ਪੰਜਾਬ

ਲੁਧਿਆਣਾ 'ਚ ਨੌਜਵਾਨ ਨੇ ਛੱਤ ਤੋਂ ਛਾਲ ਮਾਰੀ

By Pardeep Singh -- August 22, 2022 7:53 am

ਲੁਧਿਆਣਾ: ਲੁਧਿਆਣਾ ਦੇ ਥਾਣਾ ਮਾਡਲ ਟਾਊਨ ਇਲਾਕੇ ਵਿੱਚ ਇੱਕ ਨੌਜਵਾਨ ਨੇ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਗੁਰਦੁਆਰਾ ਸਾਹਿਬ 'ਚ ਪਾਠ ਚੱਲ ਰਿਹਾ ਸੀ। ਇਸ ਦੌਰਾਨ ਇਕ ਨੌਜਵਾਨ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਕਰੀਬ 5 ਤੋਂ 6 ਵਾਰ ਗੁਰਦੁਆਰਾ ਸਾਹਿਬ ਦੀਆਂ ਪੌੜੀਆਂ 'ਤੇ ਚੜ੍ਹਿਆ ਅਤੇ ਹੇਠਾਂ ਉਤਰਿਆ।

 ਲੋਕਾਂ ਅਨੁਸਾਰ ਪਹਿਲਾਂ ਤਾਂ ਉਨ੍ਹਾਂ ਨੂੰ ਲੱਗਾ ਕਿ ਉਕਤ ਨੌਜਵਾਨ ਕੋਈ ਸੇਵਾਦਾਰ ਹੈ, ਜੋ ਗੁਰਦੁਆਰਾ ਸਾਹਿਬ 'ਚ ਸਫ਼ਾਈ ਕਰ ਰਿਹਾ ਹੋਵੇਗਾ ਜਾਂ ਸੀ.ਸੀ.ਟੀ.ਵੀ ਕੈਮਰੇ ਲਗਾਉਣ ਵਾਲਾ ਨੌਜਵਾਨ ਹੈ, ਜਿਸ ਦਾ ਪੈਰ ਤਿਲਕ ਗਿਆ ਹੈ, ਪਰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਨੌਜਵਾਨ ਅਣਪਛਾਤਾ ਹੈ। ਲੋਕਾਂ ਨੇ ਤੁਰੰਤ ਐਂਬੂਲੈਂਸ ਬੁਲਾ ਕੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ। ਉਸ ਦੇ ਸਿਰ ਵਿੱਚ ਅੰਦਰੂਨੀ ਸੱਟ ਲੱਗੀ ਹੈ, ਪਰ ਉਹ ਖਤਰੇ ਤੋਂ ਬਾਹਰ ਹੈ।

ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਵੀ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ। ਜਦੋਂ ਲੋਕਾਂ ਨੇ ਥਾਣਾ ਇੰਚਾਰਜ ਨੂੰ ਫੋਨ ਕੀਤਾ ਤਾਂ ਉਨ੍ਹਾਂ ਘਟਨਾ ਤੋਂ ਪੱਲਾ ਝਾੜਦਿਆਂ ਕਿਹਾ ਕਿ ਉਹ ਕਿਸੇ ਮਾਮਲੇ ਵਿੱਚ ਚੰਡੀਗੜ੍ਹ ਵਿੱਚ ਅਧਿਕਾਰੀ ਨਾਲ ਗੱਲ ਕਰ ਰਹੇ ਹਨ, ਬਾਅਦ ਵਿੱਚ ਗੱਲ ਕਰਨਗੇ। ਪੂਰਾ ਦਿਨ ਕੋਈ ਵੀ ਪੁਲੀਸ ਮੁਲਾਜ਼ਮ ਮੌਕੇ ’ਤੇ ਨਹੀਂ ਆਇਆ। ਅਜੇ ਤੱਕ ਨੌਜਵਾਨ ਦੀ ਸ਼ਨਾਖਤ ਨਹੀਂ ਹੋ ਸਕੀ ਹੈ ਅਤੇ ਨਾ ਹੀ ਪੁਲੀਸ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਨੂੰ ਤਿਆਰ ਹੈ।

ਇਹ ਵੀ ਪੜ੍ਹੋ:ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੰਤਰ-ਮੰਤਰ 'ਤੇ ਧਰਨਾ 

-PTC News

  • Share