ਐਸ.ਐਸ.ਪੀ ਧਰੁਵ ਦਾਹੀਆ ਖਿਲਾਫ ਕਾਰਵਾਈ ਕਰਨ ਡੀਜੀਪੀ : ਸ਼੍ਰੋਮਣੀ ਅਕਾਲੀ ਦਲ

By Shanker Badra - August 13, 2020 11:08 am

ਐਸ.ਐਸ.ਪੀ ਧਰੁਵ ਦਾਹੀਆ ਖਿਲਾਫ ਕਾਰਵਾਈ ਕਰਨ ਡੀਜੀਪੀ : ਸ਼੍ਰੋਮਣੀ ਅਕਾਲੀ ਦਲ: ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਵਿਵਾਦਗ੍ਰਸਤ ਪੁਲਿਸ ਅਫਸਰ ਤੇ ਅੰਮ੍ਰਿਤਸਰ ਦੇ ਐਸ ਐਸ ਪੀ ਧਰੁਵ ਦਾਹੀਆ ਦਾ ਬਚਾਅ ਕਿਉਂ ਕਰ ਰਹੇ ਹਨ ਜਦਕਿ ਦਾਹੀਆ ਤਰਨਤਾਰਨ ਦੇ ਐਸ ਐਸ ਪੀ ਹੁੰਦਿਆਂ ਸ਼ਰਾਬ ਮਾਫੀਆ ਦੇ ਖਿਲਾਫ ਕਾਰਵਾਈ ਕਰਨ ਵਿਚ ਫੇਲ ਹੋ ਗਏ ,ਜਿਸ ਕਾਰਨ 100 ਤੋਂ ਵੱਧ ਲੋਕਾਂ ਦੀਆਂ ਕੀਮਤੀ ਜਾਨਾਂ ਗਈਆਂ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਤਰਨਤਾਰਨ ਦੇ ਲੋਕਾਂ ਦੀ ਮੰਗ ਹੈ ਕਿ ਐਸ ਐਸ ਪੀ ਧਰੁਵ ਦਾਹੀਆ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਉਹਨਾਂ ਦੀਆਂ ਸ਼ਿਕਾਇਤਾਂ 'ਤੇ ਸ਼ਰਾਬ ਮਾਫੀਆ ਖਿਲਾਫ ਕਾਰਵਾਈ ਕਰਨ ਵਿਚ ਫੇਲ ਹੋਣ 'ਤੇ ਉਸਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਨਾਗਰਿਕਾਂ ਨੇ ਦਾਹੀਆ ਨੂੰ ਨਜਾਇਜ਼ ਸ਼ਰਾਬ ਬਣਾਉਣ ਵਿਚ ਲੱਗੇ ਅਪਰਾਧੀਆਂ ਬਾਰੇ ਸਪਸ਼ਟ ਜਾਣਕਾਰੀ ਮੁਹੱਈਆ ਕਰਵਾਈ ਸੀ ਤੇ ਉਸਨੂੰ ਸ਼ਰਾਬ ਮਾਫੀਆ ਵੱਲੋਂ ਵਰਤੇ ਜਾ ਰਹੇ ਵਾਹਨਾਂ ਦੇ ਨੰਬਰ ਵੀ ਦਿੱਤੇ ਸਨ ਪਰ ਦਾਹੀਆ ਨੇ ਮਾਮਲੇ ਵਿਚ ਕੋਈ ਵੀ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਜਿਸ ਕਾਰਨ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਾਪਰੀ ਤੇ ਸਿਰਫ ਤਰਨਤਾਰਨ ਵਿਚ ਹੀ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ।

ਐਸ.ਐਸ.ਪੀ ਧਰੁਵ ਦਾਹੀਆ ਖਿਲਾਫ ਕਾਰਵਾਈ ਕਰਨ ਡੀਜੀਪੀ : ਸ਼੍ਰੋਮਣੀ ਅਕਾਲੀ ਦਲ

ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੇ ਇਹ ਤੱਥ ਲੋਕਾਂ ਸਾਹਮਣੇ ਰੱਖੇ ਹਨ ਅਤੇ  ਪਾਰਟੀ ਨੇ ਡੀ ਜੀ ਪੀ ਨੂੰ ਮਾਮਲੇ ਵਿਚ ਕਾਰਵਾਈ ਕਰਨ ਵਾਸਤੇ ਆਖਿਆ ਹੈ।  ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਡੀ ਜੀ ਪੀ ਨੂੰ ਦਾਹੀਆ ਨਾਲ ਕੁਝ ਜ਼ਿਆਦਾ ਹੀ ਲਗਾਅ ਹੈ ਤੇ ਇਸੇ ਲਈ ਉਹ ਉਸ ਖਿਲਾਫ ਕਾਰਵਾਈ ਨਹੀਂ ਕਰ ਰਹੇ ਜੋ ਬਹੁਤ ਨਿਖੇਧੀਯੋਗ ਹੈ। ਉਹਨਾਂ ਕਿਹਾ ਕਿ ਲੋਕ ਆਸ ਕਰਦੇ ਹਨ ਕਿ ਡੀ ਜੀ ਪੀ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਨਗੇ ਪਰ ਉਹ ਦੋ ਕਦਮ ਹੋਰ ਅੱਗੇ ਵੱਧ ਕੇ ਦਾਹੀਆ ਦਾ ਬਚਾਅ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਪੁਲਿਸ ਨਿਯਮਾਂ ਦੇ ਉਲਟ ਰਵੱਈਆ ਹੈ। ਡੀ ਜੀ ਪੀ ਨੂੰ ਦਾਹੀਆ ਖਿਲਾਫ ਕਾਰਵਾਈ ਕਰਨ ਲਈ ਅਸਮਰਥ ਹੋਣ ਦਾ ਕਾਰਨ ਦੱਸਣਾ ਚਾਹੀਦਾ ਹੈ। ਅਕਾਲੀ ਆਗੂ ਨੇ ਕਿਹਾ ਕਿ ਜਿਥੇ ਤੱਕ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦੀ ਗੱਲ ਹੈ ਤਾਂ ਡੀ ਜੀ ਪੀ ਦੀ ਭੂਮਿਕਾ ਪਹਿਲਾਂ ਹੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਉਹਨਾਂ ਕਿਹਾ ਕਿ ਡੀ ਜੀ ਪੀ ਨੇ ਦਾਹੀਆ ਖਿਲਾਫ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਜਦਕਿ ਐਸ ਐਸ ਪੀ ਤਰਨਤਾਰਨ ਵਜੋਂ ਉਹ ਹੀ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਲਈ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਦਾਹੀਆ ਖਿਲਾਫ ਕਾਰਵਾਈ ਕਰਨ ਵਿਚ ਅਸਫਲ ਰਹਿਣ ਦੇ ਨਾਲ ਹੀ  ਦਾਹੀਆ ਨੂੰ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਦਾ ਅਹੁਦਾ ਦੇ ਕੇ ਨਿਵਾਜਿਆ ਗਿਆ।

ਐਸ.ਐਸ.ਪੀ ਧਰੁਵ ਦਾਹੀਆ ਖਿਲਾਫ ਕਾਰਵਾਈ ਕਰਨ ਡੀਜੀਪੀ : ਸ਼੍ਰੋਮਣੀ ਅਕਾਲੀ ਦਲ

ਸ੍ਰੀ ਮਜੀਠੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਡੀ ਜੀ ਪੀ ਨੇ ਦਾਹੀਆ ਦੇ ਚਹੇਤਾ ਹੋਣ ਵਾਂਗ ਵਤੀਰਾ ਰੱਖਿਆ ਹੋਵੇ। ਉਹਨਾਂ ਕਿਹਾ ਕਿ ਦਾਹੀਆ ਉਹੀ  ਅਫਸਰ ਹੈ ਜਿਸਨੇ ਫਾਦਰ ਐਂਟਨੀ ਦੀ ਰਿਹਾਇਸ਼ 'ਤੇ ਦਿਨ ਦਿਹਾੜੀ ਲੁੱਟ ਕੀਤੀ ਸੀ ਤੇ ਇਸਨੂੰ ਚੋਣ ਕਮਿਸ਼ਨਰ ਨੇ ਖੰਨਾ ਦੇ ਐਸ ਐਸ ਪੀ ਦੇ ਅਹੁਦੇ ਤੋਂ ਤਬਦੀਲ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਇਸਦੇ ਖਿਲਾਫ 6.65 ਕਰੋੜ ਰੁਪਏ ਦਾ ਹੇਰ ਫੇਰ ਕਰਨ ਦੇ ਵੀ ਦੋਸ਼ ਲੱਗੇ ਸਨ ਜਦੋਂ ਖੰਨਾ ਪੁਲਿਸ ਨੇ ਛਾਪਾ ਮਾਰਿਆ ਸੀ  ਤਾਂ ਖੰਨਾ ਪੁਲਿਸ  'ਤੇ ਲੋਕਾਂ ਨੂੰ ਨਜਾਇਜ਼ ਹਿਰਾਸਤ ਵਿਚ ਰੱਖਣ ਦੇ ਵੀ ਦੋਸ਼ ਲੱਗੇ ਸਨ ਤੇ ਇਹਨਾਂ ਨੂੰ ਵਿਭਾਗੀ ਜਾਂਚ ਵਿਚ ਦੋਸ਼ੀ ਠਹਿਰਾਇਆ ਗਿਆ ਸੀ।  ਉਹਨਾਂ ਕਿਹਾ ਕਿ  ਇਹ ਵੀ ਅਦਾਲਤ ਵਿਚ ਸਾਬਤ ਹੋ  ਗਿਆ ਸੀ ਕਿ ਦਾਹੀਆ ਨੇ ਝੂਠ ਬੋਲਿਆ ਸੀ ਕਿ ਪੈਸਾ ਤਲਾਸ਼ੀ ਅਪਰੇਸ਼ਨ 'ਨਾਕਾ' ਦੌਰਾਨ ਬਰਾਮਦ ਹੋਇਆ। ਉਹਨਾਂ ਦੱਸਿਆ ਕਿ ਦਾਹੀਆ ਦੀ ਨਿਗਰਾਨੀ ਹੇਠ ਨਜਾਇਜ਼ ਤੌਰ 'ਤੇ ਫੜੇ 16.66 ਕਰੋੜ ਰੁਪਏ ਵਿਚੋਂ 1.50 ਕਰੋੜ ਰੁਪਏ ਹਾਲੇ ਵੀ ਗਾਇਬ ਹਨ ਪਰ ਇਸਦੇ ਬਾਵਜੂਦ ਉਸਨੂੰ ਐਸ ਐਸ ਪੀ ਤਰਨਤਾਰਨ ਨਿਯੁਕਤ ਕਰ ਕੇ ਇਨਾਮ ਦਿੱਤਾ ਗਿਆ।

ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਖੰਨਾ, ਜਿਥੇ ਦਾਹੀਆ 'ਤੇ ਛਾਪੇ ਮਾਰਨ ਵਾਸਤੇ ਪੁਲਿਸ ਕੈਟਾਂ ਦੀ ਵਰਤੋਂ ਕਰਨ ਦੇ ਦੋਸ਼ ਲੱਗੇ ਸਨ, ਵਾਂਗ ਹੀ ਤਰਨਤਾਰਨ ਵਿਚ ਉੁਸਨੇ ਸ਼ਰਾਬ ਮਾਫੀਆ  ਨੂੰ ਖੁੱਲੀ ਛੁੱਟੀ ਦਿੱਤੀ ਹੋਈ ਸੀ। ਉਹਨਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਮਗਰੋਂ ਦਾਹੀਆ ਦੇ ਤਬਾਦਲੇ ਉਪਰੰਤ ਤਰਨਤਾਰਨ ਪੁਲਿਸ ਨੇ ਲੋਕਾਂ ਦੀਆਂ ਸ਼ਿਕਾਇਤਾਂ 'ਤੇ ਕਾਰਵਾਈ ਕੀਤੀ ਹੈ ਤੇ ਗੈਰ ਕਾਨੂੰਨੀ ਸ਼ਰਾਬ ਦੀ ਮੁਹਿੰਮ 'ਤੇ ਛਾਪੇਮਾਰੀ ਕਰਦਿਆਂ 31500 ਲੀਟਰ ਲਾਹਣ ਫੜੀ ਹੈ। ਉਹਨਾਂ ਕਿਹਾ ਕਿ ਜੇਕਰ ਦਾਹੀਆ ਨੇ ਪਹਿਲਾਂ ਹੀ ਸ਼ਿਕਾਇਤਾਂ 'ਤੇ ਕਾਰਵਾਈ ਕੀਤੀ ਹੁੰਦੀ ਤਾਂ ਫਿਰ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਟਾਲੀ ਜਾ ਸਕਦੀ ਸੀ। ਉਹਨਾਂ ਕਿਹਾ ਕਿ ਦਾਹੀਆ ਇਸ ਅਪਰਾਧ ਵਿਚ ਸਿੱਧੇ ਤੌਰ 'ਤੇ ਸ਼ਾਮਲ ਹੈ ਤੇ ਉਸਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਫਿਰ ਅਸੀਂ ਡੀ ਜੀ ਪੀ ਦਿਨਕਰ ਗੁਪਤਾ ਦੇ ਖਿਲਾਫ ਮੁਹਿੰਮ ਸ਼ੁਰੂ ਕਰਾਂਗੇ ਕਿਉਂਕਿ ਉਹ ਇਕ ਵਿਵਾਦਗ੍ਰਸਤ ਪੁਲਿਸ ਅਫਸਰ ਦਾ ਬਚਾਅ ਕਰ ਰਹੇ ਹਨ।
-PTCNews

adv-img
adv-img