ਦੇਸ਼

ਬੱਚੇ ਦੀ ਜਾਨ ਬਚਾਉਣ ਲਈ ਬਾਘ ਨਾਲ ਭਿੜੀ ਮਾਂ, 20 ਮਿੰਟ ਖੂੰਖਾਰ ਜਾਨਵਰ ਦਾ ਕੀਤਾ ਸਾਹਮਣਾ

By Ravinder Singh -- September 06, 2022 2:03 pm

ਉਮਰੀਆ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹੇ 'ਚ ਇਕ ਬਹਾਦਰ ਮਾਂ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਬਾਘ ਨਾਲ ਭਿੜ ਪਈ। ਕਲੇਜੇ ਦੇ ਟੁਕੜੇ ਨੂੰ ਅੱਖਾਂ ਸਾਹਮਣੇ ਮੌਤ ਦੇ ਮੂੰਹ ਵਿਚ ਜਾਣ ਤੋਂ ਬਚਾਉਣ ਲਈ ਮਾਂ ਨੇ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ। ਮਾਂ ਨੇ ਬਾਘ ਦੇ ਜਬਾੜੇ ਨਾਲ ਲੜ ਕੇ ਬੱਚੇ ਨੂੰ ਜ਼ਿੰਦਾ ਬਚਾ ਲਿਆ। ਮਾਂ ਵੱਲੋਂ ਦਿਖਾਏ ਸਾਹਸ ਵਿਚ ਉਹ ਖ਼ੁਦ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ। ਬਾਘ ਦੇ ਨਹੁੰ ਮਾਂ ਦੇ ਫੇਫੜਿਆਂ ਵਿੱਚ ਵੜ ਗਏ ਤੇ ਉਸ ਦੀ ਗਰਦਨ ਵੀ ਟੁੱਟ ਗਈ। ਮਾਂ ਨੂੰ ਗੰਭੀਰ ਹਾਲਤ 'ਚ ਜਬਲਪੁਰ ਮੈਡੀਕਲ ਕਾਲਜ ਵਿਚ ਰੈਫਰ ਕੀਤਾ ਗਿਆ ਹੈ। ਮਾਤਾ-ਪਿਤਾ ਲਈ ਬੱਚੇ ਹਮੇਸ਼ਾ ਉਨ੍ਹਾਂ ਦੇ ਕਲੇਜੇ ਦੇ ਟੁਕੜੇ ਹੁੰਦੇ ਹਨ। ਬੱਚਿਆਂ ਦੀ ਜ਼ਿੰਦਗੀ ਬਚਾਉਣ ਲਈ ਉਹ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਅਜਿਹੀ ਹੀ ਇਕ ਘਟਨਾ ਬੰਧਵਗੜ੍ਹ ਟਾਈਗਰ ਰਿਜ਼ਰਵ ਦੇ ਪਿੰਡ ਮਾਨਪੁਰ ਰੋਹਨੀਆ ਵਿੱਚ ਸਾਹਮਣੇ ਆਈ ਹੈ। ਭੋਲਾ ਚੌਧਰੀ ਆਪਣੀ ਪਤਨੀ ਅਰਚਨਾ ਨਾਲ ਮਾਨਪੁਰ ਬਫਰ ਦੇ ਨਾਲ ਲੱਗਦੀ ਜਵਾਲਾਮੁਖੀ ਬਸਤੀ ਵਿਚ ਰਹਿੰਦਾ ਹੈ।

ਬੱਚੇ ਦੀ ਜਾਨ ਬਚਾਉਣ ਲਈ ਬਾਘ ਨਾਲ ਭਿੜੀ ਮਾਂ, 20 ਮਿੰਟ ਖੂੰਖਾਰ ਜਾਨਵਰ ਦਾ ਕੀਤਾ ਸਾਹਮਣਾ
ਹਸਪਤਾਲ ਵਿਚ ਦਾਖ਼ਲ ਔਰਤ ਅਰਚਨਾ ਦੇ ਪਤੀ ਭੋਲਾ ਚੌਧਰੀ ਨੇ ਦੱਸਿਆ ਕਿ ਘਰ ਦੇ ਨੇੜੇ ਬਾਰੀ 'ਚ ਪਤਨੀ ਆਪਣੇ 15 ਮਹੀਨੇ ਦੇ ਬੇਟੇ ਰਾਜਵੀਰ ਨੂੰ ਪਖਾਨਾ ਕਰਵਾਉਣ ਲਈ ਲੈ ਕੇ ਗਈ ਸੀ। ਇਸੇ ਦੌਰਾਨ ਝਾੜੀਆਂ ਦੇ ਹੇਠਾਂ ਲੁਕਿਆ ਬਾਘ ਛਾਲ ਮਾਰ ਕੇ ਵਾੜ ਦੇ ਅੰਦਰ ਆ ਗਿਆ ਤੇ ਰਾਜਵੀਰ ਨੂੰ ਆਪਣੇ ਜਬਾੜਿਆਂ ਵਿੱਚ ਦਬਾ ਲਿਆ। ਇਹ ਦੇਖ ਕੇ ਅਰਚਨਾ ਨੇ ਹਿੰਮਤ ਨਹੀਂ ਹਾਰੀ ਤੇ ਬੱਚੇ ਨੂੰ ਬਚਾਉਣ ਲਈ ਬਾਘ ਨਾਲ ਲੜ ਪਈ। ਉਹ ਮਾਸੂਮ ਨੂੰ ਫੜ ਕੇ ਬਾਘ ਨਾਲ ਲੜਦੀ ਰਹੀ।

 

ਇਹ ਵੀ ਪੜ੍ਹੋ : Mercedes 'ਚ ਡਿਪੂ ਤੋਂ ਰਾਸ਼ਨ ਲੈਣ ਪਹੁੰਚਿਆ ਸਖ਼ਸ਼, ਗੱਡੀ ਦਾ ਨੰਬਰ VIP, ਵੀਡੀਓ ਆਈ ਸਾਹਮਣੇ

ਇਸ ਦੌਰਾਨ ਹਮਲਾਵਰ ਬਾਘ ਆਪਣੇ ਪੰਜੇ ਨਾਲ ਲਗਾਤਾਰ ਹਮਲਾ ਕਰਕੇ ਅਰਚਨਾ ਨੂੰ ਜ਼ਖ਼ਮੀ ਕਰ ਰਿਹਾ ਸੀ। ਉਸ ਦੇ ਸਰੀਰ 'ਚੋਂ ਖ਼ੂਨ ਦੀ ਇਕ ਧਾਰਾ ਨਿਕਲ ਰਹੀ ਸੀ, ਫਿਰ ਵੀ ਉਹ ਕਰੀਬ 15-20 ਮਿੰਟ ਤੱਕ ਖੜ੍ਹੀ ਰਹੀ। ਆਖ਼ਰਕਾਰ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਉੱਥੇ ਪਹੁੰਚ ਗਏ। ਸੋਟੀ ਲੈ ਕੇ ਉਸ ਨੇ ਰੌਲ਼ਾ ਪਾਇਆ ਤਾਂ ਬਾਘ ਵਾਪਸ ਜੰਗਲ ਵੱਲ ਭੱਜ ਗਿਆ। ਬੱਚੇ ਤੇ ਔਰਤ ਦੇ ਸਰੀਰ 'ਚੋਂ ਕਾਫੀ ਖ਼ੂਨ ਨਿਕਲ ਰਿਹਾ ਸੀ, ਉਨ੍ਹਾਂ ਨੂੰ ਤੁਰੰਤ ਮਨੂਪਰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ। ਉਥੋਂ ਮੁੱਢਲੀ ਸਹਾਇਤਾ ਕਰਨ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ।

ਸਿਵਲ ਸਰਜਨ ਡਾ.ਐਲ.ਐਨ ਰੁਹੇਲਾ ਡਾਕਟਰਾਂ ਦੀ ਟੀਮ ਨਾਲ ਤਿਆਰ ਸਨ ਜਦੋਂ ਉਨ੍ਹਾਂ ਨੂੰ ਮਾਨਪੁਰ ਤੋਂ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਮਾਂ ਤੇ ਬੱਚੇ ਦੇ ਜ਼ਖ਼ਮਾਂ ਦੀ ਜਾਂਚ ਕੀਤੀ ਗਈ। ਅਰਚਨਾ ਚੌਧਰੀ ਦੀ ਪਿੱਠ ਵਿਚ ਨਹੁੰ ਲੱਗਣ ਕਾਰਨ ਡੂੰਘੇ ਜ਼ਖ਼ਮ ਸਨ। ਸਿਲਾਈ ਕਰਨ ਮਗਰੋਂ ਵੀ ਖ਼ੂਨ ਵਗਣਾ ਬੰਦ ਨਹੀਂ ਹੋ ਰਿਹਾ ਸੀ। ਉਸ ਦੀ ਗਰਦਨ ਤੇ ਸਰੀਰ ਉਤੇ ਵੀ ਸਾਹਮਣੇ ਤੋਂ ਸੱਟਾਂ ਲੱਗੀਆਂ ਸਨ। ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਜਬਲਪੁਰ ਰੈਫਰ ਕਰ ਦਿੱਤਾ ਗਿਆ। ਘਟਨਾ 'ਚ 15 ਮਹੀਨਿਆਂ ਦੇ ਰਾਜਵੀਰ ਦੇ ਸਿਰ ਉਤੇ ਸੱਟ ਲੱਗੀ ਪਰ ਉਹ ਖ਼ਤਰੇ ਤੋਂ ਬਾਹਰ ਹੈ।

-PTC News

 

  • Share