ਅਫ਼ਗਾਨਿਸਤਾਨ ’ਚ ਸਿੱਖ ਨੂੰ ਸੰਸਦ ਮੈਂਬਰ ਵਜੋਂ ਨੁਮਾਇੰਦਗੀ ਦਾ ਭਾਈ ਲੌਂਗੋਵਾਲ ਨੇ ਕੀਤਾ ਸਵਾਗਤ

Afghanistan in sikh Parliament Member Representation Bhai Longowal welcomed

ਅਫ਼ਗਾਨਿਸਤਾਨ ’ਚ ਸਿੱਖ ਨੂੰ ਸੰਸਦ ਮੈਂਬਰ ਵਜੋਂ ਨੁਮਾਇੰਦਗੀ ਦਾ ਭਾਈ ਲੌਂਗੋਵਾਲ ਨੇ ਕੀਤਾ ਸਵਾਗਤ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਫ਼ਗਾਨਿਸਤਾਨ ਵਿਚ ਸੰਸਦ ਮੈਂਬਰ ਲਈ ਸਿੱਖ ਨੇਤਾ ਅਵਤਾਰ ਸਿੰਘ ਖ਼ਾਲਸਾ ਨੂੰ ਪ੍ਰਤੀਨਿਧਤਾ ਮਿਲਣ ਦਾ ਸਵਾਗਤ ਕੀਤਾ ਹੈ।

ਭਾਈ ਲੌਂਗੋਵਾਲ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਘੱਟ ਗਿਣਤੀਆਂ ਦੀ ਨੁਮਾਇੰਦਗੀ ਲਈ ਖ਼ਾਲਸਾ ਦਾ ਨਾਂ ਅੱਗੇ ਆਉਣਾ ਸਿੱਖ ਭਾਈਚਾਰੇ ਲਈ ਖ਼ੁਸ਼ੀ ਦੀ ਖ਼ਬਰ ਹੈ।ਉਨ੍ਹਾਂ ਕਿਹਾ ਕਿ ਬੀਤੇ ਸਮੇਂ ਅੰਦਰ ਅਫ਼ਗਾਨਿਸਤਾਨ ਵਿਚ ਸਿੱਖਾਂ ਨੂੰ ਕਈ ਮੁਸ਼ਕਲਾਂ ਦਰਪੇਸ਼ ਰਹੀਆਂ ਹਨ, ਜਿਸ ਕਾਰਨ ਉਥੇ ਸਿੱਖਾਂ ਦੀ ਗਿਣਤੀ ਲਗਾਤਾਰ ਗਿਰਾਵਟ ਵੱਲ ਵਧਦੀ ਰਹੀ।ਇਸੇ ਕਾਰਨ ਹੀ ਅੱਜ ਅਫ਼ਗਾਨਿਸਤਾਨ ਵਿਚ ਸਿੱਖਾਂ ਦੀ ਗਿਣਤੀ ਬੇਹੱਦ ਘੱਟ ਚੁੱਕੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਵਤਾਰ ਸਿੰਘ ਖ਼ਾਲਸਾ ਵੱਲੋਂ ਘੱਟ ਗਿਣਤੀਆਂ ਦੀ ਅਫ਼ਗਾਨਿਸਤਾਨ ਅੰਦਰ ਸਰਕਾਰ ਵਿਚ ਅਗਵਾਈ ਨਾਲ ਸਿੱਖਾਂ ਦੇ ਮਸਲੇ ਹੱਲ ਹੋਣਗੇ।ਉਨ੍ਹਾਂ ਕਿਹਾ ਕਿ ਖ਼ਾਲਸਾ ਸੰਸਦ ਅੰਦਰ ਰਹਿ ਕੇ ਸਿੱਖ ਮਸਲਿਆਂ ਨੂੰ ਉਭਾਰਨਗੇ ਤਾਂ ਯਕੀਨਨ ਹੀ ਉਨ੍ਹਾਂ ਦਾ ਹੱਲ ਵੀ ਨਿਕਲੇਗਾ।ਉਨ੍ਹਾਂ ਕਿਹਾ ਕਿ ਸਿੱਖ ਦੁਨੀਆਂ ਭਰ ਵਿਚ ਵੱਸਦੇ ਹਨ ਅਤੇ ਆਪਣੀ ਮਿਹਨਤ ਅਤੇ ਸੱਭਿਆਚਾਰਕ ਅਮੀਰੀ ਕਾਰਨ ਇਨ੍ਹਾਂ ਦੀ ਵਿਲੱਖਣ ਪਛਾਣ ਹੈ।ਭਾਈ ਲੌਂਗੋਵਾਲ ਨੇ ਖ਼ਾਲਸਾ ਨੂੰ ਉਨ੍ਹਾਂ ਦੀ ਪ੍ਰਾਪਤੀ ’ਤੇ ਵਧਾਈ ਵੀ ਦਿੱਤੀ।
-PTCNews