ਇੱਕ ਪਾਸੇ ਕੋਰੋਨਾ ਦੀ ਮਾਰ, ਉਤੋਂ ਕਿਸਾਨ ਦੀ ਪੁੱਤਾਂ ਵਾਂਗੂ ਪਾਲੀ ਕਣਕ 'ਤੇ ਮੀਂਹ ਦੀ ਮਾਰ

By Shanker Badra - April 20, 2020 5:04 pm

ਇੱਕ ਪਾਸੇ ਕੋਰੋਨਾ ਦੀ ਮਾਰ, ਉਤੋਂ ਕਿਸਾਨ ਦੀ ਪੁੱਤਾਂ ਵਾਂਗੂ ਪਾਲੀ ਕਣਕ 'ਤੇ ਮੀਂਹ ਦੀ ਮਾਰ:ਚੰਡੀਗੜ੍ਹ : ਕੋਰੋਨਾ ਵਾਇਰਸ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ। ਇੱਕ ਪਾਸੇ ਪੂਰੀ ਦੁਨੀਆਂ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਸਿਖ਼ਰ 'ਤੇ ਹੈ ਅਤੇ ਦੂਜੇ ਪਾਸੇ ਕਣਕ ਦੀ ਪੱਕੀ ਫ਼ਸਲ 'ਤੇ ਬੇਮੌਸਮੀ ਬਰਸਾਤ ਨੇ ਕਿਸਾਨਾਂ 'ਤੇ ਕਹਿਰ ਢਾਅ ਦਿੱਤਾ ਹੈ। ਅੱਜ ਪੰਜਾਬ ਦੇ ਕਈ ਹਿੱਸਿਆਂ ‘ਚ ਤੇਜ਼ ਮੀਂਹ ਪੈ ਰਿਹਾ ਹੈ ਤੇ ਕਿਤੇ -ਕਿਤੇ ਗੜੇਮਾਰੀ ਦੀ ਵੀ ਸੰਭਾਵਨਾ ਹੈ।

ਦਰਅਸਲ 'ਚ ਦੋ ਦਿਨ ਪਹਿਲਾਂ ਹੋਈ ਬਾਰਸ਼ ਤੋਂ ਬਾਅਦ ਧੁੱਪਾਂ ਪੈਣ ਨਾਲ ਕਿਸਾਨ ਤੇਜ਼ੀ ਨਾਲ ਕਣਕ ਦੀ ਵਾਢੀ ਕਰ ਰਹੇ ਸਨ ਅਤੇ ਕੁੱਝ ਕਿਸਾਨ ਆਪਣੀ ਫ਼ਸਲ ਵੇਚਣ ਦੇ ਲਈ ਮੰਡੀਆਂ ਵਿੱਚ ਬੈਠੇ ਸਨ ਪਰ ਅੱਜ ਦੁਪਹਿਰ ਬਾਅਦ ਆਏ ਮੀਂਹ ਨੂੰ ਦੇਖ ਕੇ ਵਾਢੀ ਕਰ ਰਹੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇਸ ਮੀਂਹ ਕਾਰਨ ਇੱਕ ਵਾਰ ਫਿਰ ਕਣਕ ਦੀ ਵਾਢੀ ਦਾ ਕੰਮ ਰੁਕ ਗਿਆ ਅਤੇ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ।

ਇਸ ਦੌਰਾਨ ਹੁਣ ਬੇਮੌਸਮੀ ਬਾਰਸ਼ ਕਾਰਨ ਕਣਕ ਦੀਆਂ ਢੇਰੀਆਂ 'ਚ ਨਮੀ ਹੋਰ ਵੱਧ ਰਹੀ ਹੈ, ਜਿਸ ਕਾਰਨ ਮੰਡੀਆਂ 'ਚ ਕਿਸਾਨਾਂ ਨੂੰ ਹੁਣ ਕੁਝ ਹੋਰ ਦਿਨ ਫਸਲ ਸੁਕਾਉਣ ਲਈ ਲੱਗ ਸਕਦੇ ਹਨ। ਉੱਥੇ ਹੀ ਆੜ੍ਹਤੀਆਂ ਤੋਂ ਮਿਲੇ ਪਾਸ ਅਨੁਸਾਰ ਅਨਾਜ ਮੰਡੀਆਂ 'ਚ ਕਣਕ ਦੀਆਂ ਢੇਰੀਆਂ ਲਗਵਾ ਕੇ ਬੈਠੇ ਕਿਸਾਨਾਂ ਨੂੰ ਵੀ ਦੋਹਰੀ ਮਾਰ ਪੈ ਰਹੀ ਹੈ ਅਤੇ ਪਾਸ ਦੀ ਮਿਆਦ ਵਧਾਉਣ ਲਈ ਜੱਦੋਜਹਿਦ ਕਰਨੀ ਪਵੇਗੀ।

ਓਧਰ ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਅੱਜ ਬਾਰਸ਼ ਦਾ ਮੌਸਮ ਹੈ ਅਤੇ 21- 22 ਨੂੰ ਮੌਸਮ ਸਾਫ਼ ਰਹੇਗਾ। ਜਿਸ ਤੋਂ ਬਾਅਦ ਅਗਲੇ ਦੋ ਦਿਨ 23-24 ਨੂੰ ਫ਼ਿਰਤੇਜ਼ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ 23-24 ਮਗਰੋਂ ਸਾਫ਼ ਰਹਿਣ ਦੀ ਅਤੇ ਵਿੱਚ -ਵਿੱਚ ਮੌਸਮ ਖ਼ਰਾਬ ਹੋਣ ਦੀ ਭਵਿੱਖਬਾਣੀ ਕੀਤੀ ਹੈ।
-PTCNews

adv-img
adv-img