੂੰ ਸਾਈਕਲ 'ਤੇ ਬਿਠਾ ਕੇ 8 ਦਿਨਾਂ ਦੇ ਲੰਬੇ ਅਤੇ ਕਸ਼ਟਦਾਇਕ ਸਫ਼ਰ ਨੂੰ ਮੁਕੰਮਲ ਕਰ ਗੁਰੂਗ੍ਰਾਮ ਤੋਂ ਪਹੁੰਚੀ ਬਿਹਾਰ: ਕੋਰੋਨਾਵਾਇਰਸ ਕਾਰਨ ਲਾਗੂ ਲਾਕਡਾਉਨ ਦੇ ਵਿੱਚ ਆਰਥਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਐਕਸੀਡੈਂਟ 'ਚ ਜ਼ਖਮੀ ਹੋਏ ਆਪਣੇ ਮਜਬੂਰ ਪਿਤਾ ਦਾ ਸਹਾਰਾ ਬਣ ਕੇ 15 ਸਾਲਾ ਧੀ ਨੇ ਵੱਡੀ ਮਿਸਾਲ ਪੇਸ਼ ਕੀਤੀ ਹੈ । ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਗੁਰੂਗ੍ਰਾਮ ਤੋਂ ਆਪਣੇ ਪਿਤਾ ਨੂੰ ਸਾਈਕਲ 'ਤੇ ਬਿਠਾ ਕੇ ਇਸ ਬਹਾਦਰ ਲੜਕੀ ਨੇ ਬਹੁਤ ਲੰਮਾ ਸਫ਼ਰ ਤਹਿ ਕੀਤਾ ਅਤੇ ਦਰਭੰਗਾ ਵਿਖੇ ਪਹੁੰਚ ਗਈ।

ਜ਼ਿਕਰਯੋਗ ਹੈ ਕਿ ਦਰਭੰਗਾ ਜ਼ਿਲ੍ਹਾ ਦੇ ਸਿੰਹਵਾੜਾ ਪ੍ਰਖੰਡ ਦੇ ਸਿਰਹੁੱਲੀ ਪਿੰਡ ਦੇ ਨਿਵਾਸੀ , ਮੋਹਨ ਪਾਸਵਾਨ ਗੁਰੂਗ੍ਰਾਮ 'ਚ ਰਹਿ ਕੇ ਆਟੋ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ , ਇਸੇ ਦੌਰਾਨ ਉਹ ਕਿਸੇ ਘਟਨਾ ਦਾ ਸ਼ਿਕਾਰ ਹੋ ਗਿਆ ਅਤੇ ਜ਼ਖਮੀ ਹਾਲਤ 'ਚ ਹੋਣ ਕਾਰਨ ਕੰਮ ਕਰਨ ਤੋਂ ਅਸਮਰੱਥ ਸੀ , ਜਿਸਦੇ ਚਲਦੇ ਉਹਨਾਂ ਦੀ ਬੇਟੀ ਆਪਣੇ ਪਿਤਾ ਦੀ ਦੇਖਭਾਲ ਕਰਨ ਲਈ ਆਪਣੇ ਪਿਤਾ ਕੋਲ ਆ ਗਈ ।

ਦੱਸ ਦੇਈਏ ਕਿ ਹਾਦਸੇ ਤੋਂ ਬਾਅਦ ਆਪਣੇ ਪਿਤਾ ਦੀ ਸੇਵਾ ਕਰਨ ਆਈ ਧੀ 15 ਸਾਲਾ ਜਯੋਤੀ ਕੁਮਾਰੀ ਨੂੰ ਕੋਰੋਨਾਵਾਇਰਸ ਕਾਰਨ ਜਾਰੀ ਕੀਤੇ ਗਏ ਲੌਕਡਾਊਨ ਕਾਰਨ ਆਪਣੇ ਪਿਤਾ ਕੋਲ ਰੁਕਣਾ ਪਿਆ । ਪਰ ਆਰਥਿਕ ਤੰਗੀ ਕਾਰਨ ਮਜਬੂਰ ਹੋਈ ਲੜਕੀ ਲਈ ਉੱਥੇ ਜ਼ਿਆਦਾ ਰੁਕਣਾ ਮੁਨਾਸਿਬ ਨਹੀਂ ਸੀ , ਇਸ ਲਈ ਜਯੋਤੀ ਨੇ ਆਪਣੇ ਪਿਤਾ ਨੂੰ ਸਾਈਕਲ ਤੇ ਸੁਰੱਖਿਅਤ ਘਰ ਪਹੁੰਚਾਉਣ ਦਾ ਬੀੜਾ ਚੁੱਕਿਆ ।

ਧੀ ਦੀ ਜ਼ਿਦ ਅੱਗੇ ਝੁਕਦੇ ਹੋਏ ਉਸਦੇ ਪਿਤਾ ਨੇ ਕੁਝ ਰਾਸ਼ੀ ਉਧਾਰ ਲੈ ਕੇ ਉਸਨੂੰ ਸਾਈਕਲ ਲੈ ਕੇ ਦਿੱਤੀ , ਜਿਸ 'ਤੇ ਜਯੋਤੀ ਨੇ ਆਪਣੇ ਪਿਤਾ ਨੂੰ ਸੁਰੱਖਿਅਤ ਘਰ ਪਹੁੰਚਾਇਆ । ਜਯੋਤੀ ਨੇ ਇੱਕ ਬੈਗ ਸਮੇਤ ਆਪਣੇ ਪਿਤਾ ਨੂੰ ਸਾਈਕਲ 'ਤੇ ਬਿਠਾਇਆ ਅਤੇ 8 ਦਿਨਾਂ ਦੇ ਲੰਬੇ ਅਤੇ ਕਸ਼ਟਦਾਇਕ ਸਫ਼ਰ ਨੂੰ ਮੁਕੰਮਲ ਕਰ ਆਪਣੇ ਪਿੰਡ ਸਿਰਹੁੱਲੀ ਵਿਖੇ ਅੱਪੜ ਗਈ ।

10 ਮਈ ਨੂੰ ਸਫ਼ਰ ਆਰੰਭ ਕਰਕੇ 16 ਮਈ ਨੂੰ ਆਪਣੇ ਪਿੰਡ ਅੱਪੜੀ ਜਯੋਤੀ ਫ਼ਿਲਹਾਲ ਕੁਆਰੰਟੀਨ ਕੇਂਦਰ ਵਿਖੇ ਰਹਿ ਰਹੀ ਹੈ । ਜਿੱਥੇ ਕਈ ਬਜ਼ੁਰਗ ਮਾਂ-ਬਾਪ ਆਪਣੀ ਔਲਾਦ ਦੇ ਵਤੀਰੇ ਦੇ ਚਲਦੇ ਮਜਬੂਰੀਵੱਸ ਬੁਢਾਪਾ ਆਸ਼ਰਮਾਂ ਵੱਲ ਨੂੰ ਰੁਖ਼ ਕਰ ਲੈਂਦੇ ਹਨ, ਉੱਥੇ ਇਸ ਪਰਵਾਸੀ ਮਜ਼ਦੂਰ ਦੀ ਧੀ ਦੀ ਬਹਾਦਰੀ ਅਤੇ ਜ਼ਿੰਦਾਦਿਲੀ ਦੀ ਇਸ ਕਹਾਣੀ ਨੇ ਲੱਖਾਂ ਧੀਆਂ-ਪੁੱਤਾਂ ਲਈ ਵੱਡੀ ਮਿਸਾਲ ਪੇਸ਼ ਕੀਤੀ ਹੈ । ਜਯੋਤੀ ਨੇ ਵਾਕੇਈ ਆਪਣੇ ਮਾਪਿਆਂ ਨੂੰ ਸਰਵਣ ਪੁੱਤ ਬਣ ਕੇ ਦਿਖਾਇਆ ਹੈ ਅਤੇ ਇਹ ਸਾਬਿਤ ਕੀਤਾ ਹੈ ਕਿ ਧੀਆਂ ਪੁੱਤਰਾਂ ਨਾਲੋਂ ਕਿਸੇ ਵੀ ਪਾਸਿਓਂ ਘੱਟ ਨਹੀਂ ਹਨ

adv-img
adv-img