ਮੁੱਖ ਖਬਰਾਂ

ਪੰਜਾਬ 'ਚ RTI ਨੂੰ ਖ਼ਤਮ ਕਰਨ ਤੇ ਤੁਲੀ AAP ਸਰਕਾਰ - ਮਾਨਿਕ ਗੋਇਲ

By Jasmeet Singh -- September 16, 2022 2:12 pm -- Updated:September 16, 2022 2:26 pm

ਪਟਿਆਲਾ, 16 ਸਤੰਬਰ: ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਕਾਰਵਾਈ 'ਤੇ ਹੋਏ ਖਰਚੇ ਬਾਰੇ ਮੰਗੀ ਗਈ ਜਾਣਕਾਰੀ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ ਇੱਕ ਆਰਟੀਆਈ ਕਾਰਕੁੰਨ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਮਾਨਿਕ ਗੋਇਲ ਨੇ ਸੀ.ਐਮ.ਓ ਦਫ਼ਤਰ ਤੋਂ ਬੱਗਾ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਖਰਚੇ ਦੇ ਵੇਰਵੇ ਦੀ ਜਾਣਕਾਰੀ ਮੰਗੀ ਸੀ। ਇਸ ਤੋਂ ਇਲਾਵਾ ਬਿਨੈਕਾਰ ਨੇ ਬੱਗਾ 'ਤੇ ਐਫਆਈਆਰ ਦੀ ਕਾਪੀ ਅਤੇ ਬੱਗਾ ਨੂੰ ਪੇਸ਼ ਹੋਣ ਜਾਂ ਜਾਂਚ ਵਿਚ ਸ਼ਾਮਲ ਹੋਣ ਲਈ ਭੇਜੇ ਗਏ ਨੋਟਿਸਾਂ ਦੀਆਂ ਕਾਪੀਆਂ ਦੀ ਮੰਗੀਆਂ ਸੀ।

ਮਾਨਿਕ ਦਾ ਕਹਿਣਾ ਕਿ "ਪੰਜਾਬ ਵਿੱਚ 'ਆਪ' ਦੀ ਸਰਕਾਰ ਆਉਣ 'ਤੇ ਜਦੋਂ ਤਜਿੰਦਰ ਬੱਗਾ ਨੂੰ ਦਿੱਲੀ ਤੋਂ ਚੱਕਣ ਲਈ ਵੱਡੀ ਮਾਤਰਾ ਵਿੱਚ ਪੁਲਿਸ ਭੇਜੀ ਗਈ ਸੀ ਤਾਂ ਮੇਰੇ ਦੁਆਰਾ RTI ਰਾਹੀਂ ਉਸ ਉਪਰੇਸ਼ਨ ਦਾ ਖਰਚਾ ਅਤੇ ਉਸ ਦਿਨ ਅਦਾਲਤ 'ਚ ਚੱਲੀ ਕਾਰਵਾਈ ਦਾ ਖਰਚਾ ਮੰਗਿਆ ਗਿਆ ਸੀ। RTI ਨੂੰ ਤਿੰਨ ਚਾਰ ਮਹੀਨੇ ਮੁੱਖ ਮੰਤਰੀ ਦਫ਼ਤਰ ਤੋਂ ਹੋਮ ਡਿਪਾਰਟਮੈਂਟ, DGP ਦਫ਼ਤਰ, ਫਿਰ SSP ਮੁਹਾਲੀ ਦਫ਼ਤਰ ਘੁਮਾਉਣ ਤੋਂ ਬਾਅਦ ਰਿਪਲਾਈ ਦਿੱਤਾ ਜਾਂਦਾ ਹੈ ਕਿ ਅਸੀ "ਸੁਰੱਖਿਆ ਕਾਰਨਾਂ" ਕਰਕੇ ਜਾਣਕਾਰੀ ਨਹੀਂ ਦੇ ਸਕਦੇ।"

ਆਰਟੀਆਈ ਕਾਰਕੁੰਨ ਨੇ ਅੱਗੇ ਕਿਹਾ "ਹੁਣ ਖਰਚੇ ਦੀ ਜਾਣਕਾਰੀ ਦੇਣ ਨਾਲ ਕਿਵੇਂ ਸੁਰੱਖਿਆ ਨੂੰ ਖਤਰਾ ਹੋ ਜਾਂਦਾ ਇਹ ਸਮਝ ਤੋਂ ਬਾਹਰ ਹੈ। ਇਸਤੋਂ ਪਹਿਲਾਂ ਮੁੱਖ ਮੰਤਰੀ ਦੇ ਹੈਲੀਕਾਪਟਰ ਦੌਰਿਆਂ ਦੇ ਖਰਚੇ ਦੀ ਜਾਣਕਾਰੀ ਨੂੰ ਨੀ "ਸੁਰੱਖਿਆ ਕਾਰਣ" ਕਹਿ ਕੇ ਦੇਣ ਤੋਂ ਨਾਂਹ ਕਰ ਦਿੱਤੀ ਗਈ ਸੀ।"

ਉਨ੍ਹਾਂ ਇਲਜ਼ਾਮ ਲਾਇਆ ਕਿ "ਇਸ ਤੋਂ ਪਹਿਲਾਂ ਪੰਜਾਬ 'ਚ ਰਹੀਆਂ ਸਰਕਾਰਾਂ ਨੇ ਕਦੇ RTI ਦੀ ਜਾਣਕਾਰੀ ਦੇਣ ਤੋਂ ਇੰਝ ਨਾਂਹ ਨਹੀਂ ਕੀਤੀ।" ਪਰ ਹੁਣ ਕਈ ਮਹਿਕਮਿਆਂ ਦੇ ਅਫਸਰ ਮਾਨਿਕ ਨੂੰ ਫੋਨ ਕਰਕੇ ਦੱਸ ਰਹੇ ਨੇ ਕਿ ਉਨ੍ਹਾਂ ਦੀ RTI ਦਾ ਜਵਾਬ ਨਾ ਦੇਣ ਦਾ ਜੁਬਾਨੀ ਆਡਰ ਆਇਆ ਹੈ। ਮਾਨਿਕ ਦਾ ਕਹਿਣਾ ਕਿ ਕੀ "ਇਹੀ ਬਦਲਾਅ ਹੈ?"

ਇਹ ਵੀ ਪੜ੍ਹੋ: ਜੇਲ੍ਹ ਮੰਤਰੀ ਦੇ ਜੇਲ੍ਹਾਂ ਨੂੰ ਮੋਬਾਇਲ ਫੋਨ ਮੁਕਤ ਕਰਨ ਦੇ ਦਾਅਵੇ ਖੋਖਲੇ - ਮਾਨਿਕ ਗੋਇਲ

ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਯੁਵਾ ਮੋਰਚਾ ਦੇ ਰਾਸ਼ਟਰੀ ਸਕੱਤਰ ਬੱਗਾ ਨੂੰ ਪੰਜਾਬ ਪੁਲਿਸ ਨੇ 6 ਮਈ ਨੂੰ ਦਿੱਲੀ ਦੇ ਜਨਕਪੁਰੀ ਇਲਾਕੇ 'ਚ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ, ਪੰਜਾਬ ਪੁਲਿਸ ਨੇ ਉਦੋਂ ਦਾਅਵਾ ਕੀਤਾ ਸੀ ਕਿ ਬੱਗਾ ਪੰਜ ਵਾਰ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਪੇਸ਼ ਹੋਣ ਅਤੇ ਜਾਂਚ ਵਿੱਚ ਸ਼ਾਮਲ ਹੋਣ ਵਿੱਚ ਅਸਫਲ ਰਿਹਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਦਿੱਲੀ ਭਾਜਪਾ ਦੇ ਬੁਲਾਰੇ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ, ਹਰਿਆਣਾ ਅਤੇ ਦਿੱਲੀ ਦੀ ਪੁਲਿਸ ਵਿਚਾਲੇ ਖਿੱਚੋਤਾਣ ਹੋ ਗਈ ਸੀ ਤੇ ਮੁਹਾਲੀ ਵਾਪਸ ਆਉਂਦੇ ਸਮੇਂ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੇ ਕਾਫ਼ਲੇ ਨੂੰ ਰਾਹ 'ਚ ਹੀ ਰੋਕ ਲਿਆ ਸੀ।


-PTC News

  • Share