ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅਜਨਾਲਾ ਸਬਜ਼ੀ ਮੰਡੀ ਆੜ੍ਹਤੀਆਂ ਨੇ ਲਿਆ ਅਹਿਮ ਫ਼ੈਸਲਾ

https://www.ptcnews.tv/wp-content/uploads/2020/04/WhatsApp-Image-2020-04-02-at-2.28.29-PM.jpeg

 

ਜਿਵੇਂ ਜਿਵੇਂ ਦੇਸ਼ ‘ਚ ਕੋਰੋਨਾ ਵਾਇਰਸ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ, ਸੂਬੇ ਦੀਆਂ ਸਰਕਾਰਾਂ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ‘ਚ ਜੁਟੀਆਂ ਹੋਈਆਂ ਹਨ। ਪ੍ਰਸ਼ਾਸ਼ਨ ਵਲੋਂ ਵੀ ਜਨਤਾ ਦੇ ਹਿਤ ਨੂੰ ਧਿਆਨ ‘ਚ ਰੱਖਦੇ ਹੋਏ ਅਹਿਮ ਫ਼ੈਸਲੇ ਲਏ ਜਾ ਰਹੇ ਹਨ । ਪੰਜਾਬ ‘ਚ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਵੇਖਦੇ ਹੋਏ ਲਏ ਗਏ ਫੈਸਲਿਆਂ ਦਾ ਸਮਰਥਨ ਕਰਦੇ ਹੋਏ ਅੱਜ ਅਜਨਾਲਾ ਸਬਜ਼ੀ ਮੰਡੀ ਦੇ ਆੜ੍ਹਤੀਆਂ ਵੱਲੋਂ ਆਉਣ ਵਾਲੇ ਤਿੰਨ ਦਿਨਾਂ ਲਈ ਸਬਜ਼ੀ ਮੰਡੀ ਨੂੰ ਬੰਦ ਰੱਖਣ ਦਾ ਇੱਕ ਅਹਿਮ ਅਤੇ ਪੁਖਤਾ ਐਲਾਨ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਅਜਨਾਲਾ ਮੰਡੀ ‘ਚ ਵੱਧਦੀ ਭੀੜ ਅਤੇ ਸੋਸ਼ਲ ਡਿਸਟੈਂਸ ਨੂੰ ਨਜ਼ਰਅੰਦਾਜ਼ ਕਰ ਰਹੇ ਲੋਕਾਂ ਦੀ ਲਾਪਰਵਾਹੀ ਦੇ ਚਲਦੇ ਇਸ ਬਿਮਾਰੀ ਦੇ ਹੋਰ ਫੈਲਣ ਦੇ ਖਦਸ਼ੇ ਹੇਤੂ ਇਹ ਫ਼ੈਸਲਾ ਲਿਆ ਗਿਆ ਹੈ।

ਜਿਵੇਂ ਕਿ ਅਸੀਂ ਸਭ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ਼ ਹਾਂ ਕਿ ਅਜੇ ਤੱਕ ਇਸ ਵਾਇਰਸ ਤੋਂ ਬਚਾਅ ਲਈ ਅਜੇ ਕੋਈ ਦਵਾਈ ਨਹੀਂ ਬਣੀ ਹੈ ਅਤੇ ਸੋਸ਼ਲ ਡਿਸਟੈਂਸ ਭਾਵ ਇਕ ਦੂਜੇ ਤੋਂ ਦੂਰੀ ਬਣਾਏ ਰੱਖਣਾ ਹੀ ਇਸ ਵਾਇਰਸ ਤੋਂ ਬਚਾਅ ਦਾ ਇੱਕ ਮਾਤਰ ਜ਼ਰੀਆ ਹੈ , ਇਸ ਦੌਰਾਨ ਸੂਬੇ ‘ਚ ਕੋਰੋਨਾ ਕੇਸਾਂ ‘ਚ ਹੋ ਰਹੇ ਵਾਧੇ ਨੂੰ ਵੇਖਦੇ ਹੋਏ ਸਬਜ਼ੀ ਮੰਡੀ ਦੇ ਆੜ੍ਹਤੀਆਂ ਵਲੋਂ ਇਹ ਫੈਸਲਾ ਲੈਣਾ ਇੱਕ ਸੁਲਝਿਆ ਕਦਮ ਹੈ ।

ਜਿੱਥੇ ਅਜਨਾਲਾ ਸਬਜ਼ੀ ਮੰਡੀ ਦੇ ਆੜ੍ਹਤੀਆਂ ਵੱਲੋਂ ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਮੱਦੇਨਜ਼ਰ ਅਜਨਾਲਾ ਦੀ ਸਬਜ਼ੀ ਮੰਡੀ ਤਿੰਨ ਦਿਨਾਂ ਲਈ ਬੰਦ ਕੀਤੀ ਜਾ ਰਹੀ ਹੈ ਉੱਥੇ ਅਜਿਹੇ ਸਮੇਂ ‘ਚ ਜਨਤਾ ਨੂੰ ਵੀ ਆਪਣੀ ਸਿਹਤ ਸੁਰੱਖਿਆ ਸੰਬੰਧੀ ਗੰਭੀਰਤਾ ਦਿਖਾਉਂਦੇ ਹੋਏ ਸੋਸ਼ਲ ਡਿਸਟੈਂਸ ਬਣਾਏ ਰੱਖਣ ਦੀ ਲੋੜ ਹੈ । ਸਮੇਂ-ਸਮੇਂ ‘ਤੇ ਹੱਥ ਧੋਂਦੇ ਰਹਿਣਾ ਅਤੇ ਘਰ ‘ਚ ਟਿਕੇ ਰਹਿਣ ਨਾਲ ਅਸੀਂ ਆਪਣਾ ਅਤੇ ਇੱਕ-ਦੂਸਰੇ ਦਾ ਬਚਾਅ ਕਰ ਸਕਦੇ ਹਾਂ ।