ਮੁੱਖ ਖਬਰਾਂ

ਅਮਰਿੰਦਰ ਰਾਜਾ ਵੜਿੰਗ ਨੇ ਈਡੀ ਨੂੰ ਦਿੱਤਾ ਨਵਾਂ ਨਾਮ, ਕਿਹਾ 'ਈਡੀ ਮੋਦੀ ਜੀ ਦੀ ਇਲੈਕਸ਼ਨ ਮੈਨਜਮੈਂਟ ਕੰਪਨੀ'

By Jasmeet Singh -- June 13, 2022 3:58 pm -- Updated:June 13, 2022 4:00 pm

ਜਲੰਧਰ, 13 ਜੂਨ: ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਟ੍ਰਾੰਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਕਮੇਟੀ ਵੱਲੋਂ ਜਲੰਧਰ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਕੌਮੀ ਪੱਧਰ 'ਤੇ ਈਡੀ ਦਫਤਰਾਂ ਦੇ ਬਾਹਰ ਉਸ ਖਿੱਤੇ ਦੇ ਕਾਂਗਰਸ ਵਰਕਰਾਂ ਵੱਲੋਂ ਇਹ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਨ੍ਹਾਂ ਰੋਸ ਮੁਜ਼ਾਹਰਿਆਂ ਦੀ ਅਸਲ ਵਜ੍ਹਾ ਦਿੱਲੀ 'ਚ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਕੇਸ 'ਚ ਈਡੀ ਵੱਲੋਂ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਰਾਹੁਲ ਗਾਂਧੀ ਨੂੰ ਤਲਬ ਕਰਨਾ ਹੈ।

ਇਹ ਵੀ ਪੜ੍ਹੋ: ਦੇਸ਼ ਦੇ ਕਈ ਸੂਬਿਆਂ 'ਚ ਮੀਂਹ ਦੀ ਚਿਤਾਵਨੀ, ਪੰਜਾਬ 'ਚ ਵੀ ਰਾਹਤ ਦੀ ਪੇਸ਼ੀਨਗੋਈ

ਜਲੰਧਰ ਵਿੱਖੇ ਵੀ ਕਾਂਗਰਸ ਵਰਕਰਾਂ ਵੱਲੋਂ ਸਵੇਰ ਤੋਂ ਹੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਪ੍ਰੈਸ ਵਾਰਤਾ ਕਰਦਿਆਂ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਸੱਤਾਧਾਰੀ ਭਾਜਪਾ 'ਤੇ ਕਈ ਵੱਡੇ ਇਲਜ਼ਾਮ ਲਾਏ। ਉਨ੍ਹਾਂ ਕਿਹਾ, "ਜਿਸ ਤਰਾਂ ਦੇਸ਼ ਦੀਆਂ ਏਜੇਂਸੀਆਂ ਜਿਨ੍ਹਾਂ 'ਚ ਈਡੀ ਨੂੰ ਅਸੀਂ ਨਾਮ ਦਿੱਤਾ ਇਲੈਕਸ਼ਨ ਮੈਨੇਜਮੈਂਟ ਕੰਪਨੀ ਮੋਦੀ ਜੀ ਦੀ ਹੈ, ਉਨ੍ਹਾਂ ਨੇ ਅੱਜ ਮੋਦੀ ਜੀ ਦੇ ਕਹਿਣ 'ਤੇ ਭਾਜਪਾ ਸਰਕਾਰ ਦੇ ਕਹਿਣ 'ਤੇ ਰਾਹੁਲ ਗਾਂਧੀ ਜੀ ਨੂੰ ਨੈਸ਼ਨਲ ਹੈਰਲਡ ਦੇ ਮਾਮਲੇ ਵਿਚ ਤਲਬ ਕੀਤਾ ਹੈ। ਮਗਰਲੇ 8 ਸਾਲਾਂ ਤੋਂ ਲਗਾਤਾਰ ਭਾਜਪਾ ਸਰਕਾਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਦਬਾਉਣਾ ਚਾਹੁੰਦੀ ਹੈ। ਕਦੇ ਉਨ੍ਹਾਂ ਤੋਂ ਸਕਿਉਰਿਟੀ ਵਾਪਿਸ ਲੈਕੇ, ਐੱਸਪੀਜੀ ਜਿਹੜੀ ਸੀ ਉਹ ਵਾਪਿਸ ਲਈ ਗਈ, ਫਿਰ ਵਾਰ ਵਾਰ ਕਦੇ ਈਡੀ ਦਾ ਹਵਾਲਾ ਕਦੇ ਸੀਬੀਆਈ ਦਾ ਹਵਾਲਾ ਦੇ ਕੇ ਉਸ ਪਰਿਵਾਰ ਨੂੰ ਡਰਾਉਣਾ ਚਾਹੁੰਦੀ ਹੈ ਉਸ ਸੋਚ ਨੂੰ ਡਰਾਉਣਾ ਚਾਹੁੰਦੀ ਹੈ, ਜਿਹੜੀ ਸੋਚ ਆਰਐੱਸਐੱਸ ਦੀ ਵਿਚਾਰ ਧਾਰਾ ਨੂੰ ਦੇਸ਼ ਦੇ ਵਿਚ ਲਾਗੂ ਨਹੀਂ ਹੋਣ ਦਿੰਦੀ।"

ਕੰਗਰਸ ਸੂਬਾ ਪ੍ਰਧਾਨ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਾਰਟੀ ਦੇ ਆਗੂ ਰਾਹੁਲ ਗਾਂਧੀ ਦੇ ਨਾਲ ਈਡੀ ਦੇ ਦਫਤਰ ਜਾਣਾ ਚਾਹੁੰਦੇ ਸਨ ਪਰ ਭਾਜਪਾ ਸਰਕਾਰ ਨੇ ਦੇਸ਼ ਦੀ ਰਾਜਧਾਨੀ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਅਤੇ ਪਾਰਟੀ ਦੇ ਵੱਖ ਵੱਖ ਸੀਨੀਅਰ ਆਗੂਆਂ ਦੇ ਘਰੇ ਛਾਪੇਮਾਰੀ ਕੀਤੀ ਗਈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਜੋ ਉਹ ਰਾਹੁਲ ਗਾਂਧੀ ਦਾ ਸਮਰਥਨ ਨਾ ਕਰ ਸਕਣ।

ਉਨ੍ਹਾਂ ਭਾਜਪਾ ਨੂੰ ਅੰਗਰੇਜ਼ੀ ਹਕੂਮਤ ਤੋਂ ਵੀ ਮਾੜਾ ਦਸਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੀ ਸੱਤਾ ਵਿਚ ਰਹੀ ਹੈ ਪਰ ਉਨ੍ਹਾਂ ਕਦੇ ਇੰਝ ਨਹੀਂ ਕੀਤਾ, ਉਨ੍ਹਾਂ ਆਪਣੀ ਗੱਲ ਨੂੰ ਹੋਰ ਸਮਰਥਨ ਦਿੰਦਿਆਂ ਕਿਹਾ ਕਿ ਅੱਜ ਭਾਜਪਾ ਰਾਹੁਲ ਗਾਂਧੀ ਨਾਲ ਅਤੇ ਸੀਨੀਅਰ ਕਾਂਗਰਸ ਆਗੂਆਂ ਨਾਲ ਜੋ ਕੀਤਾ ਗਿਆ ਉਹ ਲੋਕਤੰਤਰ ਦਾ ਘਾਣ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨਾਂ ਨੂੰ ਅਪੀਲ, ਕਿਹਾ-ਪਾਣੀ ਦੀ ਵਰਤੋਂ ਲੋੜ ਅਨੁਸਾਰ ਕਰੋ

ਇਸ ਦਰਮਿਆਨ ਕੇਂਦਰੀ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਏ ਰਾਹੁਲ ਗਾਂਧੀ ਦੇ ਨਾਲ ਇਕਜੁੱਟਤਾ ਵਜੋਂ ਮਾਰਚ ਕੱਢਣ ਲਈ ਕਾਂਗਰਸ 'ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਕਾਂਗਰਸੀ ਨੇਤਾ ਇਕ ਜਾਂਚ ਏਜੰਸੀ 'ਤੇ ਖੁੱਲ੍ਹੇਆਮ ਦਬਾਅ ਬਣਾਉਣ ਲਈ ਸੜਕਾਂ 'ਤੇ ਉਤਰ ਆਏ ਹਨ ਕਿਉਂਕਿ ਉਨ੍ਹਾਂ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਇਆ ਹੈ।

-PTC News

  • Share